
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਵੀ ਰਹਿ ਚੁੱਕੇ ਹਨ ਪਾਟਿਲ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸ਼ਿਵਰਾਜ ਪਾਟਿਲ ਦਾ ਅੱਜ ਸ਼ੁੱਕਰਵਾਰ ਸਵੇਰੇ ਮਹਾਰਾਸ਼ਟਰ ਦੇ ਪਿੱਤਰੀ ਕਸਬੇ ਲਾਤੂਰ ਵਿਚ ਦਿਹਾਂਤ ਹੋ ਗਿਆ। ਧਿਆਨ ਰਹੇ ਕਿ ਸ਼ਿਵਰਾਜ ਪਾਟਿਲ ਪੰਜਾਬ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਸ਼ਿਵਰਾਜ ਪਾਟਿਲ ਦੀ ਉਮਰ 90 ਸਾਲ ਸੀ ਅਤੇ ਉਹ ਕੁਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਹ ਲੋਕ ਸਭਾ ਦੇ ਸਪੀਕਰ ਵੀ ਰਹੇ ਹਨ ਅਤੇ ਉਨ੍ਹਾਂ ਕੋਲ ਕੇਂਦਰੀ ਕੈਬਨਿਟ ਵਿਚ ਕਈ ਅਹਿਮ ਮੰਤਰਾਲੇ ਵੀ ਰਹੇ। ਪਾਟਿਲ ਲਾਤੂਰ ਲੋਕ ਸਭਾ ਹਲਕੇ ਤੋਂ 7 ਵਾਰ ਜੇਤੂ ਰਹੇ ਹਨ ਅਤੇ ਉਹ 2010 ਤੋਂ 2015 ਤੱਕ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦੇ ਅਹੁਦੇ ’ਤੇ ਵੀ ਰਹੇ ਹਨ। ਸ਼ਿਵਰਾਜ ਪਾਟਿਲ ਦੇ ਦਿਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।

