8 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਲਾਭ
ਬੇਲਗਾਵੀ (ਕਰਨਾਟਕ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ.ਐਮ.-ਕਿਸਾਨ) ਯੋਜਨਾ ਤਹਿਤ ਅੱਠ ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਸਿੱਧੇ ਲਾਭ ਟਰਾਂਸਫਰ ਰਾਹੀਂ 16,000 ਕਰੋੜ ਰੁਪਏ ਤੋਂ ਵੱਧ ਦੀ 13ਵੀਂ ਕਿਸ਼ਤ ਜਾਰੀ ਕਰ ਦਿੱਤੀ। ਦੱਸਣਯੋਗ ਹੈ ਕਿ ਇਸ ਯੋਜਨਾ ਤਹਿਤ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ‘ਚ 6,000 ਰੁਪਏ ਦਿੱਤੇ ਜਾਂਦੇ ਹਨ। ਦੱਸਣਯੋਗ ਹੈ ਕਿ ਹੁਣ ਤੱਕ 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 2.25 ਲੱਖ ਕਰੋੜ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ, ਜਿਨ੍ਹਾਂ ‘ਚ ਮੁੱਖ ਤੌਰ ‘ਤੇ ਛੋਟੇ ਤੇ ਦਰਮਿਆਨੇ ਕਿਸਾਨ ਹਨ। ਇਸ ਮੌਕੇ ਮੋਦੀ ਨੇ ਬੇਲਗਾਵੀ ‘ਚ ਰੋਡ ਸ਼ੋਅ ਵੀ ਕੱਢਿਆ ਅਤੇ ਉਪਰੰਤ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਮਲਿਕਅਰਜੁਨ ਖੜਗੇ ਦਾ ਨਾਂਅ ਲੈਂਦਿਆਂ ਕਾਂਗਰਸ ‘ਤੇ ਖੂਬ ਨਿਸ਼ਾਨੇ ਸਾਧੇ।
ਮੋਦੀ ਨੇ ਕਿਹਾ ਕਿ ਕਾਂਗਰਸ ‘ਚ ਇਕ ਖਾਸ ਪਰਿਵਾਰ ਦੇ ਅੱਗੇ ਕਰਨਾਟਕ ਦੇ ਇਕ ਨੇਤਾ ਦਾ ਅਪਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਸਦਾ 50 ਸਾਲ ਦਾ ਸੰਸਦੀ ਕਾਰਜਕਾਲ ਰਿਹਾ ਹੈ। ਅਜਿਹੇ ਖੜਗੇ ਦਾ ਮੈਂ ਬਹੁਤ ਸਨਮਾਨ ਕਰਾਂਗਾ ਪਰ ਮੈਂ ਦੇਖਕੇ ਬਹੁਤ ਦੁਖੀ ਹੋਇਆ ਕਿ ਕਾਂਗਰਸ ਦੇ ਰਾਏਪੁਰ ਵਿਚਲੇ ਇਜਲਾਸ ‘ਚ ਖੜਗੇ ਦਾ ਅਪਮਾਨ ਹੋਇਆ। ਸਾਰੇ ਧੁੱਪ ‘ਚ ਖੜ੍ਹੇ ਸੀ ਪਰ ਛੱਤਰੀ ਖੜਗੇ ‘ਤੇ ਨਹੀਂ ਬਲਕਿ ਕਿਸੇ ਹੋਰ ਉਪਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਖੜਗੇ ਕਾਂਗਰਸ ਪ੍ਰਧਾਨ ਹੈ, ਪਰ ਕਾਂਗਰਸ ‘ਚ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਵਰਤਾਅ ਹੁੰਦਾ ਹੈ, ਉਸ ਨੂੰ ਵੇਖ ਕੇ ਪੂਰੀ ਦੁਨੀਆ ਸਮਝ ਰਹੀ ਹੈ ਕਿ ਰਿਮੋਟ ਕੰਟਰੋਲ ਕਿਸਦੇ ਹੱਥ ‘ਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰਵਾਦ ਦੇ ਇਸੇ ਸ਼ਿਕੰਜੇ ‘ਚ ਦੇਸ਼ ਦੀਆਂ ਕਈ ਪਾਰਟੀਆਂ ਜਕੜੀਆਂ ਹੋਈਆਂ ਹਨ। ਅਸੀਂ ਦੇਸ਼ ਨੂੰ ਇਸ ਚੁੰਗਲ ਤੋਂ ਮੁਕਤ ਕਰਵਾਉਣਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਲੋਕ ਏਨੇ ਨਿਰਾਸ਼ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਮੋਦੀ ਜ਼ਿੰਦਾ ਹੈ, ਉਹ ਕੁਝ ਨਹੀਂ ਕਰ ਸਕਦੇ। ਇਸ ਲਈ ਉਹ ਕਹਿ ਰਹੇ ਹਨ ਅਤੇ ਨਾਅਰੇ ਲਗਾਉਂਦੇ ਹਨ ਕਿ ‘ਮਰਜਾ ਮੋਦੀ, ਮਰਜਾ ਮੋਦੀ’ ਅਤੇ ਕੋਈ ਕਹਿ ਰਿਹਾ ਹੈ ‘ਮੋਦੀ ਤੇਰੀ ਕਬਰ ਖੁਦੇਗੀ’ ਪਰ ਦੇਸ਼ ਕਹਿ ਰਿਹਾ ਹੈ ਕਿ ‘ਮੋਦੀ ਤੇਰਾ ਕਮਲ ਖਿਲੇਗਾ’।