ਕਿਹਾ – ਸਮਾਨ ਵਿਚਾਰਧਾਰਾ ਵਾਲੀਆਂ ਸਿਆਸੀ ਪਾਰਟੀਆਂ ਨਾਲ ਕੰਮ ਕਰਨ ਲਈ ਤਿਆਰ ਹਾਂ
ਨਵੀਂ ਦਿੱਲੀ : ਕਾਂਗਰਸ ਨੇ ਰਾਜਸਥਾਨ, ਛੱਤੀਸਗੜ੍ਹ ਤੇ ਕਰਨਾਟਕ ਸਮੇਤ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ‘ਚ ਪਾਰਟੀ ਆਗੂਆਂ ਨੂੰ ਅਨੁਸ਼ਾਸਨ ਤੇ ਪੂਰੀ ਏਕਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ਲਈ ਦਿਸ਼ਾ ਯਕੀਨੀ ਬਣਾਈ ਜਾ ਸਕੇ। ਛੱਤੀਸਗੜ੍ਹ ਵਿਚ ਪਾਰਟੀ ਦੇ 85ਵੇਂ ਇਜਲਾਸ ‘ਚ ਅਪਣਾਏ ਗਏ ਆਪਣੇ ਪੰਜ-ਨੁਕਾਤੀ ਰਾਏਪੁਰ ਐਲਾਨਨਾਮੇ ‘ਚ ਕਾਂਗਰਸ ਨੇ ਐਲਾਨ ਕੀਤਾ ਕਿ ਉਹ ਸੰਵਿਧਾਨ ਦੀ ਸੁਰੱਖਿਆ, ਬਚਾਅ ਤੇ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਸਾਂਝੇ ਤੇ ਉਸਾਰੂ ਪ੍ਰੋਗਰਾਮ ਦੇ ਆਧਾਰ ‘ਤੇ ਸਮਾਨ ਸੋਚ ਵਾਲੀਆਂ ਸਿਆਸੀ ਪਾਰਟੀਆਂ ਨਾਲ ਕੰਮ ਕਰਨ ਲਈ ਤਿਆਰ ਹੈ। ਐਲਾਨਨਾਮੇ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲ ‘ਚ ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ, ਰਾਜਸਥਾਨ ਤੇ ਤੇਲੰਗਾਨਾ ‘ਚ ਚੋਣਾਂ ਹੋਣਗੀਆਂ। ਪਾਰਟੀ ਵਰਕਰਾਂ ਤੇ ਨੇਤਾਵਾਂ ਨੂੰ ਸਾਡੀ ਜਿੱਤ ਯਕੀਨੀ ਬਣਾਉਣ ਲਈ ਅਨੁਸ਼ਾਸਨ, ਏਕਤਾ ਤੇ ਪੂਰੀ ਏਕਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਸਭ ਤੋਂ ਮਹੱਤਵਪੂਰਨ 2024 ਦੀਆਂ ਲੋਕ ਸਭਾ ਚੋਣਾਂ ਲਈ ਦਿਸ਼ਾ ਤੈਅ ਕਰਨਗੇ। ਪਾਰਟੀ ਨੇ ਆਪਣੇ ਐਲਾਨਨਾਮਾ ਪੱਤਰ ‘ਚ ਕਿਹਾ ਹੈ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਕਦੇ ਵੀ ਭਾਜਪਾ/ ਆਰ. ਐਸ.ਐਸ. ਤੇ ਇਸ ਦੀ ਘਿਣਾਉਣੀ ਰਾਜਨੀਤੀ ਨਾਲ ਸਮਝੌਤਾ ਨਹੀਂ ਕੀਤਾ। ਪਾਰਟੀ ਨੇ ਕਿਹਾ ਕਿ ਅਸੀਂ ਭਾਜਪਾ ਦੇ ਤਾਨਾਸ਼ਾਹੀ, ਫਿਰਕੂ ਤੇ ਲੰਗੂਟੀਏ ਪੂੰਜੀਵਾਦੀ ਹਮਲੇ ਵਿਰੁੱਧ ਆਪਣੀਆਂ ਸਿਆਸੀ ਕਦਰਾਂ-ਕੀਮਤਾਂ ਦੀ ਰੱਖਿਆ ਲਈ ਹਮੇਸ਼ਾ ਲੜਦੇ ਰਹਾਂਗੇ। ਅਸੀਂ ਸੰਵਿਧਾਨ ਦੀ ਰੱਖਿਆ ਤੇ ਸੁਰੱਖਿਆ ਲਈ ਸਾਂਝੇ, ਉਸਾਰੂ ਪ੍ਰੋਗਰਾਮ ਦੇ ਆਧਾਰ ‘ਤੇ ਸਮਾਨ ਵਿਚਾਰਧਾਰਾ ਵਾਲੀਆਂ ਸਿਆਸੀ ਪਾਰਟੀਆਂ ਨਾਲ ਕੰਮ ਕਰਨ ਲਈ ਤਿਆਰ ਹਾਂ।
ਸੱਚ ਸਾਹਮਣੇ ਆਉਣ ਤੱਕ ਅਡਾਨੀ ਬਾਰੇ ਸਵਾਲ ਪੁੱਛਦੇ ਰਹਾਂਗੇ : ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਦੋਂ ਤੱਕ ਸੱਚ ਸਾਹਮਣੇ ਨਹੀਂ ਆ ਜਾਂਦਾ ਪਾਰਟੀ ਗੌਤਮ ਅਡਾਨੀ ਬਾਰੇ ਸਵਾਲ ਪੁੱਛਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਨੂੰ ‘ਭਾਰਤ ਜੋੜੋ ਯਾਤਰਾ’ ਰਾਹੀਂ ਸ਼ੁਰੂ ਕੀਤੀ ਗਈ ‘ਤਪੱਸਿਆ’ ਨੂੰ ਅੱਗੇ ਵਧਾਉਣ ਲਈ ਇਕ ਨਵੀਂ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਤੇ ਉਹ ਪੂਰੇ ਦੇਸ਼ ਨਾਲ ਇਸ ‘ਚ ਹਿੱਸਾ ਲੈਣਗੇ, ਜੋ ਅਜਿਹੀ ਇਕ ਹੋਰ ਪਹਿਲਕਦਮੀ ਦਾ ਸੰਕੇਤ ਹੈ। ਕਾਂਗਰਸ ਦੇ ਸਾਲਾਨਾ ਇਜਲਾਸ ‘ਚ ਅਡਾਨੀ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੰਸਦ ‘ਚ ਪੁੱਛਿਆ ਕਿ ਪ੍ਰਧਾਨ ਮੰਤਰੀ ਦਾ ਅਡਾਨੀ ਨਾਲ ਕੀ ਸੰਬੰਧ ਹੈ ਤਾਂ ਸਾਡਾ ਸਾਰਾ ਭਾਸ਼ਨ ਹੀ ਖ਼ਤਮ ਕਰ ਦਿੱਤਾ ਗਿਆ। ਅਸੀਂ ਸੰਸਦ ‘ਚ ਹਜ਼ਾਰਾਂ ਵਾਰ ਪੁੱਛਾਂਗੇ ਜਦੋਂ ਤੱਕ ਅਡਾਨੀ ਦਾ ਸੱਚ ਸਾਹਮਣੇ ਨਹੀਂ ਆ ਜਾਂਦਾ, ਅਸੀਂ ਨਹੀਂ ਰੁਕਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਡਾਨੀ ਦੇ ਸਬੰਧਾਂ ‘ਤੇ ਸਵਾਲ ਪੁੱਛਦੀ ਰਹੇਗੀ। ਉਧਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀਆਂ ਉਮੀਦਾਂ ਹਨ, ਪਰ ਸਭ ਤੋਂ ਵੱਧ ਉਮੀਦਾਂ ਕਾਂਗਰਸ ਤੋਂ ਹਨ।