Breaking News
Home / ਭਾਰਤ / ਰਾਹੁਲ ਗਾਂਧੀ ਨੇ ‘ਚੌਕੀਦਾਰ ਚੋਰ ਹੈ’ ਟਿੱਪਣੀ ‘ਤੇ ਕੀਤਾ ਅਫਸੋਸ ਜ਼ਾਹਰ

ਰਾਹੁਲ ਗਾਂਧੀ ਨੇ ‘ਚੌਕੀਦਾਰ ਚੋਰ ਹੈ’ ਟਿੱਪਣੀ ‘ਤੇ ਕੀਤਾ ਅਫਸੋਸ ਜ਼ਾਹਰ

ਕਿਹਾ – ਗਰਮ ਚੁਣਾਵੀ ਮਾਹੌਲ ਦੌਰਾਨ ਅਜਿਹੇ ਸ਼ਬਦ ਉਨ੍ਹਾਂ ਮੂੰਹੋਂ ਨਿਕਲ ਗਏ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਵਿਚ ਆਪਣੀ ਰਾਫੇਲ ਮਾਮਲੇ ਬਾਰੇ ਕੀਤੀ ਟਿੱਪਣੀ ਉਤੇ ‘ਪਛਤਾਵਾ’ ਕਰਦਿਆਂ ਕਿਹਾ ਕਿ ‘ਚੋਣ ਪ੍ਰਚਾਰ ਦੀ ਗਰਮਾ-ਗਰਮੀ ਵਿਚ’ ਉਨ੍ਹਾਂ ਕੋਲੋਂ ਇਹ ਬਿਆਨ ਦੇ ਹੋ ਗਿਆ।
ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਹੁਲ ਦੀ ਟਿੱਪਣੀ ਵਿਚ ‘ਸਿਖ਼ਰਲੀ ਅਦਾਲਤ ਨੂੰ ਗਲਤ ਢੰਗ ਨਾਲ ਪੇਸ਼’ ਕੀਤਾ ਗਿਆ ਹੈ।
ਸਿਖ਼ਰਲੀ ਅਦਾਲਤ ਨੇ 15 ਅਪਰੈਲ ਨੂੰ ਕਿਹਾ ਸੀ ਕਿ ਰਾਫੇਲ ਮਾਮਲੇ ਵਿਚ ਅਦਾਲਤ ਵੱਲੋਂ ਸੁਣਾਏ ਗਏ ਕਿਸੇ ਵੀ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਅਜਿਹਾ ਕੁਝ ਨਹੀਂ ਬਿਆਨਿਆ ਜਿਸ ਦਾ ਇਹ ਮਤਲਬ ਕੱਢਿਆ ਜਾਵੇ ਕਿ ‘ਚੌਕੀਦਾਰ ਨਰਿੰਦਰ ਮੋਦੀ ਚੋਰ ਹੈ’, ਜਿਵੇਂ ਕਿ ਗਾਂਧੀ ਨੇ ਆਪਣੇ ਬਿਆਨ ਵਿਚ ਅਦਾਲਤ ਦਾ ਹਵਾਲਾ ਦਿੰਦਿਆਂ ਕਿਹਾ ਹੈ। ਅਦਾਲਤ ਨੇ ਰਾਹੁਲ ਗਾਂਧੀ ਨੂੰ 22 ਅਪਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਖ਼ਿਲਾਫ਼ ਅਦਾਲਤ ਦੀ ਤੌਹੀਨ ਕਰਨ ਦੀ ਪਟੀਸ਼ਨ ਦਾਖ਼ਲ ਕੀਤੀ ਸੀ। ਗਾਂਧੀ ਨੇ ਜਵਾਬੀ ਹਲਫ਼ਨਾਮੇ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬਿਆਨ ‘ਨਿਰੋਲ ਸਿਆਸੀ’ ਹੈ ਤੇ ਉਨ੍ਹਾਂ ਇਹ ਸੀਨੀਅਰ ਭਾਜਪਾ ਆਗੂਆਂ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ‘ਗੁਮਰਾਹਕੁਨ ਪ੍ਰਚਾਰ’ ਦਾ ਟਾਕਰਾ ਕਰਨ ਲਈ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ 14 ਦਸੰਬਰ ਦੇ ਅਦਾਲਤੀ ਫ਼ੈਸਲੇ ਨਾਲ ਮੋਦੀ ਸਰਕਾਰ ਨੂੰ ਰਾਫੇਲ ਮਾਮਲੇ ਉਤੇ ‘ਕਲੀਨ ਚਿੱਟ’ ਮਿਲ ਗਈ ਹੈ। ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਦੀ ਇਕ ਇੰਟਰਵਿਊ ਦਾ ਵੀ ਹਵਾਲਾ ਦਿੱਤਾ। ਰਾਹੁਲ ਨੇ ਕਿਹਾ ਕਿ ਬਿਆਨ ‘ਜਾਣਬੁੱਝ’ ਕੇ ਨਹੀਂ ਦਿੱਤਾ ਤੇ ਉਹ ਸੁਪਰੀਮ ਕੋਰਟ ਦਾ ਬੇਹੱਦ ਸਤਿਕਾਰ ਕਰਦੇ ਹਨ।
ਰਾਹੁਲ ਦਾ ਹਲਫ਼ਨਾਮਾ ‘ਅਦਾਲਤੀ ਤੌਹੀਨ’ ਨੂੰ ਦਰਸਾਉਂਦਾ ਹੈ: ਲੇਖੀ : ਰਾਹੁਲ ਗਾਂਧੀ ਖ਼ਿਲਾਫ਼ ਪਟੀਸ਼ਨ ਪਾਉਣ ਵਾਲੀ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਹਲਫ਼ਨਾਮਾ ‘ਪਛਤਾਵੇ’ ਤੇ ‘ਗਲਤ ਨੀਅਤ’ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰਾਹੁਲ ਦਾ ਹਲਫ਼ਨਾਮਾ ਦਰਸਾਉਂਦਾ ਹੈ ਕਿ ‘ਉਨ੍ਹਾਂ ਅਦਾਲਤ ਦੀ ਤੌਹੀਨ ਕੀਤੀ ਹੈ ਤੇ ਜੱਜਾਂ ਦੀ ਸਾਖ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ’।
ਚੋਣ ਕਮਿਸ਼ਨ ਨੇ ਸਿੱਧੂ ਦੇ ਚੋਣ ਪ੍ਰਚਾਰ ਕਰਨ ‘ਤੇ 72 ਘੰਟਿਆਂ ਤੱਕ ਲਗਾਈ ਰੋਕ
ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਉਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਪ੍ਰਚਾਰ ਕਰਨ ‘ਤੇ 72 ਘੰਟਿਆਂ ਦੀ ਪਾਬੰਦੀ ਲਗਾ ਦਿੱਤੀ ਹੈ। ਸਿੱਧੂ ਉਤੇ ਫਿਰਕੂ ਬਿਆਨ ਦੇਣ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਅਨੁਸਾਰ ਸਿੱਧੂ ਵੱਲੋਂ ਕਟਿਹਾਰ ਵਿਚ ਮੁਸਲਮਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਡੱਟ ਕੇ ਵੋਟਾਂ ਪਾਉਣ ਦੀ ਅਪੀਲ ‘ਤੇ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਸਿੱਧੂ ਖ਼ਿਲਾਫ਼ ਪਾਬੰਦੀ ਮੰਗਲਵਾਰ ਸਵੇਰੇ ਦਸ ਵਜੇ ਤੋਂ ਸ਼ੁਰੂ ਹੋਈ। ਸਿੱਧੂ ਨੇ 16 ਅਪਰੈਲ ਨੂੰ ਕਟਿਹਾਰ ਵਿੱਚ ਇਕ ਚੋਣ ਰੈਲੀ ਦੌਰਾਨ ਮੁਸਲਿਮ ਵੋਟਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵੋਟ ਪਾਉਣ ਦਾ ਸੱਦਾ ਦੇ ਕੇ ਵਿਵਾਦ ਵਿਚ ਘਿਰ ਗਏ ਸਨ। ਉਸ ਸਮੇਂ ਉਹ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਤਾਰਿਕ ਅਨਵਰ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਸਨ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …