Breaking News
Home / ਭਾਰਤ / ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਬੋਲੇ ਚੀਫ ਜਸਟਿਸ ਰੰਜਨ ਗੋਗੋਈ

ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਬੋਲੇ ਚੀਫ ਜਸਟਿਸ ਰੰਜਨ ਗੋਗੋਈ

ਨਿਆਂ ਪਾਲਿਕਾ ਦੀ ਅਜ਼ਾਦੀ ਨੂੰ ਖਤਰਾ
ਕਿਹਾ : ‘ਵੱਡੀ ਤਾਕਤ’ ਚੀਫ਼ ਜਸਟਿਸ ਦੇ ਕੰਮ ਵਿਚ ਪਾਉਣਾ ਚਾਹੁੰਦੀ ਹੈ ਵਿਘਨ
ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਮਗਰੋਂ ਉਨ੍ਹਾਂ ਸ਼ਨਿਚਰਵਾਰ ਨੂੰ ਇਸ ਮਾਮਲੇ ‘ਤੇ ਫੌਰੀ ਸੁਣਵਾਈ ਕੀਤੀ ਅਤੇ ਕਿਹਾ ਕਿ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਵੱਲੋਂ ਲਾਏ ਗਏ ਦੋਸ਼ ‘ਭਰੋਸੇ ਲਾਇਕ ਨਹੀਂ’ ਹਨ। ਉਨ੍ਹਾਂ ਕਿਹਾ ਕਿ ਕਿਸੇ ‘ਵੱਡੀ ਤਾਕਤ’ ਵੱਲੋਂ ਚੀਫ਼ ਜਸਟਿਸ ਨੂੰ ਕੰਮ ਕਰਨ ਤੋਂ ਰੋਕਣ ਦੀ ਇਹ ਸਾਜ਼ਿਸ਼ ਹੈ। ਚੀਫ਼ ਜਸਟਿਸ ਗੋਗੋਈ ਦੇ ਦਿੱਲੀ ਸਥਿਤ ਘਰ ਵਿਚ ਬਣੇ ਦਫ਼ਤਰ ‘ਚ ਪਿਛਲੇ ਸਾਲ ਅਕਤੂਬਰ ਵਿਚ ਕੰਮ ਕਰਦੀ ਰਹੀ ਮਹਿਲਾ ਮੁਲਾਜ਼ਮ ਵੱਲੋ ਦੋਸ਼ ਲਾਏ ਜਾਣ ਮਗਰੋਂ ਨਿਆਂਪਾਲਿਕਾ ਹੈਰਾਨ ਰਹਿ ਗਈ। ਚੀਫ਼ ਜਸਟਿਸ ਨੇ ਕਿਹਾ ਕਿ ਉਹ ਦੋਸ਼ਾਂ ਨੂੰ ਨਕਾਰਨ ਲਈ ਵੀ ਏਨਾ ਹੇਠਾਂ ਨਹੀਂ ਡਿੱਗਣਗੇ। ਮਹਿਲਾ ਵੱਲੋਂ ਦਾਖ਼ਲ ਹਲਫ਼ਨਾਮੇ ਦੇ ਆਧਾਰ ‘ਤੇ ਕੁਝ ਨਿਊਜ਼ ਪੋਰਟਲਾਂ ਨੇ ਦੋਸ਼ਾਂ ਨੂੰ ਨਸ਼ਰ ਕੀਤਾ ਜਿਸ ਮਗਰੋਂ ਕੋਰਟ ਨੰਬਰ ਇਕ ਵਿਚ ਕਾਹਲੀ ਨਾਲ ਅਦਾਲਤ ਲਗਾਈ ਗਈ ਜਿਸ ਦੀ ਪ੍ਰਧਾਨਗੀ ਚੀਫ਼ ਜਸਟਿਸ ਨੇ ਖੁਦ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ‘ਮੀਡੀਆ ਦੀ ਸਿਆਣਪ’ ਉਤੇ ਇਸ ਮਾਮਲੇ ਨੂੰ ਛੱਡਦੇ ਹਨ ਅਤੇ ਉਹ ਸੰਜਮ ਵਰਤਦਿਆਂ ਜ਼ਿੰਮੇਵਾਰੀ ਨਾਲ ਆਪਣਾ ਕਾਰਜ ਨਿਭਾਉਣ ਤਾਂ ਜੋ ਨਿਆਂਪਾਲਿਕਾ ਦੀ ਅਜ਼ਾਦੀ ‘ਤੇ ਅਸਰ ਨਾ ਪਏ। ਉਂਜ ਅਦਾਲਤ ਨੇ ਪਾਬੰਦੀ ਵਾਲਾ ਕੋਈ ਵੀ ਹੁਕਮ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਮਹਿਲਾ ਦੇ ਦੋਸ਼ਾਂ ਵਾਲਾ ਹਲਫ਼ਨਾਮਾ ਜਨਤਕ ਹੋਣ ਮਗਰੋਂ ਗੋਗੋਈ ਦੀ ਅਗਵਾਈ ਹੇਠ ਤਿੰਨ ਜੱਜਾਂ ਦਾ ਵਿਸ਼ੇਸ਼ ਬੈਂਚ ਸਥਾਪਤ ਕੀਤਾ ਗਿਆ। ਹਲਫ਼ਨਾਮੇ ਦੀਆਂ ਕਾਪੀਆਂ ਸੁਪਰੀਮ ਕੋਰਟ ਦੇ 22 ਜੱਜਾਂ ਦੀਆਂ ਰਿਹਾਇਸ਼ਾਂ ‘ਤੇ ਵੀ ਭੇਜੀਆਂ ਗਈਆਂ ਹਨ। ਆਪਣੇ ਹਲਫ਼ਨਾਮੇ ਵਿਚ ਮਹਿਲਾ ਨੇ ਗੋਗੋਈ ਦੇ ਪਿਛਲੇ ਸਾਲ ਅਕਤੂਬਰ ‘ਚ ਚੀਫ਼ ਜਸਟਿਸ ਬਣਨ ਮਗਰੋਂ ਦੋ ਕਥਿਤ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਮਹਿਲਾ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਗੋਗੋਈ ਦਾ ਵਿਰੋਧ ਕੀਤਾ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਅਤੇ ਇਕ ਹੋਰ ਰਿਸ਼ਤੇਦਾਰ, ਜੋ ਦੋਵੇਂ ਹੈੱਡ ਕਾਂਸਟੇਬਲ ਸਨ, ਨੂੰ 2012 ਦੇ ਅਪਰਾਧਿਕ ਕੇਸ ਲਈ ਮੁਅੱਤਲ ਕਰ ਦਿੱਤਾ ਗਿਆ ਜਿਸ ਦਾ ਆਪਸੀ ਸੁਲ੍ਹਾ ਨਾਲ ਨਿਪਟਾਰਾ ਹੋ ਗਿਆ ਸੀ। ਆਪਣੇ ਹਲਫ਼ਨਾਮੇ ਵਿਚ ਉਸ ਨੇ ਦੋਸ਼ ਲਾਇਆ ਕਿ ਗੋਗੋਈ ਦੀ ਪਤਨੀ ਦੇ ਪੈਰਾਂ ਵਿਚ ਨੱਕ ਰਗੜਨ ਲਈ ਵੀ ਉਸ ਨੂੰ ਮਜਬੂਰ ਕੀਤਾ ਗਿਆ ਅਤੇ ਇਕ ਅਪਾਹਜ ਰਿਸ਼ਤੇਦਾਰ ਨੂੰ ਸੁਪਰੀਮ ਕੋਰਟ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ। ਇਸ ਸਬੰਧ ਵਿਚ ਸਰਕਾਰ ਜਾਂ ਕਿਸੇ ਵੀ ਵੱਡੀ ਸਿਆਸੀ ਪਾਰਟੀ ਨੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਬੈਂਚ ਨੇ ਕਰੀਬ ਅੱਧੇ ਘੰਟੇ ਤਕ ਸੁਣਵਾਈ ਕੀਤੀ ਜਿਸ ਦੌਰਾਨ ਗੋਗੋਈ ਨੇ ਆਖਿਆ ਕਿ ਨਿਆਂਪਾਲਿਕਾ ਦੀ ਅਜ਼ਾਦੀ ਨੂੰ ‘ਬਹੁਤ ਗੰਭੀਰ ਖ਼ਤਰਾ’ ਹੈ ਅਤੇ ਚੀਫ਼ ਜਸਟਿਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਬੇਬੁਨਿਆਦ ਦੋਸ਼ ਲਾਏ ਗਏ ਹਨ ਕਿਉਂਕਿ ਕੋਈ ‘ਵੱਡੀ ਤਾਕਤ’ ਚੀਫ਼ ਜਸਟਿਸ ਦੇ ਕੰਮ ਵਿਚ ਵਿਘਨ ਪਾਉਣਾ ਚਾਹੁੰਦੀ ਹੈ। ਉਨ੍ਹਾਂ ‘ਵੱਡੀ ਤਾਕਤ’ ਬਾਰੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਮਹਿਲਾ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਸ ਖ਼ਿਲਾਫ਼ ਦੋ ਐਫਆਈਆਰ ਵੀ ਦਰਜ ਹਨ। ਉਨ੍ਹਾਂ ਕਿਹਾ ਕਿ ਜਿਸ ਖ਼ਿਲਾਫ਼ ਐਫਆਈਆਰ ਦਰਜ ਹੋਵੇ, ਉਹ ਸੁਪਰੀਮ ਕੋਰਟ ਦਾ ਮੁਲਾਜ਼ਮ ਕਿਵੇਂ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਦੇ ਪਤੀ ਖ਼ਿਲਾਫ਼ ਵੀ ਦੋ ਅਪਰਾਧਿਕ ਕੇਸ ਬਕਾਇਆ ਹਨ। ਬੈਂਚ ਨੇ ਕਿਹਾ ਕਿ ਨਿਆਂਪਾਲਿਕਾ ਨੂੰ ‘ਬਲੀ ਦਾ ਬੱਕਰਾ ਨਹੀਂ ਬਣਾਇਆ ਜਾ ਸਕਦਾ ਹੈ’ ਅਤੇ ਮੀਡੀਆ ਸਚਾਈ ਜਾਣੇ ਬਗੈਰ ਮਹਿਲਾ ਦੀ ਸ਼ਿਕਾਇਤ ਪ੍ਰਕਾਸ਼ਤ ਨਾ ਕਰੇ। ਬੈਂਚ ਵਿਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਅਰੁਣ ਮਿਸ਼ਰਾ ਅਤੇ ਸੰਜੀਵ ਖੰਨਾ ਵੀ ਸ਼ਾਮਲ ਹਨ। ਬੈਂਚ ਦੀ ਅਗਵਾਈ ਉਂਜ ਚੀਫ਼ ਜਸਟਿਸ ਕਰ ਰਹੇ ਸਨ ਪਰ ਉਨ੍ਹੲ ਕੋਈ ਹੁਕਮ ਜਾਰੀ ਕਰਨ ਦਾ ਅਖ਼ਤਿਆਰ ਜਸਟਿਸ ਮਿਸ਼ਰਾ ਨੂੰ ਦੇ ਦਿੱਤਾ। ਜਸਟਿਸ ਗੋਗੋਈ ਅਤੇ ਸੁਪਰੀਮ ਕੋਰਟ ਦੇ ਤਿੰਨ ਹੋਰ ਸੀਨੀਅਰ ਜੱਜਾਂ ਨੇ ਪਿਛਲੇ ਸਾਲ 12 ਜਨਵਰੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਸੰਜੀਦਾ ਕੇਸਾਂ ਦੀ ਵੰਡ ਦੇ ਮੁੱਦੇ ‘ਤੇ ਤਤਕਾਲੀ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ। ਚੀਫ਼ ਜਸਟਿਸ ਨੇ ਕਿਹਾ ਕਿ ਜੱਜ ਵਜੋਂ 20 ਸਾਲਾਂ ਦੀ ਸੇਵਾ ਮਗਰੋਂ ਉਨ੍ਹਾਂ ਨੂੰ ਇਹ ‘ਇਨਾਮ’ ਮਿਲਿਆ ਹੈ। ਉਨ੍ਹਾਂ ਕਿਹਾ, ”ਕੋਈ ਵੀ ਮੈਨੂੰ ਪੈਸਿਆਂ ਨਾਲ ਨਹੀਂ ਖ਼ਰੀਦ ਸਕਦਾ।
ਅਹੁਦੇ ‘ਤੇ ਬਣੇ ਰਹਿਣਗੇ ਤੇ ਫਰਜ਼ ਨਿਭਾਉਂਦੇ ਰਹਿਣਗੇ
ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਹ ਅਹੁਦੇ ‘ਤੇ ਬਣੇ ਰਹਿਣਗੇ ਅਤੇ ਅੱਗੇ ਵੀ ਬਿਨਾ ਕਿਸੇ ਡਰ ਜਾਂ ਪੱਖਪਾਤ ਤੋਂ ਆਪਣੇ ਫਰਜ਼ ਨਿਭਾਉਂਦੇ ਰਹਿਣਗੇ। ਜਸਟਿਸ ਗੋਗੋਈ ਤਿੰਨ ਅਕਤੂਬਰ 2018 ਨੂੰ ਚੀਫ ਜਸਟਿਸ ਬਣੇ ਸਨ ਅਤੇ ਉਹ ਇਸੇ ਸਾਲ 17 ਨਵੰਬਰ ਨੂੰ ਰਿਟਾਇਰ ਹੋਣਗੇ।
ਦੋਸ਼ ਲਾਉਣ ਵਾਲੀ ਮਹਿਲਾ ਦਾ ਅਪਰਾਧਕ ਰਿਕਾਰਡ
ਮਾਮਲੇ ‘ਤੇ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਦੋਸ਼ ਲਾਉਣ ਵਾਲੀ ਸੁਪਰੀਮ ਕੋਰਟ ਦੀ ਸਾਬਕਾ ਮੁਲਾਜ਼ਮ ਦੇ ਅਪਰਾਧਕ ਰਿਕਾਰਡ ਅਤੇ ਉਸ ਖਿਲਾਫ ਦਰਜ ਮਾਮਲਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾ ਖਿਲਾਫ ਪਹਿਲਾਂ ਹੀ ਐਫਆਈਆਰ ਦਰਜ ਸਨ। ਕੋਈ ਅਪਰਾਧਕ ਰਿਕਾਰਡ ਦਾ ਵਿਅਕਤੀ ਸੁਪਰੀਮ ਕੋਰਟ ਦਾ ਮੁਲਾਜ਼ਮ ਕਿਵੇਂ ਬਣ ਸਕਦਾ ਹੈ। ਉਸਦੇ ਪਤੀ ਖਿਲਾਫ ਵੀ ਅਪਰਾਧਕ ਮਾਮਲੇ ਦਰਜ ਹਨ। ਬੈਂਚ ਨੇ ਕਿਹਾ ਕਿ ਨਿਆਂਪਾਲਿਕਾ ਬਲੀ ਦਾ ਬੱਕਰਾ ਨਹੀਂ ਹੋ ਸਕਦੀ। ਯਾਦ ਰਹੇ ਦੋਸ਼ ਲਾਉਣ ਵਾਲੀ ਮਹਿਲਾ ‘ਤੇ ਧੋਖਾਧੜੀ ਦਾ ਵੀ ਮਾਮਲਾ ਲਟ ਰਿਹਾ ਹੈ। ਜਿਸ ਵਿਚ ਉਹ ਜ਼ਮਾਨਤ ‘ਤੇ ਹੈ। ਉਸ ਖਿਲਾਫ ਸ਼ਿਕਾਇਤ ਕਰਤਾ ਨੇ ਹੇਠਲੀ ਅਦਾਲਤ ਵਿਚ ਜ਼ਮਾਨਤ ਰੱਦ ਕਰਨ ਦੀ ਅਰਜ਼ੀ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਨੌਕਰੀ ਵਿਚ ਲਾਪ੍ਰਵਾਹੀ ਅਤੇ ਹੋਰ ਦੋਸ਼ਾਂ ‘ਤੇ ਮਹਿਲਾ ਮੁਲਾਜ਼ਮ ਨੂੰ ਵਿਭਾਗੀ ਜਾਂਚ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …