ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਦਸੰਬਰ ਨੂੰ ਹੋਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ‘ਚ ਪੈਂਦੇ ਤਿਕੋਨੀਆ ਵਿਚ ਅਕਤੂਬਰ 2021 ਨੂੰ ਹੋਈ ਹਿੰਸਾ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖਿਲਾਫ ਲਖੀਮਪੁਰ ਖੀਰੀ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਦਸੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਅਦਾਲਤ ਨੇ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਵੱਲੋਂ ਦੋਸ਼ ਮੁਕਤ ਕਰਨ ਬਾਰੇ ਪਾਈ ਅਰਜ਼ੀ ਖਾਰਜ ਕਰ ਦਿੱਤੀ ਸੀ। ਆਸ਼ੀਸ਼ ਤੋਂ ਇਲਾਵਾ 13 ਹੋਰ ਵਿਅਕਤੀਆਂ ਨੇ ਵੀ ਨਾਂ ਹਟਾਉਣ ਬਾਰੇ ਅਰਜ਼ੀ ਪਾਈ ਸੀ। ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਦੱਸਿਆ ਸੀ ਕਿ ਵਧੀਕ ਜ਼ਿਲ੍ਹਾ ਜੱਜ ਨੇ ਡਿਸਚਾਰਜ ਅਰਜ਼ੀ ਖਾਰਜ ਕਰ ਦਿੱਤੀ ਹੈ। ਧਿਆਨ ਰਹੇ ਕਿ ਲਖੀਮਪੁਰ ਦੇ ਤਿਕੋਨੀਆ ਵਿਚ 3 ਅਕਤੂਬਰ, 2021 ਨੂੰ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਇਕ ਗੱਡੀ ਆ ਚੜ੍ਹੀ ਸੀ, ਇਸ ਗੱਡੀ ਵਿਚ ਆਸ਼ੀਸ਼ ਮਿਸ਼ਰਾ ਵੀ ਸਵਾਰ ਸੀ। ਇਸ ਘਟਨਾ ਵਿਚ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ‘ਚ 4 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ।