ਸਿੱਕਮ ’ਚ ਬੱਦਲ ਫਟਣ ਨਾਲ ਆਇਆ ਹੜ੍ਹ
ਸਿੱਕਮ ’ਚ ਬੱਦਲ ਫਟਣ ਨਾਲ ਆਇਆ ਹੜ੍ਹ
ਫੌਜ ਦੇ 23 ਜਵਾਨ ਲਾਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਿੱਕਮ ’ਚ ਬੱਦਲ ਫਟਣ ਕਾਰਨ ਤੀਸਤਾ ਨਦੀ ਵਿਚ ਅਚਾਨਕ ਹੜ੍ਹ ਆਉਣ ਕਰਕੇ ਫੌਜ ਦੇ 23 ਜਵਾਨ ਲਾਪਤਾ ਹੋ ਗਏ ਹਨ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਲਹੋਨਕ ਝੀਲ ਦੇ ਉਪਰ ਮੰਗਲਵਾਰ ਦੇਰ ਰਾਤ ਕਰੀਬ ਡੇਢ ਵਜੇ ਬੱਦਲ ਫਟਿਆ, ਇਸ ਤੋਂ ਬਾਅਦ ਲਾਚੇਨ ਘਾਟੀ ਵਿਚ ਤੀਸਤਾ ਨਦੀ ’ਚ ਅਚਾਨਕ ਹੜ੍ਹ ਆ ਗਿਆ। ਮਿਲੀ ਜਾਣਕਾਰੀ ਮੁਤਾਬਕ ਨਦੀ ਨਾਲ ਲੱਗਦੇ ਇਲਾਕੇ ਵਿਚ ਹੀ ਫੌਜ ਦਾ ਕੈਂਪ ਸੀ, ਜੋ ਹੜ੍ਹ ਦੀ ਲਪੇਟ ਵਿਚ ਆ ਗਿਆ। ਫੌਜ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਬੱਦਲ ਫੱਟਣ ਦੀ ਘਟਨਾ ਤੋਂ ਬਾਅਦ ਨੀਸਤਾ ਨਦੀ ਦੇ ਪਾਣੀ ਦਾ ਪੱਧਰ ਅਚਾਨਕ 15 ਤੋਂ 20 ਫੁੱਟ ਤੱਕ ਵਧ ਗਿਆ। ਇਸ ਤੋਂ ਬਾਅਦ ਨਦੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਪਾਣੀ ਭਰ ਗਿਆ। ਕਈ ਘਰ ਵੀ ਪਾਣੀ ਵਿਚ ਡੁੱਬ ਗਏ ਅਤੇ ਲੋਕ ਘਰ ਛੱਡ ਕੇ ਸੁਰੱਖਿਅਤ ਇਲਾਕਿਆਂ ਵਿਚ ਚਲੇ ਗਏ ਸਨ। ਇਸ ਹੜ੍ਹ ਦੇ ਪਾਣੀ ਵਿਚ ਫੌਜ ਦੇ ਕਈ ਵਾਹਨ ਵੀ ਡੁੱਬ ਗਏ ਹਨ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ।