ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਕਿ ਰੂਸ ਵੱਲੋਂ ਯੂਕਰੇਨ ਵਿੱਚ ਜਾਰੀ ਜੰਗ ਨਸਲਕੁਸ਼ੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨੀਅਨ ਵਾਸੀਆਂ ਦੀ ਪਛਾਣ ਧੁਰ ਤੋਂ ਹੀ ਖ਼ਤਮ ਕਰ ਦੇਣੀ ਚਾਹੁੰਦੇ ਹਨ। ਵਾਸਿ਼ੰਗਟਨ ਪਰਤਣ ਲਈ ਏਅਰ ਫੋਰਸ ਵੰਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਲੋਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਇਹ ਬਿਆਨ ਦਿੱਤਾ।
ਮੈਨਲੋ, ਲੋਵਾ ਵਿੱਚ ਇੱਕ ਈਵੈਂਟ ਵਿੱਚ ਹਿੱਸਾ ਲੈਣ ਤੋਂ ਬਾਅਦ ਇਸ ਜੰਗ ਕਾਰਨ ਐਨਰਜੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੀ ਗੱਲ ਕਰਦਿਆਂ ਬਾਇਡਨ ਨੇ ਨਸਲਕੁਸ਼ੀ ਵਾਲਾ ਬਿਆਨ ਤਾਂ ਦਿੱਤਾ ਪਰ ਉਸ ਦੇ ਵੇਰਵੇ ਮੁਹੱਈਆ ਨਹੀਂ ਕਰਵਾਏ।
ਨਾ ਹੀ ਬਾਇਡਨ ਨੇ ਤੇ ਨਾ ਹੀ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਰੂਸ ਖਿਲਾਫ ਕਿਸੇ ਤਰ੍ਹਾਂ ਦੀਆਂ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ। ਨਾ ਹੀ ਬਾਇਡਨ ਨੇ ਯੂਕਰੇਨ ਨੂੰ ਹੋਰ ਸਹਿਯੋਗ ਦੇਣ ਦੀ ਗੱਲ ਹੀ ਆਖੀ।
ਬਾਇਡਨ ਦੀ ਇਸ ਟਿੱਪਣੀ ਦੀ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜੈ਼ਲੈਂਸਕੀ ਵਲੋਂ ਸ਼ਲਾਘਾ ਕੀਤੀ ਗਈ।ਉਨ੍ਹਾਂ ਆਖਿਆ ਕਿ ਇਹ ਅਸਲੀ ਲੀਡਰ ਦੇ ਬੋਲ ਹਨ। ਬੁਰਾਈ ਖਿਲਾਫ ਲੜਨ ਲਈ ਉਸ ਦਾ ਸਹੀ ਨਾਂ ਲੈਣਾ ਵੀ ਜ਼ਰੂਰੀ ਹੈ। ਹੁਣ ਤੱਕ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਗਏ ਸਹਿਯੋਗ ਦੇ ਅਸੀਂ ਧੰਨਵਾਦੀ ਹਾਂ ਤੇ ਸਾਨੂੰ ਰੂਸ ਦੀਆਂ ਵਧੀਕੀਆਂ ਨੂੰ ਰੋਕਣ ਲਈ ਭਾਰੀ ਹਥਿਆਰਾਂ ਦੀ ਵੀ ਲੋੜ ਹੈ।