ਅੰਮ੍ਰਿਤਸਰ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਭਾਰਤੀ ਸਿੱਖ ਯਾਤਰੂਆਂ ਪਾਸੋਂ ਰੇਲ ਦਾ ਅੱਧਾ ਕਿਰਾਇਆ ਲਿਆ ਜਾਵੇਗਾ। ਇਹ ਐਲਾਨ ਹਸਨ ਅਬਦਾਲ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਵਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਫਿਲਹਾਲ ਪਾਕਿਸਤਾਨ ਰੇਲਵੇ ਵਲੋਂ ਭਾਰਤੀ ਸਿੱਖ ਸੰਗਤ ਪਾਸੋਂ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਦੇ 1850 ਰੁਪਏ ਵਸੂਲ ਕੀਤਾ ਜਾ ਰਹੇ ਹਨ। ਸੰਗਤ ਨੂੰ ਹਸਨ ਅਬਦਾਲ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪਹੁੰਚੇ ਸ਼ੇਖ਼ ਰਾਸ਼ਿਦ ਨੇ ਦੱਸਿਆ ਕਿ ਪਾਕਿ ਸਰਕਾਰ ਵਲੋਂ ਸ੍ਰੀ ਪੰਜਾ ਸਾਹਿਬ ਦਾ ਰੇਲਵੇ ਸਟੇਸ਼ਨ ਇਸ ਵਰ੍ਹੇ ਮੁਕੰਮਲ ਕੀਤਾ ਜਾਣਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹਸਨ ਅਬਦਾਲ ਰੇਲਵੇ ਸਟੇਸ਼ਨ ਦੀ ਨਵ-ਉਸਾਰੀ ਆਉਂਦੇ ਮਹੀਨਿਆਂ ਤੱਕ ਮੁਕੰਮਲ ਕਰਵਾ ਕੇ ਲਗਪਗ 18 ਕਰੋੜ ਰੁਪਏ ਦੀ ਲਾਗਤ ਨਾਲ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦੀ ਵੀ ਨਵ-ਉਸਾਰੀ ਮੁਕੰਮਲ ਕਰਵਾਈ ਜਾਵੇਗੀ। ਜਦ ਕਿ ਸ੍ਰੀ ਕਰਤਾਰਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਿੱਖ ਸੰਗਤ ਦੀ ਹਾਜ਼ਰੀ ਵਿਚ ਪ੍ਰਕਾਸ਼ ਪੁਰਬ ਮੌਕੇ ਕਰਨਗੇ। ਜਿਸ ਦੇ ਬਾਅਦ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਤਕ ਸਿੱਧੀ ਰੇਲ ਸੇਵਾ ਸ਼ੁਰੂ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ। ਸ਼ੇਖ਼ ਰਾਸ਼ਿਦ ਅਨੁਸਾਰ ਪਾਕਿ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਭਾਰਤੀ ਸਰਹੱਦ ਡੇਰਾ ਬਾਬਾ ਨਾਨਕ ਤੱਕ ਰੇਲਵੇ ਲਾਈਨ ਬਣਾਉਣ ਲਈ ਭਾਰਤ ਨੂੰ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਤੋਂ ਭਾਰਤੀ ਸਰਹੱਦ ਤੱਕ ਰੇਲਵੇ ਪਟੜੀ ਬਣਾਉਣ ਲਈ ਤਿਆਰ ਹੈ ਅਤੇ ਜਲਦੀ ਬਾਅਦ ਪਾਕਿ ਰੇਲਵੇ ਵਲੋਂ ਲਾਹੌਰ, ਨਾਰੋਵਾਲ ਤੋਂ ਸਿਆਲਕੋਟ ਹੁੰਦੇ ਹੋਏ ਰਾਵਲਪਿੰਡੀ ਤੱਕ ਰੇਲ ਸੇਵਾ ਸ਼ੁਰੂ ਕੀਤੀ ਜਾਵੇਗੀ। ਉਕਤ ਰੇਲਵੇ ਲਾਈਨ ਦਾ ਨਿਰਮਾਣ ਸਿੱਖ ਭਾਈਚਾਰੇ ਦੀ ਸਹੂਲਤ ਲਈ ਹੋਵੇਗਾ। ਮੰਤਰੀ ਨੇ ਦੱਸਿਆ ਕਿ ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਿਆਲਕੋਟ ਹਵਾਈ ਅੱਡੇ ਲਈ ਨਵੀਂ ਸੜਕ ਬਣਾਏ ਜਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਵਿਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਵਾਲੇ ਸਿੱਖ ਯਾਤਰੂ ਸਿਆਲਕੋਟ ਤੋਂ ਸਿਰਫ਼ ਅੱਧੇ ਘੰਟੇ ਵਿਚ ਗੁਰਦੁਆਰਾ ਸਾਹਿਬ ‘ਚ ਪਹੁੰਚ ਸਕਣਗੇ।
Check Also
ਅਮਰੀਕਾ ਦੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ‘ਚ ਭਾਰਤੀ ਵਿਦਿਆਰਥੀ ਪਹਿਲੇ ਸਥਾਨ ‘ਤੇ
ਪਿਛਲੇ ਸਾਲ 7 ਹਜ਼ਾਰ ਵਿਦਿਆਰਥੀਆਂ ਨੇ ਵੀਜ਼ਾ ਖਤਮ ਹੋਣ ਦੇ ਬਾਵਜੂਦ ਨਹੀਂ ਕੀਤੀ ਵਤਨ ਵਾਪਸੀ …