Breaking News
Home / ਦੁਨੀਆ / ਅਮਰੀਕਾ ਨੇ ਭਾਰਤ ਤੇ ਚੀਨ ਸਣੇ ਅੱਠ ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕਿਆ

ਅਮਰੀਕਾ ਨੇ ਭਾਰਤ ਤੇ ਚੀਨ ਸਣੇ ਅੱਠ ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕਿਆ

ਵਾਸ਼ਿੰਗਟਨ/ਬਿਊਰੋ ਨਿਊਜ਼ : ਰੂਸੀ ਫੌਜ ਦੀ ਸਹਾਇਤਾ ਕਰਨ ਦੇ ਆਰੋਪ ਹੇਠ ਅਮਰੀਕਾ ਨੇ ਭਾਰਤ ਅਤੇ ਚੀਨ ਸਮੇਤ ਅੱਠ ਮੁਲਕਾਂ ਦੀਆਂ ਕੰਪਨੀਆਂ ਨਾਲ ਵਪਾਰ ਰੋਕ ਦਿੱਤਾ ਹੈ। ਇਨ੍ਹਾਂ ‘ਚੋਂ 42 ਕੰਪਨੀਆਂ ਚੀਨ ਦੀਆਂ ਹਨ। ਵਪਾਰ ਬਰਾਮਦ ਕੰਟਰੋਲ ਸੂਚੀ ‘ਚ ਫਿਨਲੈਂਡ, ਜਰਮਨੀ, ਭਾਰਤ, ਤੁਰਕੀ, ਸੰਯੁਕਤ ਅਰਬ ਅਮੀਰਾਤ ਅਤੇ ਬਰਤਾਨੀਆ ਦੀਆਂ ਸੱਤ ਹੋਰ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਅਮਰੀਕਾ ‘ਚ ਬਣੇ ਇੰਟੀਗ੍ਰੇਟਿਡ ਸਰਕਿਟਾਂ ਦੀ ਸਪਲਾਈ ਸਮੇਤ ਹੋਰ ਫ਼ੌਜੀ ਸਾਜ਼ੋ-ਸਾਮਾਨ ਰੂਸ ਲਈ ਤਿਆਰ ਕੀਤਾ ਸੀ। ਸਰਕਿਟਾਂ ‘ਚ ਮਾਈਕਰੋਇਲੈਕਟ੍ਰਾਨਿਕਸ ਸ਼ਾਮਲ ਹਨ ਜੋ ਰੂਸ ਨੇ ਮਿਜ਼ਾਈਲਾਂ ਅਤੇ ਡਰੋਨ ਪ੍ਰਣਾਲੀਆਂ ‘ਚ ਵਰਤੇ ਹਨ। ਅਮਰੀਕੀ ਵਣਜ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਰੂਸ ਵੱਲੋਂ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਯੂਕਰੇਨ ‘ਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬਰਾਮਦਾਂ ‘ਤੇ ਨਜ਼ਰ ਰੱਖਣ ਵਾਲੇ ਵਿਭਾਗ ਦੇ ਸਹਾਇਕ ਸਕੱਤਰ ਮੈਥਿਊ ਐਕਸਲਰੋਡ ਨੇ ਇਕ ਬਿਆਨ ‘ਚ ਕਿਹਾ, ”ਕੰਪਨੀਆਂ ਨਾਲ ਕਾਰੋਬਾਰ ਰੋਕ ਕੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਅਮਰੀਕੀ ਮੂਲ ਦੀ ਤਕਨਾਲੋਜੀ ਰੂਸੀ ਰੱਖਿਆ ਖੇਤਰ ਨੂੰ ਸਪਲਾਈ ਕਰੇਗਾ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।”
ਚੀਨ ਨੇ ਅਮਰੀਕੀ ਕਾਰਵਾਈ ਨੂੰ ਆਰਥਿਕ ਧੱਕੇਸ਼ਾਹੀ ਅਤੇ ਇਕਪਾਸੜ ਧਮਕਾਉਣ ਦੀ ਹਰਕਤ ਦੱਸਿਆ ਹੈ। ਚੀਨੀ ਵਣਜ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਅਮਰੀਕਾ ਨੂੰ ਆਪਣੇ ਗਲਤ ਫ਼ੈਸਲਿਆਂ ਨੂੰ ਤੁਰੰਤ ਸਹੀ ਕਰਨਾ ਚਾਹੀਦਾ ਹੈ ਅਤੇ ਉਹ ਚੀਨੀ ਕੰਪਨੀਆਂ ਨੂੰ ਬਿਨਾ ਕਿਸੇ ਕਾਰਨ ਦੇ ਦਬਾਉਣਾ ਬੰਦ ਕਰੇ। ਕੰਪਨੀਆਂ ਨੂੰ ਕਾਲੀ ਸੂਚੀ ‘ਚ ਉਸ ਸਮੇਂ ਪਾਇਆ ਜਾਂਦਾ ਹੈ ਜਦੋਂ ਅਮਰੀਕਾ ਸਮਝਦਾ ਹੈ ਕਿ ਉਸ ਦੀ ਸੁਰੱਖਿਆ ਜਾਂ ਵਿਦੇਸ਼ ਨੀਤੀ ਨੂੰ ਕੋਈ ਖ਼ਤਰਾ ਹੈ।

 

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …