ਵਾਲ਼-ਵਾਲ਼ ਬਚੇ ਪ੍ਰਧਾਨ ਮੰਤਰੀ ਕਿਸ਼ਿਦਾ, ਆਰੋਪੀ ਗਿ੍ਰਫ਼ਤਾਰ
ਟੋਕੀਓ/ਬਿਊਰੋ ਨਿਊਜ਼ : ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅੱਜ ਵਾਲ਼-ਵਾਲ਼ ਬਚ ਗਏ। ਉਨ੍ਹਾਂ ਦੀ ਰੈਲੀ ’ਚ ਸਮੋਕ ਬੰਬ ਨਾਲ ਧਮਾਕਾ ਕੀਤਾ ਗਿਆ ਅਤੇ ਧਮਾਕੇ ਦੀ ਅਵਾਜ਼ ਸੁਣਦਿਆਂ ਹੀ ਚਾਰੇ-ਪਾਸੇ ਹਫੜਾ-ਦਫੜੀ ਮਚ ਗਈ। ਸੁਰੱਖਿਆ ਕਰਮਚਾਰੀਆਂ ਨੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਇਥੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਸ਼ੱਕੀ ਹਮਲਾਵਾਰ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ। ਜਾਪਾਨੀ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਕਿਸ਼ਿਦਾ ਵਾਕਾਯਾਮਾ ਸ਼ਹਿਰ ’ਚ ਇਕ ਰੈਲੀ ’ਚ ਭਾਸ਼ਣ ਦੇਣ ਲਈ ਪਹੁੰਚੇ ਸਨ। ਉਹ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੀ ਉਪ ਚੋਣ ਦੇ ਲਈ ਆਪਣੀ ਪਾਰਟੀ ਲਿਬਰਲ ਡੈਮੋਕਰੇਟਿਕ ਦੇ ਉਮੀਦਵਾਰ ਦੇ ਹੱਕ ਵਿਚ ਭਾਸ਼ਣ ਦੇਣ ਲਈ ਪਹੁੰਚੇ ਸਨ। ਉਨ੍ਹਾਂ ਦੇ ਭਾਸ਼ਣ ਤੋਂ ਪਹਿਲਾਂ ਹੀ ਇਹ ਧਮਾਕਾ ਹੋ ਗਿਆ। ਪੁਲਿਸ ਨੇ ਹਮਲਾਵਰ ਸਬੰਧੀ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਦੀ ਪਹਿਚਾਣ ਨਹੀਂ ਹੋ ਸਕੀ ਪ੍ਰੰਤੂ ਅਸੀਂ ਇਕ ਸ਼ੱਕੀ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੀ ਪਤਾ ਚਲੇਗਾ ਕਿ ਉਹ ਕੌਣ ਅਤੇ ਉਸਨੇ ਇਹ ਹਮਲਾ ਕਿਉਂ ਕੀਤਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 8 ਜੁਲਾਈ 2022 ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਇਕ ਰੈਲੀ ਦੌਰਾਨ ਭਾਸ਼ਣ ਦਿੰਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸ਼ਿੰਜੋ ਆਬੇ ਨਾਰਾ ਸ਼ਹਿਰ ’ਚ ਇਲੈਕਸ਼ਨ ਕੰਪੇਨ ਦੇ ਦੌਰਾਨ ਭਾਸ਼ਣ ਦੇ ਰਹੇ ਸਨ ਕਿ ਹਮਲਾਵਰ ਨੇ ਪਿੱਛੋਂ ਉਨ੍ਹਾਂ ’ਤੇ ਗੋਲੀਆਂ ਦਾਗ ਦਿੱਤੀਆਂ ਅਤੇ ਦੋ ਗੋਲੀਆਂ ਲੱਗਣ ਤੋਂ ਬਾਅਦ ਆਬੇ ਡਿੱਗ ਪਏ ਸਨ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਨਾਰਾ ਮੈਡੀਕਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ 6 ਘੰਟੇ ਤੱਕ ਮੈਡੀਕਲ ਟੀਮਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਲਾਜ਼ ਦੌਰਾਨ ਸ਼ਿੰਜੋ ਆਬੇ ਦੀ ਮੌਤ ਹੋ ਗਈ ਸੀ।