
ਇਹ ਸਾਡੇ ’ਤੇ ਸਿੱਧਾ ਹਮਲਾ : ਮਾਰਕ ਕਾਰਨੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ਵਿਚੋਂ ਆਯਾਤ ਹੋਣ ਵਾਲੀਆਂ ਕਾਰਾਂ ’ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਅਮਰੀਕਾ ਵਿਚ ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਮਿਲੇਗਾ। ਵਾਈਟ ਹਾਊਸ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ ਵਿਚ ਸਲਾਨਾ ਕਰੀਬ 100 ਅਰਬ ਡਾਲਰ ਦਾ ਵਾਧਾ ਹੋਵੇਗਾ। ਇਹ ਟੈਰਿਫ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਡੋਨਾਲਡ ਟਰੰਪ ਦਾ ਤਰਕ ਹੈ ਕਿ ਇਸ ਨਾਲ ਅਮਰੀਕਾ ਵਿਚ ਨਵੇਂ ਕਾਰਖਾਨੇ ਖੁੱਲਣਗੇ। ਕੈਨੇਡਾ ਅਤੇ ਮੈਕਸੀਕੋ ਵਿਚ ਬਣਨ ਵਾਲੇ ਵੱਖ-ਵੱਖ ਆਟੋ ਪਾਰਟਸ ਅਤੇ ਤਿਆਰ ਵਾਹਨ, ਹੁਣ ਅਮਰੀਕਾ ਵਿਚ ਹੀ ਬਣ ਸਕਣਗੇ। ਨਵੇਂ ਟੈਰਿਫ ਲਾਗੂ ਹੁੰਦੇ ਹੀ, ਇਸ ਦਾ ਭਾਰ ਗ੍ਰਾਹਕਾਂ ’ਤੇ ਪਾ ਦਿੱਤਾ ਜਾਂਦਾ ਹੈ ਅਤੇ ਇਸ ਨਾਲ ਆਯਾਤ ਹੋਣ ਵਾਲੀਆਂ ਕਾਰਾਂ ਦੀ ਕੀਮਤ ਵਿਚ ਵੀ ਵਾਧਾ ਹੋ ਜਾਵੇਗਾ।