Breaking News
Home / ਕੈਨੇਡਾ / ‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਕੂਕਾ ਲਹਿਰ ‘ਤੇ ਕਰਵਾਇਆ ਗਿਆ ਸੈਮੀਨਾਰ

‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਕੂਕਾ ਲਹਿਰ ‘ਤੇ ਕਰਵਾਇਆ ਗਿਆ ਸੈਮੀਨਾਰ

ਬਹੁ-ਪੱਖੀ ਸ਼ਖ਼ਸੀਅਤ ਪੂਰਨ ਸਿੰਘ ਪਾਂਧੀ ਨੂੰ ‘ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਸੁਰਜੀਤ ਕੌਰ, ਡਾ. ਝੰਡ : ‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਨਾਮਧਾਰੀ ਲਹਿਰ ਅਤੇ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ, ਇਸ ਲਹਿਰ ਦੀ ਭਾਰਤ ਦੀ ਆਜ਼ਾਦੀ ਨੂੰ ਦੇਣ ਅਤੇ ਨਾ-ਮਿਲਵਰਤਣ ਲਹਿਰ ਦੌਰਾਨ ਕੂਕਿਆਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਬਾਰੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ਪ੍ਰੋ. ਰਾਮ ਸਿੰਘ ਸਨ। ਸੈਮੀਨਾਰ ਦੇ ਹੋਰ ਬੁਲਾਰਿਆਂ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ, ਮਲੂਕ ਸਿੰਘ ਕਾਹਲੋਂ, ਕਰਨੈਲ ਸਿੰਘ ਮਰਵਾਹਾ ਅਤੇ ਅਜੀਤ ਸਿੰਘ ਲਾਇਲ ਸ਼ਾਮਲ ਸਨ। ਇਸ ਦੌਰਾਨ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਪੂਰਨ ਸਿੰਘ ਪਾਂਧੀ ਨੂੰ ‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ‘ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋ. ਰਾਮ ਸਿੰਘ ਨੇ ਸਤਿਗੁਰੂ ਰਾਮ ਸਿੰਘ ਦੇ ਜੀਵਨ, ਉਨ੍ਹਾਂ ਵੱਲੋਂ ਚਲਾਈ ਗਈ ਕੂਕਾ ਲਹਿਰ, ਭਾਰਤ ਦੀ ਜੰਗ-ਏ-ਆਜ਼ਾਦੀ ਦੌਰਾਨ ਨਾ-ਮਿਲਵਰਤਣ ਲਹਿਰ ਅਤੇ ਨਾਮਧਾਰੀ ਸੰਗਤ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਵੱਲੋਂ ਕੀਤੇ ਗਏ ‘ਬਾਈਕਾਟ’ ਜਿਸ ਵਿਚ ਅੰਗਰੇਜ਼ਾਂ ਵੱਲੋਂ ਚਲਾਈਆਂ ਗਈਆਂ ਰੇਲਾਂ, ਬਣਾਈਆਂ ਗਈਆਂ ਸੜਕਾਂ, ਕੱਪੜੇ, ਡਾਕ-ਪ੍ਰਣਾਲੀ, ਆਦਿ ਦੀ ਵਰਤੋਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ, ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਲੜਾਈ ਦੋ ਤਰ੍ਹਾਂ ਲੜੀ ਜਾਂਦੀ ਹੈ, ਇਕ ਹਥਿਆਰਾਂ ਨਾਲ ਅਤੇ ਦੂਸਰੇ ਵਿਚਾਰਾਂ ਨਾਲ। ਸਤਿਗੁਰੂ ਰਾਮ ਸਿੰਘ ਨੇ ਆਜ਼ਾਦੀ ਦੀ ਲੜਾਈ ਹਥਿਆਰਾਂ ਨਾਲ ਨਹੀਂ, ਸਗੋਂ ਵਿਚਾਰਾਂ ਨਾਲ ਲੜੀ। ਉਨ੍ਹਾਂ ਕੂਕਾ ਲਹਿਰ ਵਿਚ ਵਰਿਆਮ ਸਿੰਘ ਜਿਸ ਨੇ ਉਸ ਸਮੇਂ ਆਪਣਾ ਸਰੀਰਕ ਕੱਦ ਘੱਟ ਹੋਣ ਕਾਰਨ ਤੋਪ ਦੇ ਗੋਲ਼ੇ ਦੇ ਐਨ ਸਾਹਮਣੇ ਖੜ੍ਹੇ ਹੋਣ ਲਈ ਆਪਣੇ ਪੈਰਾਂ ਹੇਠ ਇੱਟਾਂ ਰੱਖੀਆਂ ਸਨ, ਬਾਰੇ ਵਿਸ਼ੇਸ਼ ਜ਼ਿਕਰ ਕੀਤਾ।
ਇਸ ਦੌਰਾਨ ਪ੍ਰੋ. ਜਗੀਰ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਸਤਿਗੁਰੂ ਰਾਮ ਸਿੰਘ ਨੇ ਨਾਮਧਾਰੀ ਲਹਿਰ ਦੇ ਮੈਂਬਰਾਂ ਨੂੰ ਵਿਸ਼ੇਸ਼ ਪਹਿਰਾਵਾ ਦਿੱਤਾ ਜਿਸ ਨਾਲ ਇਸ ਦੇ ਮੈਂਬਰ ਦੂਰੋਂ ਹੀ ਪਛਾਣੇ ਜਾਂਦੇ ਹਨ। ਸੈਮੀਨਾਰ ਦੇ ਅਗਲੇ ਬੁਲਾਰੇ ਮਲੂਕ ਸਿੰਘ ਕਾਹਲੋਂ ਨੇ ਕਿਹਾ ਕਿ ਥੋੜ੍ਹੇ ਜਿਹੇ ਸਮੇਂ ਵਿਚ ਹੀ ਕੂਕਾ ਲਹਿਰ ਇਕ ਵੱਡੇ ਅੰਦੋਲਨ ਦਾ ਰੂਪ ਧਾਰ ਗਈ ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਰਾਮ ਸਿੰਘ ਕੇਵਲ ਧਾਰਮਿਕ ਆਗੂ ਹੀ ਨਹੀਂ ਸਨ, ਸਗੋਂ ਉਹ ਇਕ ਬਾਗ਼ੀ ਯੋਧੇ ਸਨ ਜਿਨ੍ਹਾਂ ਨੇ ਨਾਮਧਾਰੀ ਲਹਿਰ ਅਤੇ ਕੂਕਾ ਲਹਿਰ ਨੂੰ ਬਾਖੂਬੀ ਚਲਾਇਆ। ਅੰਗਰੇਜ਼ ਉਨ੍ਹਾਂ ਤੋਂ ਅੰਦਰੋਂ-ਅੰਦਰੀਂ ਡਰਦੇ ਸਨ। ਤਾਂ ਹੀ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਕੇ ਦੂਰ-ਦੁਰਾਡੇ ਰੰਗੂਨ ਭੇਜ ਦਿੱਤਾ ਗਿਆ ਸੀ। ਸੈਮੀਨਾਰ ਵਿਚ ਅਜੀਤ ਸਿੰਘ ਲਾਇਲ ਵੱਲੋਂ ਸਤਿਗੁਰੂ ਰਾਮ ਸਿੰਘ ਵੱਲੋਂ ਸਾਦੇ ਅਨੰਦ ਕਾਰਜ ਕਰਨ ਅਤੇ ਬੀਬੀਆਂ ਨੂੰ ਕੀਰਤਨ ਕਰਨ ਦੇਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਰਨੈਲ ਸਿੰਘ ਮਰਵਾਹਾ ਵੱਲੋਂ ਸਮੂਹ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ।
ਦੂਸਰੇ ਸੈਸ਼ਨ ਵਿਚ ਬਹੁ-ਪੱਖੀ ਸ਼ਖ਼ਸੀਅਤ ਪੂਰਨ ਸਿੰਘ ਪਾਂਧੀ ਨੂੰ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ‘ਝੀਤਾ ਪਰਿਵਾਰ’ (ਸਵਰਗਵਾਸੀ ਸ. ਮੇਹਰ ਸਿੰਘ ਅਤੇ ਸਰਦਾਰਨੀ ਪ੍ਰੀਤਮ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਬਚਿੱਤਰ ਸਿੰਘ, ਹਰਦਿਆਲ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਸਤਪਾਲ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ ਅਤੇ ਸੁਖਜੀਤ ਕੌਰ) ਵੱਲੋਂ ‘ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਪ੍ਰਦਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਸੰਚਾਲਕ ਹਰਦਿਆਲ ਸਿੰਘ ਝੀਤਾ ਨੇ ਕਿਹਾ, ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਵੱਲੋਂ ਆਰੰਭ ਕੀਤੇ ਗਏ ਪਲੇਠੇ ‘ਸਤਿਗੁਰੂ ਰਾਮ ਸਿੰਘ ਐਵਾਰਡ’ ਨਾਲ ਪੂਰਨ ਸਿੰਘ ਪਾਂਧੀ ਜਿਹੀ ਮਹਾਨ ਸ਼ਖ਼ਸੀਅਤ ਨੂੰ ਸਨਮਾਨਿਤ ਕਰਨ ਵਿਚ ਇਹ ਸੰਸਥਾ ਬੇਹੱਦ ਮਾਣ ਮਹਿਸੂਸ ਕਰਦੀ ਹੈ। ਨਾਮਧਾਰੀ ਸੰਸਥਾ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਨੇ ਦੱਸਿਆ ਕਿ ਹਰ ਸਾਲ ਇਸ ‘ਸਤਿਗੁਰੂ ਰਾਮ ਸਿੰਘ ਐਵਾਰਡ’ ਨਾਲ ਕਿਸੇ ਨਾ ਕਿਸੇ ਬਹੁ-ਪੱਖੀ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਇਆ ਕਰੇਗਾ। ਪਾਂਧੀ ਸਾਬ੍ਹ ਨੇ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਅਤੇ ਝੀਤਾ ਪਰਿਵਾਰ ਵੱਲੋਂ ਉਨ੍ਹਾਂ ਨੂੰ ਇਹ ਮਾਣ-ਸਨਮਾਨ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਨਾਮਧਾਰੀ ਸੰਗਤ ਦੀ ਵੀ ਭਾਰੀ ਸ਼ਲਾਘਾ ਕੀਤੀ।
ਪੂਰਨ ਸਿੰਘ ਪਾਂਧੀ ਦੀ ਬਹੁ-ਪੱਖੀ ਸ਼ਖਸੀਅਤ ਬਾਰੇ ਜ਼ਿਕਰ ਕਰਦਿਆਂ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਕਿਰਪਾਲ ਸਿੰਘ ਪੰਨੂੰ, ਗੁਰਦੇਵ ਸਿੰਘ ਮਾਨ, ਕਰਨ ਅਜਾਇਬ ਸਿੰਘ ਸੰਘਾ, ਰਾਜਪਾਲ ਸਿੰਘ ਹੋਠੀ, ਭੂਪਿੰਦਰ ਦੂਲੇ, ਕੇਹਰ ਸਿੰਘ ਮਠਾੜੂ, ਡਾ. ਪਰਗਟ ਸਿੰਘ ਬੱਗਾ ਅਤੇ ਹੋਰ ਵਿਦਵਾਨਾਂ ਨੇ ਦੱਸਿਆ ਕਿ ਪੂਰਨ ਸਿੰਘ ਪਾਂਧੀ ਇਕ ਮਹਾਨ ਵਾਰਤਕਕਾਰ, ਗੁਰਮਤਿ ਤੇ ਗੁਰਬਾਣੀ ਦੇ ਗਿਆਨਵਾਨ, ਕਲਾਸੀਕਲ ਸੰਗੀਤ ਤੇ ਕੀਰਤਨ ਦੇ ਮਾਹਿਰ ਹਨ। ਉਹ ਇਕ ਸਫ਼ਲ ਭਾਸ਼ਾ-ਵਿਗਿਆਨੀ, ਸੁਹਿਰਦ ਅਧਿਆਪਕ, ਪ੍ਰਭਾਵਸ਼ਾਲੀ ਬੁਲਾਰੇ, ਨਿਮਰਤਾ ਦੇ ਪੁੰਜ, ਸੁਚੱਜੀ ਤੇ ਸੁਲਝੀ ਅਤੇ ਸਚਿਆਰੀ ਜੀਵਨ-ਸ਼ੈਲੀ ਦੇ ਮਾਲਕ ਹਨ।
ਉਨ੍ਹਾਂ ਨੇ ਡੇਢ ਦਰਜਨ ਕਿਤਾਬਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ‘ਚ ਪਾਈਆਂ ਅਤੇ ਉਨ੍ਹਾਂ ਦਾ ਨਾਂ ਵੱਡੇ ਪੰਜਾਬੀ ਲੇਖਕਾਂ ਵਿਚ ਸ਼ੁਮਾਰ ਹੁੰਦਾ ਹੈ। ਪੂਰਨ ਸਿੰਘ ਪਾਂਧੀ ਜੀ ਦੀ ਪੁਸਤਕ ‘ਸੰਗੀਤ ਦੀ ਦੁਨੀਆਂ’ ਨੂੰ ਪੰਜਾਬੀ ਵਿਚ ‘ਸੰਗੀਤ ਦਾ ਐਨਸਾਈਕਲੋਪੀਡੀਆ’ ਕਿਹਾ ਜਾ ਸਕਦਾ ਹੈ। ਉਹ ਗੁਰਮਤਿ ਸੰਗੀਤ ਦੇ ਮਾਹਿਰ ਹਨ, ਤੰਤੀ ਤੇ ਹੋਰ ਸਾਜ਼ਾਂ ਦੇ ਸਾਜ਼ਿੰਦੇ ਹਨ ਅਤੇ ਪੰਜਾਬੀ ਸਾਹਿਤ ਦੇ ਮਹਾਨ ਵਿਦਵਾਨ ਹਨ।
ਮੰਚ-ਸੰਚਾਲਨ ਦੀ ਅਹਿਮ ਜ਼ਿੰਮੇਵਾਰੀ ਹਰਦਿਆਲ ਸਿੰਘ ਝੀਤਾ ਅਤੇ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਬਾਖ਼ੂਬੀ ਨਿਭਾਈ ਗਈ। ਸਮਾਗ਼ਮ ਵਿਚ ਨਾਮਧਾਰੀ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਵਿਅੱਕਤੀਆਂ ਵਿਚ ਪ੍ਰੋ. ਗੁਰਵਿੰਦਰਪਾਲ ਸਿੰਘ, ਰਵਿੰਦਰ ਪਾਲ ਸਿੰਘ, ਗੁਰਸ਼ਰਨ ਸਿੰਘ ਗੁਰਚਰਨ ਸਿੰਘ ਡੁਬਈ ਵਾਲੇ, ਜੱਥੇਦਾਰ ਜੋਗਿੰਦਰ ਸਿੰਘ ਮੁਕਤਾ, ਜੱਥੇਦਾਰ ਤਾਰਾ ਸਿੰਘ, ਰਾਜੇਸ਼ ਪੱਲਣ ਡਾ, ਕੁਲਵਿੰਦਰ ਖਹਿਰਾ, ਦਲਬੀਰ ਸਿੰਘ ਕਥੂਰੀਆ ਇੰਜੀ. ਈਸ਼ਰ ਸਿੰਘ, ਮਕਸੂਦ ਚੌਧਰੀ, ਹਰਪਾਲ ਸਿੰਘ ਭਾਟੀਆ, ਮਲਕੀਅਤ ਸਿੰਘ, ਮੱਲ ਸਿੰਘ ਬਾਸੀ, ਸੁਖਚਰਨਜੀਤ ਕੌਰ ਗਿੱਲ, ਹਰਭਜਨ ਕੌਰ ਗਿੱਲ, ਰਮਿੰਦਰ ਵਾਲੀਆ, ਰਿੰਟੂ ਭਾਟੀਆ, ਸੁੰਦਰਪਾਲ ਰਾਜਾਸਾਂਸੀ, ਸਰਬਜੀਤ ਕੌਰ ਕਾਹਲੋਂ ਅਤੇ ਕਈ ਹੋਰ ਸ਼ਾਮਲ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …