ਟਵੀਟ ਨੂੰ ਮਿਲੇ 28 ਲੱਖ ਤੋਂ ਵੱਧ ਲਾਈਕ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਚਾਰਲੋਟਸਵਿਲੇ ਵਿਚ ਨਸਲੀ ਹਿੰਸਾ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਟਵੀਟ ਨੇ ਇਤਿਹਾਸ ਰਚ ਦਿੱਤਾ ਹੈ। ਇਸ ਨੂੰ 28 ਲੱਖ ਤੋਂ ਵੱਧ ਲਾਈਕ ਮਿਲੇ ਹਨ ਅਤੇ 12 ਲੱਖ ਤੋਂ ਜ਼ਿਆਦਾ ਵਾਰੀ ਰੀਟਵੀਟ ਕੀਤਾ ਗਿਆ। ਓਬਾਮਾ ਨੇ ਨਸਲੀ ਰੋਕੂ ਟਵੀਟ ਵਿਚ ਦੱਖਣੀ ਅਫ਼ਰੀਕਾ ‘ਚ ਰੰਗ-ਭੇਦ ਦੇ ਖ਼ਿਲਾਫ਼ ਮੁਹਿੰਮ ਛੇੜਨ ਵਾਲੇ ਨੈਲਸਨ ਮੰਡੇਲਾ ਦੇ ਬਿਆਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਲਿਖਿਆ ਕਿ ਕੋਈ ਵੀ ਕਿਸੇ ਦੂਜੇ ਵਿਅਕਤੀ ਦੇ ਰੰਗ ਜਾਂ ਉਸ ਦਾ ਪਿਛੋਕੜ ਜਾਂ ਧਰਮ ਨਾਲ ਨਫ਼ਰਤ ਕਰਦੇ ਪੈਦਾ ਨਹੀਂ ਹੁੰਦਾ। ਪਿਛਲੇ ਸ਼ਨਿਚਰਵਾਰ ਨੂੰ ਕੀਤੇ ਗਏ ਇਸ ਟਵੀਟ ਦੇ ਨਾਲ ਓਬਾਮਾ (56) ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਵਿਚ ਉਹ ਖਿੜਕੀ ਤੋਂ ਝਾਕਦੇ ਬੱਚਿਆਂ ਨੂੰ ਦੇਖਦੇ ਨਜ਼ਰ ਆ ਰਹੇ ਹਨ। ਬਰਾਕ ਓਬਾਮਾ ਦਾ ਇਹ ਟਵੀਟ ਹੁਣ ਤਕ ਦਾ ਸਭ ਤੋਂ ਲਾਈਕ ਹੋਣ ਵਾਲਾ ਟਵੀਟ ਬਣ ਗਿਆ ਹੈ। ਇਹ ਪੰਜਵਾਂ ਅਜਿਹਾ ਟਵੀਟ ਵੀ ਬਣ ਗਿਆ ਹੈ ਜਿਸ ਨੂੰ ਸਭ ਤੋਂ ਵੱਧ ਰੀਟਵੀਟ ਕੀਤਾ ਗਿਆ। ਓਬਾਮਾ ਦੇ ਟਵੀਟ ਨੇ ਪੌਪ ਸਟਾਰ ਏਰੀਆਨਾ ਗ੍ਰਾਂਡੇ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਏਰੀਆਨਾ ਨੇ ਇਸ ਸਾਲ ਮਈ ‘ਚ ਇੰਗਲੈਂਡ ਦੇ ਮੈਨਚੈਸਟਰ ਵਿਚ ਆਪਣੇ ਕੰਸਰਟ ਦੌਰਾਨ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਭਾਵੁਕ ਟਵੀਟ ਕੀਤਾ ਸੀ ਜਿਸ ਨੂੰ 27 ਲੱਖ ਲਾਈਕ ਮਿਲੀਆਂ ਸਨ।