Breaking News
Home / ਦੁਨੀਆ / ਸਵਿਸ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ‘ਚ ਬਰਤਾਨੀਆ ਮੋਹਰੀ

ਸਵਿਸ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਵਾਉਣ ‘ਚ ਬਰਤਾਨੀਆ ਮੋਹਰੀ

ਭਾਰਤ ਇਕ ਸਥਾਨ ਖਿਸਕ ਕੇ 74ਵੇਂ ਸਥਾਨ ‘ਤੇ ਆਇਆ
ਜ਼ਿਊਰਿਖ਼, ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀਆਂ ਵੱਲੋਂ ਸਵਿਸ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਵਾਉਣ ਦੇ ਰੁਝਾਨ ਵਿੱਚ ਕਮੀ ਆਈ ਹੈ ਅਤੇ ਭਾਰਤ ਇੱਕ ਸਥਾਨ ਖਿਸਕ ਕੇ 74ਵੇਂ ਸਥਾਨ ਉੱਤੇ ਆ ਗਿਆ ਹੈ। ਅਲਪਾਈਨ ਰਾਸ਼ਟਰਾਂ ਦੀ ਕੇਂਦਰੀ ਬੈਂਕਿੰਗ ਅਥਾਰਟੀ ਅਨੁਸਾਰ ਬਰਤਾਨੀਆ ਪਹਿਲਾਂ ਦੀ ਤਰ੍ਹਾਂ ਪਹਿਲੇ ਸਥਾਨ ਉੱਤੇ ਹੈ। ਭਾਰਤ ਦਾ ਪਿਛਲੀ ਵਾਰੀ 73ਵਾਂ ਸਥਾਨ ਸੀ, ਇਸ ਤੋਂ ਪਹਿਲਾਂ ਭਾਰਤ ਦਾ 88ਵਾਂ ਸਥਾਨ ਸੀ। ਸਵਿਸ ਨੈਸ਼ਨਲ ਬੈਂਕ (ਐੱਸਐੱਨਬੀ) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਵਿਸ ਬੈਂਕਾਂ ਦੀਆਂ ਬਰਾਂਚਾਂ ਸਮੇਤ ਭਾਰਤੀਆਂ ਵੱਲੋਂ ਵਿਅਕਤੀਗਤ ਤੌਰ ਉੱਤੇ ਜਾਂ ਸੰਸਥਾਗਤ ਤੌਰ ‘ਤੇ ਸਵਿਸ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਵਾਉਣ ਦਾ ਰੁਝਾਨ ਕਾਫੀ ਘੱਟ ਹੋ ਗਿਆ ਹੈ। ਸਾਲ 2018 ਖਤਮ ਹੋਣ ਤੱਕ ਭਾਰਤੀਆਂ ਵੱਲੋਂ ਸਵਿੱਟਜ਼ਰਲੈਂਡ ਵਿੱਚ ਸਥਿੱਤ ਬੈਕਾਂ ਵਿੱਚ ਵਿਦੇਸ਼ੀਆਂ ਵੱਲੋਂ ਜਮ੍ਹਾਂ ਕਰਵਾਈ ਕੁੱਲ ਰਾਸ਼ੀ ਦਾ ਸਿਰਫ਼ 0.07 ਫੀਸਦੀ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਜਮ੍ਹਾਂ ਕਰਵਾਈਆਂ ਰਾਸ਼ੀਆਂ ਸ਼ਾਮਲ ਨਹੀਂ ਹਨ। ਬਰਤਾਨੀਆਂ ਦੇ ਨਾਗਰਿਕ ਸਵਿਸ ਬੈਂਕਾਂ ਵਿੱਚ ਧਨ ਰੱਖਣ ਵਿੱਚ ਸਭ ਤੋਂ ਅੱਗੇ ਹਨ। ਬਰਤਾਨੀਆ ਦੇ ਨਾਗਰਿਕਾਂ ਨੇ 26 ਫੀਸਦੀ ਧਨ ਜਮ੍ਹਾਂ ਕਰਵਾਇਆ ਹੈ। ਪਹਿਲੇ ਮੋਹਰੀ ਪੰਜ ਦੇਸ਼ਾਂ ਨੇ ਕੁੱਲ ਵਿਦੇਸ਼ੀਆਂ ਵੱਲੋਂ ਜਮ੍ਹਾਂ ਕਰਵਾਈਆਂ ਰਾਸ਼ੀਆਂ ਦੀ 50 ਫੀਸਦੀ ਰਾਸ਼ੀ ਜਮ੍ਹਾਂ ਕਰਵਾਈ ਹੈ। ਇਸ ਤੋਂ ਇਲਾਵਾ ਪਹਿਲੇ ਦਸ ਦੇਸ਼ਾਂ ਦੇ ਖਾਤਿਆਂ ਵਿੱਚ ਬੈਂਕਾਂ ਦੀ ਦੋ ਤਿਹਾਈ ਰਾਸ਼ੀ ਜਮ੍ਹਾਂ ਹੈ।
ਪਹਿਲੇ ਪੰਜ ਮੋਹਰੀ ਦੇਸ਼ਾਂ ਦੇ ਵਿੱਚ ਬਰਤਾਨੀਆ, ਅਮਰੀਕਾ, ਵੈਸਟ ਇੰਡੀਜ਼, ਫਰਾਂਸ ਅਤੇ ਹਾਂਗਕਾਂਗ ਸ਼ਾਮਲ ਹਨ।
ਇਸ ਤੋਂ ਅੱਗੇ ਅੰਕੜਿਆਂ ਅਨੁਸਾਰ ਸਿਖ਼ਰਲੇ 15 ਦੇਸ਼ਾਂ ਦੇ ਖਾਤਿਆਂ ਵਿੱਚ 75 ਫੀਸਦੀ ਰਾਸ਼ੀ ਜਮ੍ਹਾਂ ਹੈ ਅਤੇ ਪਹਿਲੇ 30 ਦੇਸ਼ਾਂ ਦੇ ਖਾਤਿਆਂ ਵਿੱਚ 90 ਫੀਸਦੀ ਰਾਸ਼ੀ ਜਮ੍ਹਾਂ ਹੈ। ਪਹਿਲੇ ਦਸ ਦੇਸ਼ਾਂ ਵਿੱਚ ਬਹਿਮਾਸ, ਜਰਮਨੀ, ਲਕਸ਼ਮਬਰਗ, ਕੇਅਮੈਨ ਟਾਪੂ ਅਤੇ ਸਿੰਗਾਪੁਰ ਸ਼ਾਮਲ ਹਨ। ਜੇ ਸਵਿਸ ਬੈਂਕਾਂ ਦੇ ਵਿੱਚ ਬਰਿਕਸ ਰਾਸ਼ਟਰਾਂ ਦੀ ਸਥਿਤੀ ਉੱਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਰੂਸ ਸਭ ਤੋਂ ਉੱਤੇ ਹੈ ਅਤੇ ਭਾਰਤ ਸਭ ਤੋਂ ਥੱਲੇ ਹੈ। ਰੂਸ ਦਾ ਸਥਾਨ 20ਵਾਂ ਹੈ। ਉਸ ਤੋਂ ਬਾਅਦ ਚੀਨ 22ਵੇਂ ਸਥਾਨ ਉੱਤੇ, ਦੱਖਣੀ ਅਫਰੀਕਾ 60ਵੇਂ ਸਥਾਨ ਉੱਤੇ ਬਰਾਜ਼ੀਲ 65 ਵੇਂ ਸਥਾਨ ਉੱਤੇ ਹੈ। ਜੇ ਗੁਆਂਢੀ ਦੇਸ਼ਾਂ ਦੇ ਵੱਲੋਂ ਸਵਿਸ ਬੈਂਕਾਂ ਵਿੱਚ ਸਾਲ 2018 ਦੇ ਖਤਮ ਹੋਣ ਤੱਕ ਦੇ ਅੰਕੜਿਆਂ ਉੱਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਪਾਕਿਸਤਾਨ ਦਾ ਸਥਾਨ 82ਵਾਂ, ਬੰਗਲਾਦੇਸ਼ ਦਾ 89ਵਾਂ, ਨੇਪਾਲ ਦਾ 109ਵਾਂ, ਸ੍ਰੀਲੰਕਾ ਦਾ 141ਵਾਂ, ਮਿਆਂਮਾਰ ਦਾ 187ਵਾਂ ਅਤੇ ਭੂਟਾਨ ਦਾ 193ਵਾਂ ਸਥਾਨ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …