ਕੈਨੇਡਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੱਡੀ ਰਾਹਤ, ਹੁਣ ਜਲਦ ਮਿਲੇਗਾ ਵੀਜ਼ਾ
ਟੋਰਾਂਟੋ, ਜਲੰਧਰ/ਬਿਊਰੋ ਨਿਊਜ਼ : ਭਾਰਤੀ ਹਾਈ ਕਮਿਸ਼ਨ, ਓਟਾਵਾ ਨੇ ਨਵੇਂ ਸਾਲ ਤੋਂ 10 ਦਿਨ ਪਹਿਲਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਸੌਗਾਤ ਦਿੰਦੇ ਹੋਏ ਕੈਨੇਡਾ ਦੇ ਪਾਸਪੋਰਟ ਧਾਰਕਾਂ ਲਈ ਈ-ਵੀਜ਼ਾ ਦੀ ਸਹੂਲਤ 20 ਦਸੰਬਰ ਤੋਂ ਬਹਾਲ ਕਰ ਦਿੱਤੀ ਹੈ। ਜੋ ਕੈਨੇਡੀਆਈ ਪਾਸਪੋਰਟ ਧਾਰਕ ਯਾਤਰਾ, ਵਪਾਰ, ਸਿਹਤ ਸਬੰਧੀ ਜਾਂ ਸੰਮੇਲਨ ਦੇ ਉਦੇਸ਼ ਨਾਲ ਭਾਰਤ ਜਾਣਾ ਚਾਹੁੰਦੇ ਹਨ, ਉਹ ਈ-ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ।
ਪੰਜਾਬੀ ਮੂਲ ਦੇ ਵਿਅਕਤੀਆਂ ਵਿਚ ਇਸ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ, ਕਿਉਂਕਿ ਕੁਝ ਦਿਨ ਪਹਿਲਾਂ ਐਨਆਰਆਈ ਮਿਲਣੀ ਵਿਚ ਜਲੰਧਰ ਵਿਚ ਕੈਨੇਡੀਆਈ ਸਿਟੀਜ਼ਨ ਨੇ ਇਹ ਮਾਮਲਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਉਠਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਤੋਂ ਬਾਅਦ ਭਾਰਤ ਜਾਣ ਲਈ ਵੀਜ਼ਾ ਪ੍ਰਕਿਰਿਆ ਕਾਫੀ ਜਟਿਲ ਕਰ ਦਿੱਤੀ ਗਈ ਹੈ ਅਤੇ ਈ-ਵੀਜ਼ਾ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਕੇਂਦਰੀ ਵਿਦੇਸ਼ ਮੰਤਰੀ ਦੇ ਸਾਹਮਣੇ ਵੀ ਉਠਾਇਆ ਗਿਆ ਸੀ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਨੇ ਕੈਨੇਡਾ ਵਿਚ ਵੱਖ-ਵੱਖ ਬੀਐਲਐਸ ਕੇਂਦਰਾਂ ਦੇ ਮਾਧਿਅਮ ਨਾਲ ਵੀਜ਼ਾ ਦੇ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸਦੇ ਜਾਰੀ ਹੋਣ ਦੀ ਉਡੀਕ ਕਰਨ। ਅਜਿਹੀਆਂ ਸਾਰੀਆਂ ਅਰਜ਼ੀਆਂ ‘ਤੇ ਪਹਿਲ ਦੇ ਅਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਉਹ ਅਰਜ਼ੀਕਾਰ ਜੋ ਆਪਣੇ ਨਾਲ ਸਬੰਧਤ ਵੀਜ਼ਾ ਅਰਜ਼ੀ ਵਾਪਸ ਲੈਣਾ ਚਾਹੁੰਦੇ ਹਨ, ਉਹ ਵੈਬਸਾਈਟ ‘ਤੇ ਜਾ ਕੇ ਅਜਿਹਾ ਕਰ ਸਕਦੇ ਹਨ ਅਤੇ ਈ-ਵੀਜ਼ਾ ਦੀ ਅਰਜ਼ੀ ਦੇ ਸਕਦੇ ਹਨ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਕੈਨੇਡਾ ਵਿਚ ਬੀਐਲਐਸ ਕੇਂਦਰਾਂ ਵਿਚ ਯਾਤਰਾ, ਕੰਮਕਾਜ, ਸਿਹਤ ਸਬੰਧੀ ਜਾਂ ਸੰਮੇਲਨ ਸਬੰਧੀ ਵੀਜ਼ੇ ਲਈ ਅਰਜ਼ੀ ਦੇਣ ਲਈ ਅਪੁਆਇਟਮੈਂਟ ਬੁੱਕ ਕੀਤੀ ਹੈ ਅਤੇ ਹੁਣ ਇਸਦੀ ਬਜਾਏ ਈ-ਵੀਜ਼ਾ ਦੇ ਲਈ ਅਰਜ਼ੀ ਦੇਣੀ ਚਾਹੁੰਦੇ ਹਨ, ਉਹ ਆਪਣੀ ਅਪੁਆਇੰਟਮੈਂਟ ਸਲੌਟ ਨੂੰ ਰੱਦ ਕਰ ਦੇਣ, ਤਾਂ ਕਿ ਸੇਵਾਵਾਂ ਹੋਰ ਵਿਅਕਤੀਆਂ ਨੂੰ ਉਪਲਬਧ ਹੋ ਸਕਣ।
ਭਾਰਤੀ ਮੂਲ ਦੇ ਵਿਅਕਤੀਆਂ ਲਈ ਗੁੱਡ ਨਿਊਜ਼
ਕੈਨੇਡਾ ਵਿਚ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਈ-ਵੀਜ਼ਾ ਸ਼ੁਰੂ ਹੋਣ ਨਾਲ ਕਾਫੀ ਲਾਭ ਹੋਵੇਗਾ ਅਤੇ ਹੁਣ ਈ-ਵੀਜ਼ਾ ਨਾਲ ਹੀ ਵਿਅਕਤੀ ਭਾਰਤ ਜਾ ਸਕਣਗੇ।
ਆਨਲਾਈਨ ਕਰੋ ਅਪਲਾਈ
ਹਾਈਕਮਿਸ਼ਨ ਨੇ ਕਿਹਾ ਕਿ ਕੈਨੇਡੀਆਈ ਪਾਸਪੋਰਟ ਧਾਰਕ ਕਿਸੇ ਵੀ ਉਦੇਸ਼ ਲਈ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ, ਜੋ ਈ-ਵੀਜ਼ਾ ਲਈ ਯੋਗ ਨਹੀਂ ਹਨ, ਉਹ https://www.blsindia-canada.com ‘ਤੇ ਪੇਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ।
ਜੋ ਆਪਣੇ ਨਾਲ ਸਬੰਧਤ ਵੀਜ਼ਾ ਅਰਜ਼ੀ ਵਾਪਸ ਲੈਣਾ ਚਾਹੁੰਦੇ ਹਨ, ਉਹ ਵੈਬਸਾਈਟ https://www.blsindia-canada.com/ ‘ਤੇ ਵਾਪਸੀ ਦਾ ਬਦਲ ਚੁਣ ਕੇ ਅਪਲਾਈ ਕਰ ਸਕਦੇ ਹਨ।