Breaking News
Home / ਹਫ਼ਤਾਵਾਰੀ ਫੇਰੀ / ਅੰਮ੍ਰਿਤਪਾਲ ਨੂੰ ਲੈ ਕੇ ਹੋਰ ਉਲਝਦੀ ਤਾਣੀ

ਅੰਮ੍ਰਿਤਪਾਲ ਨੂੰ ਲੈ ਕੇ ਹੋਰ ਉਲਝਦੀ ਤਾਣੀ

ਗ੍ਰਿਫਤਾਰੀ ਜਾਂ ਸਰੰਡਰ ਦੀਆਂ ਚਰਚਾਵਾਂ ਸਿਖਰਾਂ ‘ਤ¶
ਚੰਡੀਗੜ੍ਹ : 18 ਮਾਰਚ ਤੋਂ ਲੈ ਕੇ 30 ਮਾਰਚ ਦੀ ਦੇਰ ਰਾਤ ਤੱਕ ਅੰਮ੍ਰਿਤਪਾਲ ਸਿੰਘ ਮਾਮਲੇ ਦੀ ਤਾਣੀ ਸੁਲਝਣ ਦੀ ਬਜਾਏ ਹੋਰ ਉਲਝਦੀ ਹੋਈ ਨਜ਼ਰ ਆ ਰਹੀ ਹੈ। ਜਿੱਥੇ 12 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਵਿਚੋਂ ਬਚ ਨਿਕਲਣ ‘ਚ ਕਾਮਯਾਬ ਰਿਹਾ। ਉਥੇ ਨਾਲ ਹੀ ਇਹ ਵੀ ਸਵਾਲ ਖੜ੍ਹਾ ਹੋਇਆ ਕਿ ਫਿਰ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਵਿਚ ਕਿਵੇਂ ਨਾਕਾਮ ਰਹੀ। ਕਿਉਂਕਿ ਇਕ ਪਾਸੇ ਪੁਲਿਸ ਦਾਅਵੇ ਕਰ ਰਹੀ ਹੈ ਕਿ ਅਸੀਂ ਅੰਮ੍ਰਿਤਪਾਲ ਦੀ ਪੈੜ ਨੱਪਦੇ ਜਾ ਰਹੇ ਹਾਂ।
ਦੂਜੇ ਪਾਸੇ ਉਸ ਦੀ ਲੋਕੇਸ਼ਨ, ਉਸ ਦੀ ਵੀਡੀਓ ਬਣਾਉਣ ਵਾਲੀ ਥਾਂ ਨੂੰ ਪੁਲਿਸ ਨੇਪਾਲ ਬਾਰਡਰ ਦੇ ਨੇੜੇ ਯੂਪੀ ਦੱਸਦੀ ਹੈ। ਪਰ ਅਚਾਨਕ ਵਾਇਆ ਕੁਰਕੂਸ਼ੇਤਰ ਨੇਪਾਲ ਬਾਰਡਰ ਤੱਕ ਪਹੁੰਚਣ ਦੀਆਂ ਚਰਚਾਵਾਂ ਵਾਲੇ ਅੰਮ੍ਰਿਤਪਾਲ ਦੀ ਭਾਲ ਵਿਚ ਪੁਲਿਸ ਹੁਸ਼ਿਆਰਪੁਰ ਨੂੰ ਛਾਣਮਾਰਦੀ ਹੈ। ਫਿਰ ਦਾਅਵਾ ਕੀਤਾ ਜਾਂਦਾ ਹੈ ਕਿ ਅੰਮ੍ਰਿਤਪਾਲ ਜਲੰਧਰ ਦੇ ਇਕ ਡੇਰੇ ਵਿਚ ਲੁਕਿਆ ਹੈ। ਫਿਰ ਇਹ ਤੱਥ ਵੀ ਸਾਹਮਣੇ ਲਿਆਂਦੇ ਜਾਂਦੇ ਹਨ ਕਿ ਅੰਮ੍ਰਿਤਪਾਲ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਸਰੰਡਰ ਵੀ ਕਰ ਸਕਦਾ ਹੈ। ਇਸੇ ਵਿਚਾਲੇ ਚਰਚਾਵਾਂ ਇਹ ਵੀ ਛਿੜਦੀਆਂ ਹਨ ਕਿ ਅੰਮ੍ਰਿਤਪਾਲ ਨੇ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਤਿੰਨ ਸ਼ਰਤਾਂ ਰੱਖੀਆਂ ਹਨ। ਇਸ ਸਭ ਦੇ ਦਰਮਿਆਨ ਹੀ ਦੋ ਤਰ੍ਹਾਂ ਦੀਆਂ ਇਹ ਚਰਚਾਵਾਂ ਵੀ ਜ਼ੋਰਾਂ ‘ਤੇ ਹਨ ਜਿਨ੍ਹਾਂ ਵਿਚੋਂ ਇਕ ਕਿ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਵਿਚ ਹੈ, ਦੂਜੀ ਇਹ ਕਿ ਅੰਮ੍ਰਿਤਪਾਲ ਹੁਣ ਇਨ੍ਹਾਂ ਦੀ ਪਕੜ ਵਿਚੋਂ ਦੂਰ ਜਾ ਚੁੱਕਿਆ ਹੈ। ਪਰ ਸਭ ਤੋਂ ਵੱਡੀ ਚਰਚਾ ਇਹੋ ਹੈ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਪੰਜਾਬ ਦੇ ਅਕਸ ਨੂੰ ਕਿਉਂ ਵਿਗਾੜਿਆ ਜਾ ਰਿਹਾ ਹੈ। ਇਸ ਪਿੱਛੇ ਕੀ ਕੋਈ ਰਾਜਨੀਤਿਕ ਧਿਰ ਜਾਂ ਰਾਜਨੀਤਿਕ ਲਾਲਸਾ ਕੰਮ ਕਰ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਵਾਸੀ ਫਿਕਰਮੰਦ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜਥੇਦਾਰ ਸਾਹਬ ਵੱਲੋਂ ਅੰਮ੍ਰਿਤਪਾਲ ਨੂੰ ਕੀਤੀ ਗਈ ਅਪੀਲ ਦਾ ਉਸ ‘ਤੇ ਕੀ ਅਸਰ ਹੁੰਦਾ ਹੈ ਅਤੇ ਦੂਜਾ ਕੀ ਅੰਮ੍ਰਿਤਪਾਲ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸਾਖੀ ਮੌਕੇ ਸਰਬੱਤ ਖਾਲਸਾ ਬੁਲਾਉਣਗੇ। ਫਿਲਹਾਲ ਤਾਣੀ ਪੂਰੀ ਤਰ੍ਹਾਂ ਉਲਝੀ ਹੋਈ ਹੈ।
ਅੰਮ੍ਰਿਤਪਾਲ ਦੀ ਵੀਡੀਓ ਨੇ ਸ਼ੰਕੇ ਮੁਕਾਉਣ ਦੀ ਬਜਾਏ ਹੋਰ ਵਧਾਏ
ਅੰਮ੍ਰਿਤਪਾਲ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਬੇਸ਼ੱਕ ਉਸ ਨੇ ਖੁਦ ਨੂੰ ਚੜ੍ਹਦੀਕਲਾ ‘ਚ ਦੱਸਦਿਆਂ ਜਥੇਦਾਰ ਸਾਹਬ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ ਪਰ ਇਸ ਵੀਡੀਓ ਨੇ ਅੰਮ੍ਰਿਤਪਾਲ ਨੂੰ ਲੈ ਕੇ ਹੀ ਖੜ੍ਹੇ ਹੋਏ ਕਈ ਸ਼ੰਕੇ ਦੂਰ ਕੀਤੇ ਹਨ, ਉਥੇ ਹੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਨਵੇਂ ਸ਼ੰਕੇ ਅਤੇ ਸਵਾਲ ਪੈਦਾ ਵੀ ਹੋ ਗਏ ਹਨ ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ਕੀ ਇਹ ਵੀਡੀਓ ਅੰਮ੍ਰਿਤਪਾਲ ਨੇ ਖੁਦ ਜਾਰੀ ਕੀਤੀ ਹੈ, ਕੀ ਅੰਮ੍ਰਿਤਪਾਲ ਤੋਂ ਇਹ ਵੀਡੀਓ ਜਬਰੀ ਬਣਵਾਈ ਹੈ, ਕੀ ਅੰਮ੍ਰਿਤਪਾਲ ਪੁਲਿਸ ਦੀ ਕਸਟਡੀ ‘ਚ ਹੈ ਜਾਂ ਪਕੜ ਤੋਂ ਬਾਹਰ ਹੈ।
ਜ਼ਿਕਰਯੋਗ ਹੈ ਪੰਜਾਬ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਥਿਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲਿਸ, ਜੋ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਮੁਹਿੰਮ ਚਲਾ ਰਹੀ ਹੈ, ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੰਮ੍ਰਿਤਪਾਲ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਪੁਲਿਸ ਵਲੋਂ ਸੂਬੇ ਭਰ ਵਿਚ ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਆਪਣੇ ਸਾਥੀਆਂ ‘ਤੇ ਐਨ.ਐਸ.ਏ. ਲਗਾਉਣ ਦੀ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਉਸੇ ਤਰ੍ਹਾਂ ਅੱਤਿਆਚਾਰ ਕਰਵਾ ਰਹੀ ਹੈ ਜਿਵੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵਲੋਂ ਕੀਤਾ ਗਿਆ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਸਿੱਖ ਕੌਮ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਨਹੀਂ, ਉਹ ਪਹਿਲਾਂ ਹੀ ਜਾਗਰੂਕ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਦੀ ਮੌਜੂਦਾ ਸਥਿਤੀ ਤੇ ਮਸਲਿਆਂ ਨੂੰ ਵਿਚਾਰਨ ਲਈ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਉਹ ਸਰਬੱਤ ਖ਼ਾਲਸਾ ਸੱਦ ਕੇ ਕੌਮ ਨੂੰ ਮੌਜੂਦਾ ਸਥਿਤੀ ‘ਚੋਂ ਕੱਢਣ ਲਈ ਫ਼ੈਸਲਾ ਲੈਣ।
ਉਨ੍ਹਾਂ ਵਿਸ਼ਵ ਭਰ ਦੇ ਸਿੱਖਾਂ ਨੂੰ ਇਸ ਸਰਬੱਤ ਖ਼ਾਲਸਾ ਵਿਚ ਪੁੱਜਣ ਤੇ ਇਸ ਨੂੰ ਸਮਰਥਨ ਦੇਣ ਦੀ ਵੀ ਅਪੀਲ ਕੀਤੀ। ਕੋਈ 5 ਮਿੰਟਾਂ ਤੋਂ ਵੱਧ ਦੇ ਲਾਈਵ ਹੋ ਕੇ ਦਿੱਤੇ ਸੰਦੇਸ਼ ‘ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦਾ ਜ਼ੁਲਮ ਸਭ ਹੱਦਾਂ ਟੱਪ ਗਿਆ ਹੈ। ਨੌਜਵਾਨਾਂ ਨੂੰ ਦੋਸ਼ੀ ਬਣਾ ਕੇ ਜੇਲ੍ਹਾਂ ‘ਚ ਸੁੱਟਿਆ ਗਿਆ ਹੈ ਤੇ ਅਪਾਹਜ, ਔਰਤਾਂ ਤੇ ਬੱਚਿਆਂ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੈਨੂੰ ਹੀ ਗ੍ਰਿਫ਼ਤਾਰ ਕਰਨਾ ਸੀ ਤਾਂ ਮੈਨੂੰ ਘਰੋਂ ਵੀ ਕਰ ਸਕਦੇ ਸਨ ਪ੍ਰੰਤੂ ਸਰਕਾਰ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਕਿਹਾ ਕਿ ਮਸਲਾ ਮੇਰੀ ਗ੍ਰਿਫ਼ਤਾਰੀ ਦਾ ਨਹੀਂ ਅਤੇ ਨਾ ਤਾਂ ਮੈਂ ਕਦੀ ਗ੍ਰਿਫ਼ਤਾਰ ਹੋਣ ਤੋਂ ਡਰਿਆ ਸੀ ਤੇ ਨਾ ਹੀ ਡਰਦਾ ਹਾਂ, ਪਰ ਮਸਲਾ ਸਿੱਖ ਕੌਮ ਦੇ ਭਵਿੱਖ ਦਾ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਵਲੋਂ ਸਿੱਖ ਜਥੇਬੰਦੀਆਂ ਦਾ ਇਕੱਠ ਸੱਦ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਪਰ ਸਰਕਾਰ ਵਲੋਂ ਇਸ ਦਾ ਨੋਟਿਸ ਲੈਣ ਦੀ ਥਾਂ ਅੱਗੋਂ ਭੱਦੀ ਟਿੱਚਰ ਕਰਨ ਦੀ ਕਾਰਵਾਈ ਨਿੰਦਣਯੋਗ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਉਹ ਸਖ਼ਤ ਸਟੈਂਡ ਲੈਂਦਿਆਂ ਕੌਮ ਨੂੰ ਅਗਵਾਈ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਜਿਸ ਮਾਰਗ ‘ਤੇ ਅਸੀਂ ਚੱਲੇ ਹਾਂ ਉਸ ਵਿਚ ਤਸ਼ੱਦਦ ਤਾਂ ਝੱਲਣਾ ਹੀ ਪਵੇਗਾ।
ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੇਰਾ ਹਜ਼ਾਰਾਂ-ਲੱਖਾਂ ਦੇ ਘੇਰੇ ‘ਚੋਂ ਨਿਕਲਣਾ ਮਾਲਕ ਦੀ ਕਿਰਪਾ ਹੀ ਸੀ ਅਤੇ ਕੋਈ ਵੀ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਮੈਂ ਚੜ੍ਹਦੀ ਕਲਾ ‘ਚ ਹਾਂ ਅਤੇ ਹੋਰ ਸਿੰਘ ਵੀ ਚੜ੍ਹਦੀ ਕਲਾ ਵਿਚ ਹਨ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …