ਟੋਰਾਂਟੋ/ਬਿਊਰੋ ਨਿਊਜ਼ : ਮੈਨੀਟੋਬਾ ਵਿਚ ਇਕ ਸਕੂਲ ਬੱਸ ਬੇਕਾਬੂ ਹੋ ਕੇ ਪਲਟ ਗਈ ਜਿਸ ਕਾਰਨ ਡਰਾਈਵਰ ਤੇ 14 ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਚਾਰ ਜਣਿਆਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਵਿਨੀਪੈਗ ਦੇ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਮੈਨੀਟੋਬਾ ਸੂਬੇ ਦੇ ਹਾਈਵੇਅ 10 ‘ਤੇ ਮੈਫ਼ੇਕਿੰਗ ਕਸਬੇ ਤੋਂ 13 ਕਿਲੋਮੀਟਰ ਦੱਖਣ ਵੱਲ ਉਸ ਵੇਲੇ ਵਾਪਰਿਆ ਜਦੋਂ ਸਕੂਲ ਬੱਸ ਦੇ ਡਰਾਈਵਰ ਨੇ ਇਕ ਹੋਰ ਬੱਸ ਨੂੰ ਓਵਰਟੇਕ ਕਰਨ ਦਾ ਯਤਨ ਕੀਤਾ ਪਰ ਰਫ਼ਤਾਰ ਜ਼ਿਆਦਾ ਹੋਣ ਕਰ ਕੇ ਇਹ ਬੱਸ ਬੇਕਾਬੂ ਹੋ ਗਈ ਅਤੇ ਖਤਾਨਾਂ ਵਿਚ ਪਲਟ ਗਈ। ਬੱਸ ਵਿਚ ਸਵਾਰ ਬੱਚੇ ਸਕੂਲ ਜਾ ਰਹੇ ਸਨ। ਸਵੈਨ ਵੈਲੀ ਸਕੂਲ ਡਿਵੀਜ਼ਨ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿਚ 16 ਸਾਲ ਤੋਂ 18 ਸਾਲ ਉਮਰ ਦੇ 14 ਵਿਦਿਆਰਥੀ ਅਤੇ ਡਰਾਈਵਰ ਸਵਾਰ ਸੀ।
ਸਿਹਤ ਵਿਭਾਗ ਨੇ ਦੱਸਿਆ ਕਿ 15 ਜ਼ਖ਼ਮੀਆਂ ਨੂੰ ਸਵੈਨ ਵੈਲੀ ਹੈਲਥ ਸੈਂਟਰ ਭੇਜਿਆ ਗਿਆ ਅਤੇ ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਏਅਰ ਲਿਫ਼ਟ ਕਰਦਿਆਂ ਵਿਨੀਪੈਗ ਦੇ ਚਿਲਡਰਨ ਹਸਪਤਾਲ ਅਤੇ ਐਡਲਟ ਐਮਰਜੈਂਸੀ ਸੈਂਟਰ ਵਿਚ ਦਾਖਲ ਕਰਵਾਇਆ ਗਿਆ। ਕਈ ਵਿਦਿਆਰਥੀਆਂ ਦੇ ਟਾਂਕੇ ਲੱਗੇ ਅਤੇ ਕਈ ਦੇ ਮੋਢੇ ਦੀ ਹੱਡੀ ਟੁੱਟ ਗਈ। ਹਾਦਸੇ ਬਾਰੇ ਪਤਾ ਲਗਦਿਆਂ ਹੀ ਮਾਪਿਆਂ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਆਪਣੇ ਬੱਚਿਆਂ ਨਾਲ ਮੁਲਾਕਾਤ ਕਰਨ ਪੁੱਜੇ। ਹਾਦਸੇ ਨੂੰ ਵੇਖਦਿਆਂ ਸਕੂਲ ਬੱਸਾਂ ਵਿਚ ਵੀ ਸੀਟ ਬੈਲਟ ਲਾਜ਼ਮੀ ਕੀਤੇ ਜਾਣ ਦੀ ਮੰਗ ਉੱਠ ਰਹੀ ਹੈ।

