Breaking News
Home / ਹਫ਼ਤਾਵਾਰੀ ਫੇਰੀ / ਕਣਕ ਖਰੀਦ : ਪੰਜਾਬ ਲਈ ਰਾਹਤ ਜਾਂ ਆਫਤ

ਕਣਕ ਖਰੀਦ : ਪੰਜਾਬ ਲਈ ਰਾਹਤ ਜਾਂ ਆਫਤ

ਸੁੰਗੜੇ ਤੇ ਟੁੱਟੇ ਦਾਣੇ ਵਾਲੀ 6 ਤੋਂ 18 ਫੀਸਦੀ ਫਸਲ ‘ਤੇ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਪ੍ਰਤੀ ਕੁਇੰਟਲ ਕਟੌਤੀ ਦੇ ਕੇਂਦਰ ਨੇ ਦਿੱਤੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਭਾਰਤ ਸਰਕਾਰ ਨੇ ਉਕਤ ਸੂਬਿਆਂ ‘ਚ ਕਣਕ ਦੀ ਖ਼ਰੀਦ ਲਈ ਨਿਰਧਾਰਤ ਗੁਣਵੱਤਾ ਮਾਪਦੰਡਾਂ ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਅਜਿਹੀ ਫ਼ਸਲ ਦੀ ਖ਼ਰੀਦ ਲਈ ਮੁੱਲ ‘ਚ ਕਟੌਤੀ ਵੀ ਕੀਤੀ ਜਾਵੇਗੀ। ਕੇਂਦਰੀ ਖੁਰਾਕ ਮੰਤਰਾਲੇ ‘ਚ ਵਧੀਕ ਸਕੱਤਰ ਸੁਬੋਧ ਕੁਮਾਰ ਸਿੰਘ ਨੇ ਦੱਸਿਆ ਕਿ ਖ਼ੇਤਰੀ (ਫੀਲਡ) ਸਰਵੇਖਣ ਦੇ ਬਾਅਦ ਅਸੀਂ ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ‘ਚ ਕਣਕ ਦੀ ਖ਼ਰੀਦ ਲਈ ਗੁਣਵੱਤਾ ਮਾਪਦੰਡਾਂ ‘ਚ ਢਿੱਲ ਦਿੱਤੀ ਹੈ। ਸਰਕਾਰ ਨੇ ਇਕਸਾਰ ਨਿਰਧਾਰਨ ਦੇ ਤਹਿਤ 6 ਫ਼ੀਸਦੀ ਦੀ ਮੌਜੂਦਾ ਸੀਮਾ (ਲਿਮਟ) ਦੇ ਮੁਕਾਬਲੇ 18 ਫ਼ੀਸਦੀ ਤੱਕ ਸੁੰਗੜੇ ਤੇ ਟੁੱਟੇ ਹੋਏ ਦਾਣੇ ਤੱਕ ਛੋਟ ਦਿੱਤੀ ਹੈ। 6 ਫ਼ੀਸਦੀ ਤੱਕ ਸੁੱਕੇ ਅਤੇ ਟੁੱਟੇ ਹੋਏ ਦਾਣੇ ਵਾਲੀ ਕਣਕ ‘ਤੇ ਕੋਈ ਮੁੱਲ ਕਟੌਤੀ ਲਾਗੂ ਨਹੀਂ ਹੋਵੇਗੀ। ਦਸ ਫ਼ੀਸਦੀ ਤੱਕ ਬਗੈਰ ਚਮਕ ਵਾਲੇ ਦਾਣੇ ‘ਤੇ ਮੁੱਲ ਕਟੌਤੀ ਲਾਗੂ ਨਹੀਂ ਹੋਵੇਗੀ, ਜਦਕਿ 10 ਤੋਂ 80 ਫ਼ੀਸਦੀ ਤੱਕ ਚਮਕ ਘੱਟ ਹੋਣ ਵਾਲੇ ਦਾਣੇ ‘ਤੇ ਇਕਸਮਾਨ ਆਧਾਰ ‘ਤੇ 5.31 ਰੁਪਏ ਪ੍ਰਤੀ ਕੁਇੰਟਲ ਦੀ ਮੁੱਲ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖਰਾਬ ਹੋਇਆ ਅਤੇ ਥੋੜ੍ਹਾ ਜਿਹਾ ਨੁਕਸਾਨਿਆ ਅਨਾਜ ਦੋਵਾਂ ਨੂੰ ਮਿਲਾ ਕੇ 6 ਫ਼ੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭੰਡਾਰਨ ਦੇ ਦੌਰਾਨ ਛੋਟ ਦਿੱਤੇ ਗਏ ਮਾਪਦੰਡਾਂ ਦੇ ਤਹਿਤ ਖ਼ਰੀਦੀ ਗਈ ਕਣਕ ਦੇ ਸਟਾਕ ਦੀ ਗੁਣਵੱਤਾ ‘ਚ ਕੋਈ ਗਿਰਾਵਟ ਦੀ ਰਾਜ ਸਰਕਾਰਾਂ ਦੀ ਪੂਰੀ ਜ਼ਿੰਮੇਵਾਰੀ ਹੋਵੇਗੀ। ਇਸ ਕਣਕ ਦੀ ਤਰਜੀਹ ਦੇ ਆਧਾਰ ‘ਤੇ ਚੁਕਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟ ਦੇ ਕਾਰਨ ਕੋਈ ਵੀ ਵਿੱਤੀ ਜਾਂ ਸੰਚਾਲਨ ਸੰਬੰਧੀ ਪ੍ਰਭਾਵ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੋਵੇਗੀ। ਕੇਂਦਰ ਨੇ ਇਨ੍ਹਾਂ ਰਾਜ ਸਰਕਾਰਾਂ ਨੂੰ ਕਿਸਾਨਾਂ ਨੂੰ ਅਦਾਇਗੀ ਕਰਦੇ ਸਮੇਂ 2125 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ ‘ਚ ਕਟੌਤੀ ਕਰਨ ਨੂੰ ਵੀ ਕਿਹਾ ਹੈ।
ਹਾਸਲ ਜਾਣਕਾਰੀ ਮੁਤਾਬਿਕ ਖ਼ਪਤਕਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਸਾਰੀ ਕਣਕ ਦੀ ਖ਼ਰੀਦ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਅੰਕੜਿਆਂ ਮੁਤਾਬਿਕ ਮੌਸਮ ਦੇ ਕਾਰਨ ਪੰਜਾਬ ‘ਚ 14.57 ਲੱਖ ਹੈਕਟੇਅਰ ਰਕਬੇ ਦੀ ਫਸਲ ਪ੍ਰਭਾਵਿਤ ਹੋਈ ਹੈ। ਸਰਕਾਰ ਵਲੋਂ ਕੀਤੀ ਛੋਟ ਦੇ ਐਲਾਨ ਦੇ ਨਾਲ ਮੁੱਲ ‘ਚ ਕੀਤੀ ਕਟੌਤੀ ਨੂੰ ਵੱਖ-ਵੱਖ ਪੈਮਾਨਿਆਂ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ। ਚਮਕ ‘ਚ 10 ਫੀਸਦੀ ਤੱਕ ਦੀ ਕਮੀ ‘ਤੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਜਦਕਿ 10 ਤੋਂ 80 ਫ਼ੀਸਦੀ ਚਮਕ ਦੀ ਕਮੀ ‘ਚ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਕਣਕ ਦੇ ਦਾਣਿਆਂ ‘ਚ 6 ਫ਼ੀਸਦੀ ਦੇ ਨੁਕਸਾਨ ਤੱਕ ਕੋਈ ਕਟੌਤੀ ਨਹੀਂ, 6 ਤੋਂ 8 ਫ਼ੀਸਦੀ ਦੇ ਨੁਕਸਾਨ ‘ਤੇ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ, 8 ਤੋਂ 10 ਫ਼ੀਸਦੀ ਦੇ ਨੁਕਸਾਨ ‘ਤੇ 10 ਰੁਪਏ 62 ਪੈਸੇ ਪ੍ਰਤੀ ਕੁਇੰਟਲ, 15 ਤੋਂ 16 ਫ਼ੀਸਦੀ ਦੇ ਨੁਕਸਾਨ ‘ਤੇ 26 ਰੁਪਏ 66 ਪੈਸੇ ਅਤੇ 16 ਤੋਂ 18 ਫ਼ੀਸਦੀ ਨੁਕਸਾਨ ‘ਤੇ 31 ਰੁਪਏ 87 ਪੈਸੇ ਪ੍ਰਤੀ ਕੁਇੰਟਲ ਦੀ ਕਟੌਤੀ ਦਾ ਐਲਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਐਲਾਨ ਤੋਂ ਪਹਿਲਾਂ ਕੇਂਦਰ ਦੀ ਟੀਮ ਵਲੋਂ ਬੇਮੌਮਸੀ ਬਾਰਿਸ਼ ਕਾਰਨ ਪੰਜਾਬ ‘ਚ ਹੋਏ ਫਸਲਾਂ ਦੇ ਖਰਾਬੇ ਦਾ ਜਾਇਜ਼ਾ ਲੈਣ ਲਈ ਸੂਬੇ ਦਾ ਦੌਰਾ ਕੀਤਾ ਗਿਆ ਸੀ। ਹਲਕਿਆਂ ਮੁਤਾਬਿਕ ਮੰਤਰਾਲੇ ਵਲੋਂ ਭੇਜੀ ਗਈ ਟੀਮ ਵਲੋਂ ਇਹ ਪਾਇਆ ਗਿਆ ਕਿ ਪੰਜਾਬ ਦੀਆਂ ਮੰਡੀਆਂ ‘ਚ ਵੱਖ-ਵੱਖ ਥਾਵਾਂ ‘ਤੇ ਆ ਰਹੀ ਕਣਕ ‘ਚ 20 ਫ਼ੀਸਦੀ ਤੋਂ ਵੱਧ ਨਮੀ ਪਾਈ ਗਈ ਅਤੇ ਦਾਣਿਆਂ ‘ਚ ਚਮਕ ਨਹੀਂ ਹੈ। ਇਸ ਤੋਂ ਪਹਿਲਾਂ 31 ਮਾਰਚ ਨੂੰ ਮੰਤਰਾਲੇ ਵਲੋਂ ਮੱਧ ਪ੍ਰਦੇਸ਼ ਦੇ ਲਈ ਖ਼ਰੀਦ ਦੇ ਨੇਮਾਂ ‘ਚ ਛੋਟ ਦਾ ਐਲਾਨ ਕੀਤਾ ਸੀ। ਹਾਸਲ ਅੰਕੜਿਆਂ ਮੁਤਾਬਿਕ ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਅਤੇ ਲੋੜੀਂਦਾ ਭੰਡਾਰ ਰੱਖਣ ਨੂੰ ਯਕੀਨੀ ਬਣਾਉਣ ਲਈ ਐਫ. ਸੀ. ਆਈ. ਅਤੇ ਹੋਰਨਾਂ ਸੂਬਾਈ ਏਜੰਸੀਆਂ ਨੂੰ ਅਪ੍ਰੈਲ ਤੋਂ ਜੂਨ 2023 ਦੇ ਸੀਜ਼ਨ ਦੌਰਾਨ ਕਿਸਾਨਾਂ ਤੋਂ ਘੱਟੋ-ਘੱਟ 30 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨੀ ਹੋਵੇਗੀ।
ਕਟੌਤੀ ਲਾਏਗੀ 350 ਕਰੋੜ ਦਾ ਰਗੜਾ : ਪੰਜਾਬ ਵਿਚ ਕਣਕ ਦੀ ਫ਼ਸਲ ਦੇ ਮੁੱਲ ‘ਚ ਕਟੌਤੀ ਨਾਲ ਕਿਸਾਨੀ ਨੂੰ ਕਰੀਬ 350 ਕਰੋੜ ਰੁਪਏ ਤੱਕ ਦਾ ਰਗੜਾ ਲੱਗਣ ਦੀ ਸੰਭਾਵਨਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਇਹ ਫ਼ਸਲ ਸੁੰਗੜੀ ਵੀ ਹੈ, ਦਾਣੇ ਵੀ ਟੁੱਟੇ ਹਨ ਅਤੇ ਫ਼ਸਲ ਬਦਰੰਗ ਵੀ ਹੋਈ ਹੈ। ਦੋਵੇਂ ਤਰ੍ਹਾਂ ਦੀ ਕਟੌਤੀ ਪ੍ਰਤੀ ਕੁਇੰਟਲ 37.18 ਰੁਪਏ ਬਣਦੀ ਹੈ। ਸਮੁੱਚੀ ਫ਼ਸਲ ਕਟੌਤੀ ਫ਼ਾਰਮੂਲੇ ਵਿਚ ਆਉਂਦੀ ਹੈ ਤਾਂ ਕਿਸਾਨੀ ਨੂੰ 350 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਕਟੌਤੀ ਨੂੰ ਪੰਜਾਹ ਫ਼ੀਸਦੀ ਵੀ ਘਟਾ ਲਿਆ ਜਾਵੇ ਤਾਂ ਵੀ ਇਹ ਨੁਕਸਾਨ 200 ਕਰੋੜ ਤੋਂ ਉਪਰ ਦਾ ਹੋਵੇਗਾ।
ਹਰਿਆਣਾ ਅਤੇ ਚੰਡੀਗੜ੍ਹ ਨੂੰ ਵੀ ਢਿੱਲ : ਭਾਰਤ ਸਰਕਾਰ ਨੇ ਇਸੇ ਤਰਜ਼ ‘ਤੇ ਹਰਿਆਣਾ ਅਤੇ ਚੰਡੀਗੜ੍ਹ (ਯੂ.ਟੀ) ਨੂੰ ਗੁਣਵੱਤਾ ਦੇ ਮਾਪਦੰਡਾਂ ਵਿਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਵਾਂਗ ਹਰਿਆਣਾ ਤੇ ਚੰਡੀਗੜ੍ਹ ‘ਤੇ ਵੀ ਵੈਲਿਊ ਕੱਟ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ਮਾਪਦੰਡਾਂ ਵਿਚ ਢਿੱਲ ਦਿੱਤੀ ਸੀ ਅਤੇ ਉਸ ਸੂਬੇ ਵਿਚ ਵੀ ਫ਼ਸਲੀ ਮੁੱਲ ‘ਚ ਕਟੌਤੀ ਫ਼ਾਰਮੂਲਾ ਲਾਗੂ ਕੀਤਾ ਗਿਆ ਹੈ।
ਕੇਂਦਰ ਦੀਆਂ ਮਿੰਨਤਾਂ ਨਹੀਂ ਕਰਾਂਗੇ, ਭਰਪਾਈ ਅਸੀਂ ਕਰਾਂਗੇ : ਮਾਨ
ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਤੇ ਝੱਖੜ ਕਾਰਨ ਖਰਾਬ ਹੋਈ ਕਣਕ ਲਈ ਕੇਂਦਰ ਸਰਕਾਰ ਵੱਲੋਂ ਮੁੱਲ ਵਿਚ ਕੀਤੀ ਕਟੌਤੀ ਦੀ ਭਰਪਾਈ ਕਿਸਾਨਾਂ ਨੂੰ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ। ਮੁੱਖ ਮੰਤਰੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਿਹਾਲਗੜ੍ਹ ‘ਚ ਮਹਾਨ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸੁਤੰਤਰ ਦੇ ਪਰਦੇ ਤੋਂ ਬੁੱਤ ਹਟਾਉਣ ਤੋਂ ਬਾਅਦ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਲ ਵਿਚ ਕਟੌਤੀ ਨਾ ਕਰਨ ਲਈ ਕੇਂਦਰ ਸਰਕਾਰ ਅੱਗੇ ਤਰਲੇ ਨਹੀਂ ਕੱਢੇ ਜਾਣਗੇ।

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …