ਕੋਰਟ ਨੇ ਅਖ਼ਬਾਰਾਂ ਦੀ ਕਟਿੰਗ ਮੰਗੀ, ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤਉਲ੍ਹਾ ਦੀ ਬੈਂਚ ਵੱਲੋਂ ਅੱਜ ਸੁਣਵਾਈ ਕੀਤੀ ਗਈ। ਇਸ ਮੌਕੇ ਅਦਾਲਤ ਵਿਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਵੀ ਮੌਜੂਦ ਰਹੇ। ਸੁਣਵਾਈ ਦੌਰਾਨ ਪਤੰਜਲੀ ਦੇ ਐਡਵੋਕੇਟ ਮੁਕੁਲ ਰੋਹਤਗੀ ਨੇ ਅਦਾਲਤ ਨੂੰ ਕਿਹਾ ਕਿ ਅਸੀਂ ਮੁਆਫੀਨਾਮਾ ਫਾਇਲ ਕਰ ਦਿੱਤਾ ਹੈ ਅਤੇ ਸਾਡੇ ਵੱਲੋਂ ਇਸ ਨੂੰ 67 ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਇਸ ’ਤੇ ਜਸਟਿਸ ਹਿਮਾ ਕੋਹਲੀ ਨੇ ਕਿਹਾ ਇਸ਼ਤਿਹਾਰਾਂ ਦੀ ਕਟਿੰਗ ਲੈ ਲਓ ਅਤੇ ਸਾਨੂੰ ਭੇਜ ਦਿਓ। ਅਸੀਂ ਇਸਤਿਹਾਰ ਦਾ ਅਸਲ ਵਿਚ ਸਾਈਜ਼ ਚੈਕ ਕਰਨਾ ਚਾਹੁੰਦੇ ਹਾਂ ਕਿ ਇਹ ਅਸਾਨੀ ਨਾਲ ਪੜ੍ਹ ਹੁੰਦਾ ਹੈ ਜਾਂ ਨਹੀਂ। ਜਸਟਿਸ ਕੋਹਲੀ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਵੀ ਇਸ਼ਤਿਹਾਰ ਪ੍ਰਕਾਸ਼ਿਤ ਕਰਦੇ ਹੋ ਤਾਂ ਇਸ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਨੂੰ ਮਾਈਕਰੋਸਕੋਪ ਰਾਹੀਂ ਦੇਖੀਏ। ਇਸ਼ਤਿਹਾਰ ਦਾ ਅਖਬਾਰ ਦੇ ਪੰਨੇ ’ਤੇ ਛਪਣਾ ਹੀ ਕਾਫ਼ੀ ਨਹੀਂ ਹੁੰਦਾ ਬਲਕਿ ਇਹ ਪੜ੍ਹਿਆ ਵੀ ਜਾਣਾ ਚਾਹੀਦਾ ਹੈ। ਕੋਰਟ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਪ੍ਰੈਲ ਨੂੰ ਕੀਤੀ ਜਾਵੇਗੀ।