
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵਿਰੋਧੀ ਧਿਰ ਦੇ ਹੰਗਾਮਿਆਂ ਦੌਰਾਨ ਸੰਪੰਨ ਹੋ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਵਧੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ। ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਡੀਸਿਲਟਿੰਗ ਲਈ ਪ੍ਰਤੀ ਏਕੜ 7200 ਰੁਪਏ ਅਤੇ ਹੜ੍ਹਾਂ ਕਾਰਨ ਰੁੜ ਗਈਆਂ ਫਸਲਾਂ ਲਈ ਪ੍ਰਤੀ ਏਕੜ 18,800 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਆਵਜ਼ਾ 15 ਅਕਤੂਬਰ ਤੋਂ ਦਿੱਤਾ ਜਾਵੇਗਾ। ਸੀਐਮ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਯੂਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਸਦਨ ਨੂੰ 43 ਮਿੰਟ ਦੇ ਕਰੀਬ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਸਿਆਸਤ ਤੋਂ ਉਪਰ ਉਠ ਕੇ ਪੰਜਾਬ ਨੂੰ ਮੁੜ ਖੜ੍ਹਾ ਕਰਨ ਦੀ ਵਚਨਬੱਧਤਾ ਦੁਹਰਾਈ। ਸੀਐਮ ਮਾਨ ਨੇ ਦੱਸਿਆ ਕਿ ਉਹ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ।
ਪੰਜਾਬ ਵਿਧਾਨ ਸਭਾ ’ਚ ਕੇਂਦਰ ਖਿਲਾਫ ਨਿੰਦਾ ਮਤਾ ਪਾਸ
ਵਿਧਾਨ ਸਭਾ ’ਚ ਕਈ ਮਤੇ ਕੀਤੇ ਗਏ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ’ਚ ਹੜ੍ਹਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵਲੋਂ ਨਾਕਾਫੀ ਹੜ੍ਹ ਰਾਹਤ ਪੈਕੇਜ ਦੇ ਮੁੱਦੇ ’ਤੇ ਕੇਂਦਰ ਸਰਕਾਰ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ। ਸਦਨ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਮਾਨ ਵਲੋਂ ਕੇਂਦਰ ਸਰਕਾਰ ਨੂੰ ਮੀਟਿੰਗ ਲਈ ਵਾਰ-ਵਾਰ ਕੀਤੀ ਬੇਨਤੀ ਦਾ ਜਵਾਬ ਨਾ ਦੇਣ ਕਾਰਨ ਸੂਬੇ ਦਾ ਅਪਮਾਨ ਹੋਇਆ ਹੈ। ਪੰਜਾਬ ਵਿਧਾਨ ਸਭਾ ਨੇ ਕੇਂਦਰ ਵਲੋਂ 1600 ਕਰੋੜ ਰੁਪਏ ਦੇ ਟੋਕਨ ਰਾਹਤ ਪੈਕੇਜ ਦੇ ਐਲਾਨ ’ਤੇ ਆਪਣੀ ਡੂੰਘੀ ਨਿਰਾਸ਼ਾ ਪ੍ਰਗਟ ਕੀਤੀ ਅਤੇ ਤੁਰੰਤ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਗਈ। ਇਸਦੇ ਚੱਲਦਿਆਂ ਵਿਧਾਨ ਸਭਾ ਵਿਚ ਬੀਜ (ਪੰਜਾਬ ਸੋਧ) ਬਿੱਲ-2025 ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਰਾਈਟ ਟੂ ਬਿਜਨੈਂਸ (ਸੋਧ) ਬਿੱਲ-2025 ਵੀ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸੇ ਤਰ੍ਹਾਂ ਹੋਰ ਵੀ ਕਈ ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਗਏ ਹਨ।

