ਪਾਣੀਆਂ ਦੇ ਮੁੱਦੇ ‘ਤੇ ਚੁੱਪੀ ਬਰਕਰਾਰ; ਕੋਟਸ਼ਮੀਰ ਵਿੱਚ ਹੋਈ ਪੰਜਾਬ ਇਨਕਲਾਬ ਰੈਲੀ
ਬਠਿੰਡਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦਿਆਂ ਆਖਿਆ ਕਿ ਜੇਕਰ ਪ੍ਰਧਾਨ ਮੰਤਰੀ ਵਿੱਚ ਦਮ ਹੈ ਤਾਂ ਉਹ ਛਾਪੇਮਾਰੀ ਕਰਵਾ ਕੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਲੇ ਧਨ ਨੂੂੰ ਬਾਹਰ ਕੱਢਣ।ਪਿੰਡ ਕੋਟਸ਼ਮੀਰ ਵਿੱਚ ਹੋਈ ਪੰਜਾਬ ਇਨਕਲਾਬ ਰੈਲੀ ਦੇ ਦੂਸਰੇ ਦਿਨ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਸਿਆਸੀ ਪਰਿਵਾਰਾਂ ਦੇ ਕਾਲੇ ਧਨ ਨੂੰ ਮੁੱਖ ਤੌਰ ‘ਤੇ ਉਭਾਰਿਆ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਆਮ ਲੋਕਾਂ ਨੂੰ ਖੱਜਲ-ਖੁਆਰ ਕਰ ਰਹੇ ਹਨ ਜਦੋਂਕਿ ਸਭ ਤੋਂ ਵੱਧ ਕਾਲਾ ਧਨ ਬਾਦਲ ਪਰਿਵਾਰ ਕੋਲ ਹੈ। ਬਾਦਲ ਤੇ ਕੈਪਟਨ ਨੇ ਦੋਹਾਂ ਨੇ ਪੰਜਾਬ ਨੂੰ ਲੁੱਟਿਆ ਹੈ। ਕੇਜਰੀਵਾਲ ਨੇ ਕੈਪਟਨ ਦੇ ਸਵਿੱਸ ਬੈਂਕ ਵਿਚਲੇ ਕਥਿਤ ਖਾਤਿਆਂ ਨੂੰ ਵੀ ਸਟੇਜ ਤੋਂ ਨਸ਼ਰ ਕੀਤਾ, ਜਿਨ੍ਹਾਂ ਦੇ ਜੁਲਾਈ 2005 ਵਿੱਚ ਖੋਲ੍ਹੇ ਜਾਣ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਆਖਿਆ ਕਿ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ ਉਨ੍ਹਾਂ ਦੀ ਮਾਲੀ ਹਾਲਤ ਕਾਫ਼ੀ ਬਦਤਰ ਸੀ ਪਰ ਮੁੱਖ ਮੰਤਰੀ ਹੁੰਦੇ ਹੋਏ ਹੀ ਉਨ੍ਹਾਂ ਕੋਲ ਅਥਾਹ ਦੌਲਤ ਆ ਗਈ। ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚੇ ਹਨ ਤਾਂ ਉਹ ਉਨ੍ਹਾਂ ਖ਼ਿਲਾਫ਼ ਅਦਾਲਤ ਵਿੱਚ ਕੇਸ ਦਾਇਰ ਕਰਨ ਅਤੇ ਉਹ ਅਦਾਲਤ ਵਿੱਚ ਕਾਲੇ ਧਨ ਦੇ ਵੇਰਵੇ ਰੱਖਣਗੇ।
ਕੇਜਰੀਵਾਲ ਨੇ ਦੂਸਰੇ ਦਿਨ ਵੀ ਸਤਲੁਜ-ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ਆਪਣਾ ਮੂੰਹ ਨਹੀਂ ਖੋਲ੍ਹਿਆ, ਜਿਸ ਕਰਕੇ ਵਿਰੋਧੀ ਧਿਰਾਂ ਨੇ ਇਸ ਚੁੱਪੀ ਨੂੰ ਤੂਲ ਵੀ ਦਿੱਤੀ। ਉਨ੍ਹਾਂ ਲੋਕਾਂ ਨੂੰ ਵਿਸਥਾਰ ਵਿੱਚ ਸਮਝਾਇਆ ਕਿ ਕਿਵੇਂ ਅਮਰਿੰਦਰ ਤੇ ਬਾਦਲ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾਂ ਆਖਿਆ ਕਿ ਬਾਦਲ ਤੇ ਅਮਰਿੰਦਰ ਨੇ ‘ਆਪ’ ਨੂੰ ਸੱਤਾ ਤੋਂ ਦੂਰ ਰੱਖਣ ਲਈ ਗੁਪਤ ਸਮਝੌਤਾ ਕੀਤਾ ਹੈ, ਜਿਸ ਤਹਿਤ ਕੈਪਟਨ ਖ਼ਿਲਾਫ਼ ਚੱਲਦੇ ਕੇਸ ਸਰਕਾਰ ਨੇ ਵਾਪਸ ਲਏ ਹਨ। ਮਜੀਠੀਆ ਦੇ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਬਾਦਲਾਂ ਵੱਲੋਂ ਪ੍ਰਧਾਨ ਮੰਤਰੀ ਦੀ ਦੋ ਵਰ੍ਹਿਆਂ ਤੋਂ ਹਾਜ਼ਰੀ ਭਰੀ ਜਾ ਰਹੀ ਹੈ ਪਰ ਫਿਰ ਵੀ ਪੰਜਾਬ ਵਾਸਤੇ ਕੁਝ ਹਾਸਲ ਨਹੀਂ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਪੰਜਾਬ ਦੇ ਹੱਕ ਲੈਣ ਲਈ ਨਰਿੰਦਰ ਮੋਦੀ ਦੇ ਪੈਰੀਂ ਪੈਣ ਨੂੰ ਵੀ ਤਿਆਰ ਹਨ। ਕੇਜਰੀਵਾਲ ਨੇ ਦਿੱਲੀ ਵਿੱਚ ‘ਆਪ’ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਚਰਚਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਦੁੱਖਾਂ ਦਾ ਅੰਤ ਕੀਤਾ ਜਾਵੇਗਾ, ਇੱਕ ਮਹੀਨੇ ਵਿਚ ਨਸ਼ਿਆਂ ਦੇ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਨੂੰ ਸਖ਼ਤੀ ਨਾਲ ਖਤਮ ਕੀਤਾ ਜਾਵੇਗਾ। ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਪੰਥਕ ਮੁੱਦਿਆਂ ‘ਤੇ ਚਰਚਾ ਕੀਤੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …