ਸਿਮਰਜੀਤ ਬੈਂਸ ਖ਼ਿਲਾਫ਼ ਅਕਾਲੀ ਦਲ ਦੇ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਯੂਥ ਅਕਾਲੀ ਦਲ ਦੇ ਲੁਧਿਆਣਾ ਤੋਂ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵਿਚਾਲੇ ਹੋਈ ਘਸੁੰਨ ਮੁੱਕੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਇਨ੍ਹਾਂ ਆਗੂਆਂ ਵਿਚਾਲੇ ਲੰਘੇ ਕੱਲ੍ਹ ਲੁਧਿਆਣਾ ਵਿਚ ਇਕ ਸੜਕ ਦੇ ਉਦਘਾਟਨ ਨੂੰ ਲੈ ਕੇ ਤਕਰਾਰ ਹੋ ਗਈ ਸੀ। ਦੋਵੇਂ ਧਿਰਾਂ ਨੇ ਇਕ-ਦੂਸਰੇ ਖਿਲਾਫ ਮੰਦੀ ਭਾਸ਼ਾ ਦੀ ਵਰਤੋਂ ਕਰਦਿਆਂ ਗਾਲੀ ਗਲੋਚ ਵੀ ਕਰ ਦਿੱਤਾ ਸੀ। ਸਿਮਰਜੀਤ ਸਿੰਘ ਬੈਂਸ, ਉਸ ਦੇ ਸਪੁੱਤਰ ਅਤੇ ਕੁਝ ਹੋਰ ਵਿਅਕਤੀਆਂ ਵਲੋਂ ਯੂਥ ਅਕਾਲੀ ਦਲ ਦੇ ਆਗੂ ਗੁਰਦੀਪ ਗੋਸ਼ਾ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨਾਲ ਮੁਲਾਕਾਤ ਕੀਤੀ ਗਈ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋ ਅਤੇ ਹੋਰ ਕਈ ਅਕਾਲੀ ਆਗੂਆਂ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੈਂਸ ਦੀ ਧੱਕੇਸ਼ਾਹੀ ਤੋਂ ਜਾਣੂੰ ਕਰਵਾਇਆ। ਧਿਆਨ ਰਹੇ ਕਿ ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਹਨ ਤਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਿਚ ਗਰਮਾਇਸ਼ ਵੀ ਵਧਦੀ ਜਾ ਰਹੀ ਐ। ਰਾਜਨੀਤਕ ਪਾਰਟੀਆਂ ਵਲੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀਆਂ ਵਲੋਂ ਕਈ ਸੀਨੀਅਰ ਆਗੂਆਂ ਨੂੰ ਅੱਖੋਂ ਪਰੋਖੇ ਕਰਕੇ ਦੂਜੇ ਆਗੂਆਂ ਨੂੰ ਟਿਕਟਾਂ ਦੇਣ ਦੇ ਐਲਾਨ ਹੋ ਰਹੇ ਨੇ, ਜਿਸ ਨਾਲ ਸਿਆਸਤ ਹੋਰ ਗਰਮਾਉਂਦੀ ਨਜ਼ਰ ਆ ਰਹੀ ਏ।