ਮਹਿਲਾ ਕਮਿਸ਼ਨ ਨੇ ਖੋਲ੍ਹੀਆਂ ਫਾਈਲਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸੇ ਦੌਰਾਨ ਪੰਜਾਬ ਦੀ ਸਿਆਸੀ ਫ਼ਿਜ਼ਾ ਵਿੱਚ ਆਪਣੀ ਸਰਕਾਰ ਨੂੰ ਬਗਾਵਤੀ ਸੁਰ ਦਿਖਾਉਣ ਵਾਲੇ ਵਜ਼ੀਰਾਂ ਦੇ ਖਿਲਾਫ ਪੁਰਾਣੀਆਂ ਜਾਂਚਾਂ ਦੇ ਬੂਹੇ ਮੁੜ ਖੋਲ੍ਹੇ ਜਾ ਰਹੇ ਹਨ। ਧਿਆਨ ਰਹੇ ਕਿ ਲੰਘੇ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਕਰੀਬੀਆਂ ਦੇ ਖ਼ਿਲਾਫ ਵਿਜੀਲੈਂਸ ਦੀ ਜਾਂਚ ਦੀਆਂ ਫਾਈਲਾਂ ਖੋਲ੍ਹੀਆਂ ਗਈਆਂ, ਇਸ ਦੇ ਨਾਲ ਹੀ ਵਿਧਾਇਕ ਪਰਗਟ ਸਿੰਘ ਵੱਲੋਂ ਵੀ ਕਾਂਗਰਸ ਸਰਕਾਰ ਦੇ ਅਧਿਕਾਰੀਆਂ ਵੱਲੋਂ ਧਮਕੀ ਦੇਣ ਦੇ ਇਲਜ਼ਾਮ ਲਗਾਏ ਗਏ। ਦੱਸ ਦੇਈਏ ਕਿ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ 2018 ਵਿੱਚ ਇੱਕ ਮਹਿਲਾ ਅਫਸਰ ਵੱਲੋਂ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ। ਹੁਣ ਇਸ ਮਾਮਲੇ ਦੀਆਂ ਫਾਈਲਾਂ ਮੁੜ ਮਹਿਲਾ ਕਮਿਸ਼ਨ ਵੱਲੋਂ ਖੋਲ੍ਹ ਦਿੱਤੀਆਂ ਗਈਆਂ ਹਨ। ਭਾਵੇਂ ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਕਿਸੇ ਮੰਤਰੀ ਦਾ ਨਾਮ ਨਹੀਂ ਲਿਆ, ਪਰ ਇਸ ਮਾਮਲੇ ਸਬੰਧੀ ਸਰਕਾਰ ਨੂੰ ਮੁੜ ਚਿੱਠੀ ਲਿਖ ਕੇ ਇੱਕ ਹਫਤੇ ਵਿੱਚ ਸਪੱਸ਼ਟੀਕਰਨ ਮੰਗ ਲਿਆ। ਮਨੀਸ਼ਾ ਗੁਲਾਟੀ ਵੱਲੋਂ ਕਿਹਾ ਗਿਆ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਭੁੱਖ ਹੜਤਾਲ ’ਤੇ ਬੈਠ ਜਾਣਗੇ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜਦੋਂ ਵੀ ਚੋਣਾਂ ਦੇ ਦਿਨਾਂ ਨੇੜੇ ਆਉਂਦੇ ਹਨ ਤਾਂ ਵਜ਼ੀਰਾਂ ਅਤੇ ਵਿਧਾਇਕਾਂ ਦੇ ਮਸਲੇ ਮੁੜ ਸਾਹਮਣੇ ਆਉਣ ਲੱਗਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚਰਨਜੀਤ ਚੰਨੀ ਸਮੇਤ ਕੁਝ ਦਲਿਤ ਵਿਧਾਇਕਾਂ ਤੇ ਮੰਤਰੀਆਂ ਨੇ ਆਪਣੀ ਹੀ ਸਰਕਾਰ ਤੋਂ ਵੱਖਰੇ ਤੌਰ ’ਤੇ ਮੀਟਿੰਗ ਵੀ ਕੀਤੀ ਸੀ।