Breaking News
Home / ਪੰਜਾਬ / ਪੰਜ ਮਹੀਨਿਆਂ ‘ਚ ਚਾਰ ਮੰਤਰੀ ਗਏ ਜੇਲ੍ਹ

ਪੰਜ ਮਹੀਨਿਆਂ ‘ਚ ਚਾਰ ਮੰਤਰੀ ਗਏ ਜੇਲ੍ਹ

ਇਕ ਹੋਰ ਨੂੰ ਜੇਲ੍ਹ ਭੇਜਣ ਦੀ ਤਿਆਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਤਿੰਨ ਸਾਬਕਾ ਕੈਬਨਿਟ ਮੰਤਰੀ ਅਤੇ ਇਕ ਮੌਜੂਦਾ ਕੈਬਨਿਟ ਮੰਤਰੀ ਜੇਲ੍ਹ ਜਾ ਚੁੱਕੇ ਹਨ।
ਦਿਲਚਸਪ ਗੱਲ ਹੈ ਕਿ ਇਹ ਮੰਤਰੀ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਹਨ ਤੇ ਵੱਖ-ਵੱਖ ਜੇਲ੍ਹਾਂ ‘ਚ ਬੰਦ ਹਨ।
ਪੰਜਾਬ ਵਿਧਾਨ ਸਭਾ ਵੋਟਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਐੱਸਟੀਐੱਫ ਵੱਲੋਂ ਦਰਜ ਕੀਤੇ ਗਏ ਡਰੱਗ ਮਾਮਲੇ ‘ਚ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਦਾਲਤ ਵਿਚ ਸਰੰਡਰ ਕਰ ਦਿੱਤਾ ਸੀ। ਇਸੇ ਤਰ੍ਹਾਂ ਸਾਬਕਾ ਕਾਂਗਰਸੀ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਇਕ ਰੋਡਰੇਜ ਮਾਮਲੇ ‘ਚ ਜੇਲ੍ਹ ਗਏ ਹਨ। ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਵੀ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਜਾ ਚੁੱਕੇ ਹਨ। ਇਸ ਦੇ ਚੱਲਦਿਆਂ ਪੁਲਿਸ ਨੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਕੇਸ ਦਰਜ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆਂ ‘ਤੇ ਵੀ ਕੇਸ ਦਰਜ ਹੋ ਚੁੱਕਾ ਹੈ।
ਇਸ ਤਰ੍ਹਾਂ ਪਿਛਲੇ ਕਰੀਬ ਪੰਜ ਮਹੀਨਿਆਂ ਦੌਰਾਨ ਤਿੰਨ ਸਾਬਕਾ ਕੈਬਨਿਟ ਮੰਤਰੀ ਅਤੇ ਇਕ ਮੌਜੂਦਾ ਕੈਬਨਿਟ ਮੰਤਰੀ ਜੇਲ੍ਹ ਪਹੁੰਚੇ ਹਨ ਅਤੇ ਇਕ ਹੋਰ ਸਾਬਕਾ ਮੰਤਰੀ ਨੂੰ ਜੇਲ੍ਹ ਭੇਜਣ ਦੀ ਤਿਆਰੀ ਹੈ।
ਬਿਕਰਮ ਮਜੀਠੀਆ ਦੀ ਜਾਨ ਨੂੰ ਜੇਲ੍ਹ ‘ਚ ਖਤਰਾ : ਗਨੀਵ
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਜੇਲ੍ਹ ਵਿਚ ਬੰਦ ਆਪਣੇ ਪਤੀ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਦੱਸਿਆ ਹੈ। ਗਨੀਵ ਕੌਰ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਡੀਜੀਪੀ ਪੰਜਾਬ ਦੇ ਨਾਂ ਲਿਖੇ 7 ਪੰਨਿਆ ਦੇ ਪੱਤਰ ਵਿਚ ਬਿਕਰਮ ਮਜੀਠੀਆ ਦੀ ਜਾਨ ਨੂੰ ਜੇਲ੍ਹ ਖਤਰਾ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਇਸ ਪੱਤਰ ਰਾਹੀਂ ਏਡੀਜੀਪੀ ਜੇਲ੍ਹ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਵੀ ਪੰਜਾਬ ਸਰਕਾਰ ਕੋਲੋਂ ਕੀਤੀ ਹੈ। ਗਨੀਵ ਨੇ ਆਪਣੇ ਪੱਤਰ ‘ਚ ਸਪੱਸ਼ਟ ਕੀਤਾ ਕਿ ਹਰਪ੍ਰੀਤ ਸਿੱਧੂ ਤੇ ਬਿਕਰਮ ਮਜੀਠੀਆ ਦੇ ਪਰਿਵਾਰਾਂ ਵਿਚ ਪੁਰਾਣੀ ਰੰਜ਼ਿਸ਼ ਹੈ, ਜਿਸ ਦੇ ਚਲਦਿਆਂ ਉਹ ਜੇਲ੍ਹ ਅੰਦਰ ਬਿਕਰਮ ਮਜੀਠੀਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਉਹ ਬਿਕਰਮ ਮਜੀਠੀਆ ਨੂੰ ਕਿਸੇ ਹੋਰ ਨਵੇਂ ਝੂਠੇ ਕੇਸ ਵਿਚ ਵੀ ਫਸਾ ਸਕਦੇ ਹਨ।
ਧਰਮਸੋਤ ਦੇ ਮੰਤਰੀ ਹੁੰਦਿਆਂ ਚੱਲਦਾ ਰਿਹੈ ਚਮਕੌਰ ਸਿੰਘ ਦਾ ਸਿੱਕਾ
ਅਫਸਰਾਂ ‘ਤੇ ਵੀ ਰੱਖਦਾ ਸੀ ਕਾਫੀ ਦਬਾਅ
ਪਟਿਆਲਾ : ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਗ੍ਰਿਫਤਾਰ ਹੋਣ ਮਗਰੋਂ ਚਮਕੌਰ ਸਿੰਘ ਨਾਮ ਦਾ ਵਿਅਕਤੀ ਕਾਫੀ ਚਰਚਾ ਵਿੱਚ ਰਿਹਾ। ਉਸ ਨੇ ਬਿਨਾਂ ਕਿਸੇ ਮੰਤਰਾਲੇ ਦੇ ਹੁਕਮਾਂ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਬਤੌਰ ਓਐੱਸਡੀ ਸਾਢੇ ਚਾਰ ਸਾਲ ਕੰਮ ਕੀਤਾ ਅਤੇ ਆਈਏਐੱਸ ਤੇ ਆਈਐੱਫਐੱਸ ਅਧਿਕਾਰੀਆਂ ‘ਤੇ ਆਪਣਾ ਦਬਦਬਾ ਕਾਇਮ ਰੱਖਿਆ। ਪੰਜਾਬ ਵਿੱਚ 2017 ‘ਚ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਚਮਕੌਰ ਸਿੰਘ ਭਾਦਸੋਂ ਬੀੜ ਵਿੱਚ ਰੇਂਜ ਅਫ਼ਸਰ ਸੀ। ਇਸੇ ਦੌਰਾਨ ਜੰਗਲਾਤ ਮੰਤਰੀ ਬਣਨ ਸਾਰ ਹੀ ਸਾਧੂ ਸਿੰਘ ਧਰਮਸੋਤ ਨੇ ਚਮਕੌਰ ਸਿੰਘ ਨੂੰ ਆਪਣਾ ਓਐੱਸਡੀ ਲਾ ਲਿਆ। ਜਦੋਂ ਚਮਕੌਰ ਸਿੰਘ ਦੇ ਸਰਕਾਰੀ ਆਰਡਰ ਦੇਖੇ ਗਏ ਤਾਂ ਆਰਡਰਾਂ ਵਿੱਚ ਉਸ ਨੂੰ ਸਾਧੂ ਸਿੰਘ ਧਰਮਸੋਤ ਦਾ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਇਹ ਹੁਕਮ ਵੀ ਪੀਸੀਸੀਐੱਫ ਵੱਲੋਂ ਜਾਰੀ ਕੀਤੇ ਗਏ ਸਨ। ਧਰਮਸੋਤ ਸਿਰਫ ਚਮਕੌਰ ਸਿੰਘ ‘ਤੇ ਹੀ ਭਰੋਸਾ ਕਰਦੇ ਸਨ। ਉਹ ਜੰਗਲਾਤ ਵਿਭਾਗ ਵਿੱਚ ਹੀ ਨਹੀਂ, ਬਲਕਿ ਕੈਬਨਿਟ ਮੰਤਰੀ ਦੇ ਬਾਕੀ ਵਿਭਾਗਾਂ ਵਿੱਚ ਵੀ ਦਖ਼ਲ ਦਿੰਦਾ ਸੀ। ਚਮਕੌਰ ਸਿੰਘ ਫਰਵਰੀ 2020 ਵਿੱਚ ਸੇਵਾਮੁਕਤ ਹੋ ਗਿਆ ਸੀ, ਪਰ ਸਾਧੂ ਸਿੰਘ ਧਰਮਸੋਤ ਉਸ ਨੂੰ ਆਪਣੇ ਨਾਲੋਂ ਵੱਖ ਨਹੀਂ ਸੀ ਦੇਖਣਾ ਚਾਹੁੰਦੇ। ਉਸ ਦੀ ਸੇਵਾਮੁਕਤੀ ਤੋਂ ਬਾਅਦ ਪੀਸੀਸੀਐੱਫ ਵੱਲੋਂ ਇਕ ਹੋਰ ਆਰਡਰ ਜਾਰੀ ਹੋਇਆ, ਜਿਸ ਵਿੱਚ ਚਮਕੌਰ ਸਿੰਘ ਨੂੰ ਪਟਿਆਲਾ ਦੇ ਡੀਐੱਫਓ (ਜੰਗਲੀ ਜੀਵ) ਦਾ ਤਕਨੀਕੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ।

 

Check Also

ਸ਼ੋ੍ਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਬਣਾਇਆ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ …