ਅੰਦੋਲਨ ਨੂੰ ਸਫਲ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ : ਰਾਜੇਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਜਾਂ ਭਾਰਤ ਦਾ ਨਹੀਂ, ਸਗੋਂ ਪੂਰੀ ਦੁਨੀਆ ਦਾ ਅੰਦੋਲਨ ਬਣ ਚੁੱਕਾ ਹੈ। ਪੂਰੀ ਦੁਨੀਆ ਦੀਆਂ ਅੱਖਾਂ ਇਸ ਅੰਦੋਲਨ ਅਤੇ ਸੰਘਰਸ਼ਸੀਲਾਂ ‘ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤੇ ਅਨੁਸ਼ਾਸਨ ‘ਚ ਰਹਿ ਕੇ ਹਰ ਤਰੀਕੇ ਨਾਲ ਚੌਕਸ ਰਹਿੰਦੇ ਹੋਏ ਅਜਿਹਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਕਾਰਨ ਦੁਨੀਆ ਸਾਹਮਣੇ ਸਾਡੀ ਅੱਖ ਨੀਵੀਂ ਨਾ ਹੋਵੇ। ਸਿੰਘੂ ਸਰਹੱਦ ਦੀ ਮੁੱਖ ਸਟੇਜ ਤੋਂ ਰਾਜੇਵਾਲ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੀ ਦੁਨੀਆ ‘ਚ ਕਿਸਾਨ ਅੰਦੋਲਨ ਦੀ ਹਮਾਇਤ ‘ਚ ਮੁਜ਼ਾਹਰੇ ਹੋ ਰਹੇ ਹਨ। ਇਸ ਲਈ ਇਸ ਇਤਿਹਾਸਕ ਅੰਦੋਲਨ ਨੂੰ ਸਫਲ ਬਣਾਉਣ ਪ੍ਰਤੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੋਰ ਵੱਡੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅਤੇ ਅਨੁਸ਼ਾਸਨ ‘ਚ ਰਹਾਂਗੇ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਨਹੀਂ ਹਰਾ ਸਕੇਗੀ। ਰਾਜੇਵਾਲ ਨੇ ਆਪਣੇ ਸੰਬੋਧਨ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਤੇ ਉਨ੍ਹਾਂ ਦੀ ਪਤਨੀ ਵਲੋਂ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਉਂਦਿਆਂ ਕਿਹਾ ਕਿ ਅਮਰੀਕਾ ਦਾ 95 ਸਾਲਾ ਰਾਸ਼ਟਰਪਤੀ ਆਪਣੇ ਜੀਵਨ ਦੇ ਆਖ਼ਰੀ ਸਮੇਂ ‘ਚ ਵੀ ਤੁਹਾਡੇ ਲਈ ਚਿੰਤਤ ਹੈ। ਜਿਮੀ ਕਾਰਟਰ ਦੇ ਸੁਨੇਹੇ ‘ਚ ਇਹ ਵੀ ਲਿਖਿਆ ਹੈ ਕਿ ਅੱਜ ਭਾਰਤ ਇਕ ਚੌਰਾਹੇ ‘ਤੇ ਖੜ੍ਹਾ ਹੋ ਗਿਆ ਹੈ, ਜਿੱਥੇ ਨਿਆਂਪਾਲਿਕਾ ਤੇ ਮੀਡੀਆ ਦੀ ਆਜ਼ਾਦੀ ਤਹਿਸ-ਨਹਿਸ ਕਰ ਦਿੱਤੀ ਗਈ ਹੈ। ਸੁਨੇਹੇ ‘ਚ ਦੁਨੀਆ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਥਿਤੀ ‘ਚ ਚੁੱਪ ਰਹਿਣਾ ਬਹੁਤ ਨੁਕਸਾਨਦੇਹ ਹੋਵੇਗਾ। ਜਿਮੀ ਕਾਰਟਰ ਦਾ ਸੁਨੇਹਾ ਸੁਣਾਉਣ ਉਪਰੰਤ ਰਾਜੇਵਾਲ ਨੇ ਕਿਹਾ ਕਿ ਵੇਖੋ ਕਿੱਥੋਂ ਤੱਕ ਲੋਕਾਂ ਦੀ ਤੁਹਾਡੇ ‘ਤੇ ਅੱਖ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …