ਮੁਕੇਰੀਆਂ/ਬਿਊਰੋ ਨਿਊਜ਼ : ਮੁਕੇਰੀਆਂ ਸ਼ਹਿਰ ਦੇ ਇਕ ਪੈਲੇਸ ‘ਚ ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਦੌਰਾਨ ਖੇਤੀ ਕਾਨੂੰਨਾਂ ਦੇ ਫਾਇਦੇ ਸੁਣਨ ਆਏ ਭਾਜਪਾ ਕਾਰਕੁਨਾਂ ਨੂੰ ਕਿਸਾਨੀ ਰੋਹ ਕਾਰਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜਣਾ ਪਿਆ। ਇਸ ਦੌਰਾਨ ਹਲਕਾ ਵਿਧਾਇਕਾ ਬੀਬੀ ਇੰਦੂ ਬਾਲਾ ਗੱਡੀ ‘ਚ ਚੁੱਪ-ਚੁਪੀਤੇ ਖਿਸਕ ਗਏ। ਜਾਣਕਾਰੀ ਅਨੁਸਾਰ ਭਾਜਪਾ ਨੇ ਸ਼ਰਧਾਂਜਲੀ ਸਮਾਗਮ ਜ਼ਰੀਏ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਲਈ ਪਿੰਡ ਬਹਿਬਲਮੰਝ ਤੇ ਸ਼ਹਿਰ ਦੇ ਇਕ ਪੈਲੇਸ ਵਿੱਚ ਸਮਾਗਮ ਰੱਖਿਆ ਸੀ। ਟੌਲ ਪਲਾਜ਼ਾ ‘ਤੇ ਇਕੱਤਰ ਹੋਏ ਕਿਸਾਨਾਂ ਨੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਤਨਾਮ ਸਿੰਘ ਬਾਗੜੀਆਂ ਤੇ ਜੱਟ ਮਹਾਂਸਭਾ ਦੇ ਆਗੂ ਸਤਨਾਮ ਸਿੰਘ ਚੀਮਾ ਦੀ ਅਗਵਾਈ ਵਿੱਚ ਪਿੰਡ ਬਹਿਬਲਮੰਝ ਵੱਲ ਕੂਚ ਕੀਤਾ ਅਤੇ ਕਿਸਾਨੀ ਵਿਰੋਧ ਕਾਰਨ ਇਹ ਸਮਾਗਮ ਵਿਚਾਲੇ ਛੱਡਣਾ ਪਿਆ। ਉਪਰੰਤ ਕਿਸਾਨ ਪੁਲਿਸ ਰੋਕਾਂ ਦੇ ਬਾਵਜੂਦ ਖੇਤਾਂ ਵਿਚੋਂ ਲੰਘ ਕੇ ਸ਼ਹਿਰ ਦੇ ਪੈਲੇਸ ਵਿਚਲੇ ਸਮਾਗਮ ਦਾ ਵਿਰੋਧ ਕਰਨ ਲਈ ਪੁੱਜੇ। ਵਿਰੋਧ ਕਰਦੇ ਹੋਏ ਕਿਸਾਨ ਜਦੋਂ ਪੈਲੇਸ ਅੰਦਰ ਵੜ੍ਹੇ ਤਾਂ ਅੰਦਰ ਰਹਿੰਦੇ ਭਾਜਪਾ ਕਾਰਕੁਨ ਪੈਲੇਸ ਦੀਆਂ ਕੰਧਾਂ ਟੱਪ ਕੇ ਭੱਜ ਗਏ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …