Breaking News
Home / ਪੰਜਾਬ / ‘ਨਾਨਕ ਸ਼ਾਹ ਫਕੀਰ’ ਫ਼ਿਲਮ ਦਾ ਵਿਵਾਦ

‘ਨਾਨਕ ਸ਼ਾਹ ਫਕੀਰ’ ਫ਼ਿਲਮ ਦਾ ਵਿਵਾਦ

‘ਸਿੱਕਾ’ ਖੋਟਾ ਨਿਕਲਿਆ
ਫ਼ਿਲਮ ਨਿਰਮਾਤਾ ਸਿੱਕਾ ਨੂੰ ਪੰਥ ‘ਚੋਂ ਛੇਕਿਆ
ਫ਼ਿਲਮ ਦਾ ਪੋਸਟਰ ਜਾਰੀ ਕਰਨ ਵਾਲੀ ਬੀਬੀ ਜਗੀਰ ਕੌਰ ਬਾਰੇ ਜਥੇਦਾਰ ਚੁੱਪ
ਅੰਮ੍ਰਿਤਸਰ/ਬਿਊਰੋ ਨਿਊਜ਼ : ‘ਨਾਨਕ ਸ਼ਾਹ ਫਕੀਰ’ ਫ਼ਿਲਮ ਮਾਮਲੇ ‘ਤੇ ਜਿੱਥੇ ਸਖਤ ਫੈਸਲਾ ਲੈਂਦਿਆਂ ਪੰਜ ਸਿੰਘ ਸਾਹਿਬਾਨਾਂ ਨੇ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ ‘ਚੋਂ ਛੇਕਣ ਦਾ ਹੁਕਮ ਸੁਣਾ ਦਿੱਤਾ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਪਾਸਾ ਪਲਟ ਲਿਆ। ਪਹਿਲਾਂ ਖੁਦ ਹੀ ਫ਼ਿਲਮ ਨੂੰ ਹਰੀ ਝੰਡੀ ਦਿੱਤੀ ਸੀ। ਹੁਣ ਸੰਗਤਾਂ ਦੇ ਰੋਸੇ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਫ਼ਿਲਮ ਰਿਲੀਜ਼ ਹੋਣ ਵਾਲੇ ਦਿਨ ਸਾਰੇ ਸਿੱਖ ਕਾਲੀਆਂ ਦਸਤਾਰਾਂ ਤੇ ਸਿੱਖ ਬੀਬੀਆਂ ਕਾਲੀਆਂ ਚੁੰਨੀਆਂ ਲੈ ਕੇ ਦੇਸ਼ ਭਰ ਵਿਚ ਫਿਲਮ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਜਿੱਥੇ-ਜਿੱਥੇ ਸਿੱਖ ਵਸਦੇ ਹਨ, ਉਥੇ ਉਥੇ ਫ਼ਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਸਿੱਖ ਸੰਗਤਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਸ਼ੋਸ਼ਲ ਮੀਡੀਆ ‘ਤੇ ਇਹ ਚਰਚਾ ਜ਼ੋਰ ਫੜਨ ਲੱਗੀ ਹੈ ਕਿ ਫ਼ਿਲਮ ਦੇ ਨਿਰਮਾਤਾ ਸਿੱਕਾ ਨੂੰ ਤਾਂ ਜਥੇਦਾਰਾਂ ਨੇ ਪੰਥ ‘ਚੋਂ ਛੇਕਣ ਦਾ ਹੁਕਮ ਸੁਣਾ ਦਿੱਤਾ ਪਰ ਸ਼੍ਰੋਮਣੀ ਕਮੇਟੀ ਦੇ ਜਿਸ ਨੁਮਾਇੰਦੇ ਨੇ ਪਹਿਲਾਂ ਫ਼ਿਲਮ ਨੂੰ ਹਰੀ ਝੰਡੀ ਦਿੱਤੀ ਸੀ, ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਸਵਾਲ ਤਾਂ ਇਹ ਵੀ ਉਠ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜਿਸ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਸੀ, ਉਸ ‘ਤੇ ਕਾਰਵਾਈ ਕਰਨੋਂ ਸਿੰਘ ਸਾਹਿਬਾਨ ਕਿਉਂ ਭੱਜ ਰਹੇ ਹਨ। ਜ਼ਿਕਰਯੋਗ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਵਿਵਾਦ ਨੇ ਵੀਰਵਾਰ ਨੂੰ ਉਦੋਂ ਨਵਾਂ ਮੋੜ ਲੈ ਲਿਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਫਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਨੂੰ ਫਿਲਮ ਉੱਤੇ ਪਾਬੰਦੀ ਨਾ ਲਾਉਣ ਦੀ ਸੂਰਤ ਵਿੱਚ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਜੋਗਿੰਦਰ ਸਿੰਘ ਸ਼ਾਮਲ ਹੋਏ। ਇਕੱਤਰਤਾ ਦੌਰਾਨ ਪੰਜ ਸਿੰਘ ਸਾਹਿਬਾਨ ਵੱਲੋਂ ਇੱਕ ਨੁਕਾਤੀ ਏਜੰਡੇ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਵਿਸ਼ੇ ਉੱਤੇ ਹੀ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬਾਬਾ ਬਲਬੀਰ ਸਿੰਘ ਬੁੱਢਾ ਦਲ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਚਰਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਸਮੇਤ ਕੁੱਝ ਸਿੱਖ ਵਿਦਵਾਨ ਵੀ ਸ਼ਾਮਲ ਸਨ।ਬਾਅਦ ਦੁਪਹਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਵੱਲੋਂ ਸੁਣਾਏ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਇਸ ਵਿਵਾਦਤ ਫਿਲਮ ਦੇ ਕਾਰਨ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਇਸੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਫਿਲਮ ਨੂੰ ਰਿਲੀਜ਼ ਕਰਨ ‘ਤੇ ਪਾਬੰਦੀ ਵੀ ਲਾਈ ਗਈ ਸੀ ਅਤੇ ਫਿਲਮ ਸਬੰਧੀ ਪਹਿਲਾਂ ਜਾਰੀ ਕੀਤੇ ਸਾਰੇ ਪੱਤਰ ਵੀ ਰੱਦ ਕਰ ਦਿੱਤੇ ਗਏ ਸਨ ਪਰ ਇਸ ਦੇ ਬਾਵਜੂਦ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਸਿੱਖ ਭਾਵਨਾਵਾਂ ਨੂੰ ਅਣਡਿੱਠਾ ਕਰਦਿਆਂ ਕਾਨੂੰਨੀ ਹੱਥਕੰਡਾ ਵਰਤ ਕੇ 13 ਅਪ੍ਰੈਲ ਨੂੰ ਇਸ ਫਿਲਮ ਨੂੰ ਰਿਲੀਜ਼ ਕਰਾਉਣ ਲਈ ਅਦਾਲਤ ਤੋਂ ਹਰੀ ਝੰਡੀ ਪ੍ਰਾਪਤ ਕੀਤੀ ਹੈ। ਉਹ ਫਿਲਮ ਰਿਲੀਜ਼ ਕਰਨ ‘ਤੇ ਅੜਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਫਿਲਮ ਸਿੱਖ ਕੌਮ ਦਾ ਘਾਣ ਕਰਾਉਣ ਲਈ ਰਚੀ ਗਈ ਇੱਕ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਆਖਿਆ ਕਿ 13 ਅਪ੍ਰੈਲ 1978 ਨੂੰ ਵੀ ਅਜਿਹੀ ਹੀ ਇੱਕ ਸਾਜਿਸ਼ ਦੇ ਸਿੱਟੇ ਵਜੋਂ ਅੰਮ੍ਰਿਤਸਰ ਵਿਚ ਖੂਨ ਦੀ ਹੋਲੀ ਖੇਡੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਾਰ ਮੁੜ ਸਿੱਖਾਂ ਦਾ ਖੂਨ ਡੋਲ੍ਹਣ ਲਈ ਇਸ ਵਿਅਕਤੀ ਨੂੰ ਮੋਹਰਾ ਬਣਾਇਆ ਗਿਆ ਹੈ। ਫਿਲਮ ਨਿਰਮਾਤਾ ਦੇ ਹੱਠੀ ਵਤੀਰੇ ਨੂੰ ਦੇਖਦਿਆਂ ਪੰਜ ਸਿੰਘ ਸਾਹਿਬਾਨ ਵੱਲੋਂ ਉਸ ਨੂੰ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਆਦੇਸ਼ ਕੀਤਾ ਕਿ ਹਰਿੰਦਰ ਸਿੰਘ ਸਿੱਕਾ ਨਾਲ ਕਿਸੇ ਕਿਸਮ ਦੀ ਕੋਈ ਵੀ ਸਮਾਜਿਕ, ਧਾਰਮਿਕ ਜਾਂ ਰੋਟੀ ਬੇਟੀ ਦੀ ਸਾਂਝ ਨਾ ਰੱਖੀ ਜਾਵੇ।ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ ਸਿੱਖ ਸੰਸਦ ਮੈਂਬਰਾਂ ਨੂੰ ਆਖਿਆ ਕਿ ਉਹ ਤੁਰੰਤ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਅਤੇ ਸਿੱਖ ਭਾਵਨਾਵਾਂ ਤੋਂ ਜਾਣੂੰ ਕਰਾ ਕੇ ਫਿਲਮ ਉੱਤੇ ਰੋਕ ਲਾਉਣ ਦੀ ਮੰਗ ਕਰਨ। ਜੇ ਫਿਰ ਵੀ ਸਰਕਾਰ ਵੱਲੋਂ ਫਿਲਮ ਉੱਤੇ ਰੋਕ ਨਹੀਂ ਲਾਈ ਜਾਂਦੀ ਤਾਂ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਆਖਿਆ ਕਿ ਸਿਨੇਮਾ ਘਰਾਂ ਦੇ ਮਾਲਕ ਜਾਂ ਪ੍ਰਬੰਧਕ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਨੇ ਸਮੂਹ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫਿਲਮ ਦਾ ਮੁਕੰਮਲ ਰੂਪ ਵਿੱਚ ਬਾਈਕਾਟ ਕੀਤਾ ਜਾਵੇ ਅਤੇ ਸ਼ਾਂਤਮਈ ਢੰਗ ਨਾਲ ਫਿਲਮ ਦਾ ਵਿਰੋਧ ਕੀਤਾ ਜਾਵੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਫਿਲਮ ਨੂੰ ਪਹਿਲਾਂ ਹਰੀ ਝੰਡੀ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਦੇ ਮੈਂਬਰਾਂ ਨੂੰ ਵੀ ਸ੍ਰੀ ਅਕਾਲ ਤਖਤ ਉੱਤੇ ਸੱਦ ਕੇ ਇਸ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਇਸ ਫਿਲਮ ਦਾ ਪੋਸਟਰ ਰਿਲੀਜ਼ ਕਰਨ ਮੌਕੇ ਹਾਜ਼ਰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਪੁੱਛੇ ਸਵਾਲ ਦਾ ਉੱਤਰ ਦੇਣ ਤੋਂ ਉਨ੍ਹਾਂ ਟਾਲਾ ਵੱਟਿਆ ਅਤੇ ਆਖਿਆ ਕਿ ਮੀਡੀਆ ਖੁਦ ਉਸ ਕੋਲੋਂ ਪੁੱਛੇ ਕਿ ਉਹ ਉਥੇ ਕਿਉਂ ਗਈ ਸੀ ?ਵੀਰਵਾਰ ਦਾ ਇਹ ਫੈਸਲਾ ਦੇਣ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਵੱਲੋਂ ਵਿਵਾਦਤ ਫਿਲਮ ਸਬੰਧੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੇ ਫੈਸਲੇ ਦੀ ਵੀ ਉਡੀਕ ਕੀਤੀ ਗਈ। ਜਦੋਂ ਇਹ ਫੈਸਲਾ ਆਇਆ ਕਿ ਸੁਪਰੀਮ ਕੋਰਟ ਵੱਲੋਂ ਸਿੱਖ ਸੰਸਥਾਵਾਂ ਦੀ ਇਸ ਸਬੰਧੀ ਨਜ਼ਰਸਾਨੀ ਪਟੀਸ਼ਨ ਨੂੰ ਸੋਮਵਾਰ ਤਕ ਟਾਲ ਦਿੱਤਾ ਗਿਆ ਹੈ ਤਾਂ ਉਨ੍ਹਾਂ ਇਹ ਸਖ਼ਤ ਫੈਸਲਾ ਸੁਣਾ ਦਿੱਤਾ।
ਸਿੱਖ ਸੰਗਤਾਂ ਨੂੰ ਕਾਲੀਆਂ ਪੱਗਾਂ ਬੰਨ੍ਹਣ ਦੀ ਅਪੀਲ
ਅੰਮ੍ਰਿਤਸਰ : ਜਦੋਂ ਤੱਕ ਇਹ ਅੰਕ ਆਪ ਜੀ ਦੇ ਕੋਲ ਅੱਪੜੇਗਾ ਤਦ ਤੱਕ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿਚ ਸੁਪਰੀਮ ਕੋਰਟ ਦੀ ਹਦਾਇਤ ‘ਤੇ ਫ਼ਿਲਮ ਰਿਲੀਜ਼ ਹੋ ਚੁੱਕੀ ਹੋਵੇਗੀ। ਫਿਲਮ ਰਿਲੀਜ਼ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਨਾਲ ਸਬੰਧਤ ਸਮੂਹ ਅਦਾਰੇ 13 ਅਪ੍ਰੈਲ ਨੂੰ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਰੋਕ ਲਾਉਣ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਪਰ ਅਦਾਲਤ ਵੱਲੋਂ ਇਸ ‘ਤੇ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਰਿਲੀਜ਼ ਹੋਣ ‘ਤੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਭਲਕੇ 13 ਅਪ੍ਰੈਲ ਨੂੰ ਬੰਦ ਰੱਖੇ ਜਾਣਗੇ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮੁੱਚੀਆਂ ਸੰਗਤਾਂ ਭਲਕੇ ਕਾਲੇ ਰੰਗ ਦੀਆਂ ਦਸਤਾਰਾਂ ਤੇ ਦੁਪੱਟੇ ਲੈ ਕੇ ਫਿਲਮ ਪ੍ਰਤੀ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਨ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …