ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਛੇ ਸੰਸਦ ਮੈਂਬਰਾਂ ਸਮੇਤ ਦੇਸ਼ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਤ 60 ਸੰਸਦ ਮੈਂਬਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂ ‘ਤੇ ਦੇਸ਼ ਭਰ ‘ਚ ਬਾਲ ਦਿਵਸ ਮਨਾਉਣ ਦੇ ਮਤੇ ‘ਤੇ ਦਸਤਖ਼ਤ ਕਰਕੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਬਾਲ ਦਿਵਸ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਂ ‘ਤੇ ਮਨਾਉਣ ਦਾ ਮਤਾ ਦਿੱਲੀ ਦੀ ਇਕ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੂੰ ਛੱਡ ਕੇ ਸਾਰੇ ਸੰਸਦ ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ। ਕਮੇਟੀ ਨੇ ਸੰਸਦ ਮੈਂਬਰ ਪ੍ਰਵੇਸ਼ ਸਿੰਘ ਵਰਮਾ ਦੇ ਨਾਲ ਮਿਲ ਕੇ ਇਸ ਨੂੰ ਲੈ ਕੇ ਮੁਹਿੰਮ ਚਲਾ ਰੱਖੀ ਹੈ। ਮਤੇ ‘ਤੇ 100 ਸੰਸਦ ਮੈਬਰਾਂ ਤੋਂ ਦਸਤਖ਼ਤ ਕਰਵਾਉਣ ਤੋਂ ਬਾਅਦ ਅਮਲ ਕਰਵਾਉਣ ਦੇ ਲਈ ਇਸ ਦਸਤਖ਼ਤਾਂ ਵਾਲੇ ਮਤੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਜਾਵੇਗਾ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 1964 ਤੋਂ ਪਹਿਲਾਂ ਭਾਰਤ ‘ਚ ਸੰਯੁਕਤ ਰਾਸ਼ਟਰ ਦੀ ਸਿਫਾਰਿਸ਼ ਦੇ ਅਨੁਸਾਰ ਬਾਲ ਦਿਵਸ 20 ਨਵਬੰਰ ਨੂੰ ਮਨਾਇਆ ਜਾਂਦਾ ਸੀ। ਜਿਸ ਤੋਂ ਬਾਅਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਂ ‘ਤੇ ਮਨਾਇਆ ਜਾਣ ਲੱਗਾ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਲ ਦਿਵਸ ਨੂੰ ਨਹਿਰੂ ਦੇ ਪਿਆਰ ਦੇ ਲਈ ਨਹੀਂ ਬਲਕਿ ਬੱਚਿਆਂ ਦੇ ਅਧਿਕਾਰਾਂ ਦੇ ਲਈ ਮਨਾਇਆ ਜਾਣਾ ਚਾਹੀਦਾ ਹੈ। ਸਿਰਸਾ ਨੇ ਕਿਹਾ ਕਿ ਨਹਿਰੂ ਦੇ ਜਨਮ ਦਿਵਸ ਨੂੰ ਚਾਚਾ ਦਿਵਸ ਦੇ ਰੂਪ ‘ਚ ਮਨਾਇਆ ਜਾ ਸਕਦਾ ਹੈ ਪ੍ਰੰਤ ਬਾਲ ਦਿਵਸ 26 ਦਸੰਬਰ ਨੂੰ ਮਨਾਇਆ ਜਾਣਾ ਚਾਹੀਦਾ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸਰਹਿੰਦ ‘ਚ ਸ਼ਹੀਦ ਹੋਏ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਬੱਚਿਆਂ ਦੇ ਹੌਸਲੇ ਨੂੰ ਵਧਾ ਕੇ ਜੁਝਾਰੂ ਬਣਾਇਆ ਜਾ ਸਕੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …