ਵੋਟਿੰਗ ਕੇਂਦਰਾਂ ‘ਤੇ ਬਾਇਓਮੈਟ੍ਰਿਕ ਮਸ਼ ਵਰਤਣ ‘ਤੇ ਦਿੱਤਾ ਜ਼ੋਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੋਲਿੰਗ ਸਟੇਸ਼ਨਾਂ ਅਨੁਸਾਰ ਵੋਟਿੰਗ ਦੇ ਰੁਝਾਨ ਦਾ ਭੇਤ ਯਕੀਨੀ ਬਣਾਉਣ ਲਈ ਇੱਕ ਠੋਸ ਪ੍ਰਬੰਧ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਸਹੀ ਸਮਾਂ ਹੈ ਕਿ ਪਰਵਾਸੀ ਭਾਰਤੀਆਂ (ਐੱਨਆਰਆਈ) ਨੂੰ ਉਨ੍ਹਾਂ ਦੀਆਂ ਥਾਵਾਂ ਤੋਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ।
ਉਨ੍ਹਾਂ ਸੇਵਾਮੁਕਤੀ ਤੋਂ ਪਹਿਲਾਂ ਆਪਣੇ ਵਿਦਾਇਗੀ ਸੰਬੋਧਨ ‘ਚ ਇਹ ਵੀ ਕਿਹਾ ਕਿ ਕਰੋੜਾਂ ਪਰਵਾਸੀ ਵੋਟਰਾਂ ਦੀ ਸਹੂਲਤ ਲਈ ਦੂਰ-ਦਰਾਜ ਦੇ ਵੋਟਿੰਗ ਸਿਸਟਮ ਨੂੰ ਲੈ ਕੇ ਆਮ ਸਹਿਮਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਕੇਂਦਰਾਂ ‘ਤੇ ਬਾਇਓਮੈਟ੍ਰਿਕ ਪੁਸ਼ਟੀ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਦੀ ਪਛਾਣ ਅਸਰਦਾਰ ਢੰਗ ਨਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਖਰਚਿਆਂ ਦੀ ਆਨਲਾਈਨ ਰਿਪੋਰਟ ਸ਼ੁਰੂ ਹੋ ਗਈ ਹੈ ਅਤੇ ਬਿਹਤਰ ਵਿੱਤੀ ਪਾਰਦਰਸ਼ਤਾ ਤੇ ਵਿਸ਼ਲੇਸ਼ਣ ਲਈ ਇਸ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਸਿਆਸੀ ਵਾਅਦਿਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਲਈ ਵਿੱਤੀ ਮੱਦਾਂ ਜਨਤਕ ਤੌਰ ‘ਤੇ ਦੱਸੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਦਾਲਤਾਂ ਨੂੰ ਜਲਦੀ ਫ਼ੈਸਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਅਨਿਯਮਿਤ ਸੋਸ਼ਲ ਮੀਡੀਆ ਅਲਗੋਰਿਦਮ ਦੁਨੀਆ ਭਰ ‘ਚ ਚੋਣਾਂ ਲਈ ਗੰਭੀਰ ਖਤਰਾ ਪੈਦਾ ਕਰਦੇ ਹਨ ਅਤੇ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਚੋਣ ਪ੍ਰਬੰਧਨ ਸੰਸਥਾਵਾਂ ਨੂੰ ਸ਼ਰਾਰਤ ਭਰੀ, ਆਧਾਰਹੀਣ ਤੇ ਰਣਨੀਤਕ ਤੌਰ ‘ਤੇ ਸਮਾਂਬੱਧ ਆਲੋਚਨਾ ਦਾ ਮੁਕਾਬਲਾ ਕਰਨ ਦੀ ਸਮਰੱਥਾ ਵਿਕਸਿਤ ਕਰਨ ਦੀ ਲੋੜ ਹੈ।