
ਸਿੰਗਾਪੁਰ/ਬਿਊਰੋ ਨਿਊਜ਼ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ਵਿੱਚ ਹੋਏ ਫ਼ੌਜੀ ਟਕਰਾਅ ਦੌਰਾਨ ਜਹਾਜ਼ਾਂ ਦੇ ਨੁਕਸਾਨੇ ਜਾਣ ਦੀ ਗੱਲ ਸਵੀਕਾਰੀ ਹੈ ਪਰ ਉਨ੍ਹਾਂ ਛੇ ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ‘ਬਿਲਕੁਲ ਗਲਤ’ ਦੱਸਿਆ। ਅਨਿਲ ਚੌਹਾਨ ਨੇ ਕਿਹਾ ਕਿ ਇਹ ਪਤਾ ਲਗਾਉਣਾ ਵੱਧ ਮਹੱਤਵਪੂਰਨ ਹੈ ਕਿ ਜਹਾਜ਼ ਦਾ ਨੁਕਸਾਨ ਕਿਉਂ ਹੋਇਆ ਤਾਂ ਕਿ ਭਾਰਤੀ ਸੈਨਾ ਰਣਨੀਤੀ ਵਿੱਚ ਸੁਧਾਰ ਕਰ ਸਕੇ ਅਤੇ ਫਿਰ ਤੋਂ ਜਵਾਬੀ ਕਾਰਵਾਈ ਕਰ ਸਕੇ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੜਾਕੂ ਜਹਾਜ਼ ਡਿੱਗਣਾ ਮਹੱਤਵਪੂਰਨ ਗੱਲ ਨਹੀਂ ਹੈ, ਬਲਕਿ ਮਹੱਤਵਪੂਰਨ ਹੈ ਕਿ ਉਹ ਕਿਉਂ ਡਿੱਗੇ।’’ ਜਨਰਲ ਚੌਹਾਨ ਤੋਂ ਪੁੱਛਿਆ ਗਿਆ ਕਿ ਕੀ ਇਸ ਮਹੀਨੇ ਪਾਕਿਸਤਾਨ ਨਾਲ ਚਾਰ ਦਿਨਾਂ ਤੱਕ ਫ਼ੌਜੀ ਟਕਰਾਅ ਦੌਰਾਨ ਭਾਰਤ ਦੇ ਲੜਾਕੂ ਜਹਾਜ਼ ਤਬਾਹ ਹੋ ਗਏ ਸਨ। ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਆਪਣੀਆਂ ਰਣਨੀਤਕ ਗਲਤੀਆਂ ਨੂੰ ਸਮਝ ਸਕੇ, ਉਨ੍ਹਾਂ ਨੂੰ ਸੁਧਾਰਿਆ ਅਤੇ ਦੋ ਦਿਨ ਮਗਰੋਂ ਮੁੜ ਤੋਂ ਲਾਗੂ ਕੀਤਾ। ਅਸੀਂ ਆਪਣੇ ਸਾਰੇ ਲੜਾਕੂ ਜਹਾਜ਼ਾਂ ਨੂੰ ਫਿਰ ਤੋਂ ਲੰਬੀ ਦੂਰੀ ’ਤੇ ਨਿਸ਼ਾਨਾ ਬੰਨ੍ਹ ਕੇ ਉਡਾਇਆ।’’

