3.3 C
Toronto
Saturday, January 10, 2026
spot_img
Homeਪੰਜਾਬਕਿਸਾਨਾਂ ਨੇ ਟੋਹਾਣਾ 'ਚ ਜੇਜੇਪੀ ਵਿਧਾਇਕ ਦਾ ਕੀਤਾ ਘਿਰਾਓ

ਕਿਸਾਨਾਂ ਨੇ ਟੋਹਾਣਾ ‘ਚ ਜੇਜੇਪੀ ਵਿਧਾਇਕ ਦਾ ਕੀਤਾ ਘਿਰਾਓ

ਵਿਧਾਇਕ ਦਵਿੰਦਰ ਬਬਲੀ ਨੇ ਕਿਸਾਨਾਂ ਨੂੰ ਬੋਲੇ ਮੰਦੇ ਬੋਲ
ਚੰਡੀਗੜ੍ਹ : ਹਰਿਆਣਾ ਦੇ ਕਸਬਾ ਟੋਹਾਣਾ ਦੇ ਸਰਕਾਰੀ ਹਸਪਤਾਲ ਵਿੱਚ ਵੈਕਸੀਨੇਸ਼ਨ ਸੈਂਟਰ ਦਾ ਉਦਘਾਟਨ ਕਰਨ ਪੁੱਜੇ ਜੇਜੇਪੀ ਦੇ ਵਿਧਾਇਕ ਦਵਿੰਦਰ ਸਿੰਘ ਬਬਲੀ ਦਾ ਕਿਸਾਨਾਂ ਨੇ ਘਿਰਾਓ ਕੀਤਾ। ਜੇਜੇਪੀ ਆਗੂ ਦੇ ਪੁੱਜਣ ‘ਤੇ ਕਿਸਾਨਾਂ ਨੇ ਟੋਹਾਣਾ-ਹਿਸਾਰ ਸੜਕ ‘ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਵਿਧਾਇਕ ਨੂੰ ਕਾਲੇ ਝੰਡੇ ਦਿਖਾਏ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਮਾਮੂਲੀ ਝੜਪ ਹੋਈ, ਜਿਸ ਦੌਰਾਨ ਤਿੰਨ ਕਿਸਾਨ ਜ਼ਖ਼ਮੀ ਹੋ ਗਏ। ਕਿਸਾਨਾਂ ਦੇ ਵਿਰੋਧ ਦੌਰਾਨ ਵਿਧਾਇਕ ਦੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਤੇ ਉਨ੍ਹਾਂ ਦੇ ਨਿੱਜੀ ਸਕੱਤਰ ਰਾਧੇ ਬਿਸ਼ਨੋਈ ਦੇ ਵੀ ਸੱਟਾਂ ਲੱਗੀਆਂ।
ਵਿਧਾਇਕ ਨੇ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਜੇਜੇਪੀ ਤੇ ਭਾਜਪਾ ਵਿਧਾਇਕਾਂ ਨੂੰ ਸਰਕਾਰੀ ਸਮਾਗਮ ਨਾ ਕਰਨ ਤੇ ਪਿੰਡਾਂ ਵਿੱਚ ਦਾਖ਼ਲ ਨਾ ਹੋਣ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਇੱਥੋਂ ਦੇ ਜੇਜੇਪੀ ਵਿਧਾਇਕ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਿਵਿਆਂਗ ਬੱਚਿਆਂ ਲਈ ਟੀਕਾਕਰਨ ਦਾ ਉਦਘਾਟਨ ਕਰਨ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਇਸ ਦੇ ਵਿਰੋਧ ਦੇ ਸੰਕੇਤ ਦਿੱਤੇ ਸਨ।
ਹਸਪਤਾਲ ‘ਚ ਜਾਣ ਤੋਂ ਪਹਿਲਾਂ ਦੁਪਹਿਰ ਬਾਅਦ ਜਦੋਂ ਵਿਧਾਇਕ ਦਵਿੰਦਰ ਸਿੰਘ ਬਬਲੀ ਬਾਜ਼ਾਰ ਵਿੱਚ ਕੁਝ ਸਾਮਾਨ ਖਰੀਦ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ। ਇਸੇ ਦੌਰਾਨ ਡੀਐੱਸਪੀ ਬਿਕਰਮ ਸਿੰਘ ਦੇ ਪੁੱਜਣ ‘ਤੇ ਵਿਧਾਇਕ ਕਾਰ ਵਿੱਚੋਂ ਬਾਹਰ ਆ ਗਏ ਤੇ ਕਿਸਾਨਾਂ ਨਾਲ ਗਾਲੀ-ਗਲੋਚ ਕੀਤਾ, ਜਿਸ ਮਗਰੋਂ ਮਾਹੌਲ ਤਣਾਅਪੂਰਨ ਤੋਂ ਗਿਆ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ ਤੇ ਵਿਧਾਇਕ ਦੀ ਮਾੜੀ ਸ਼ਬਦਾਵਲੀ ਤੋਂ ਨਾਰਾਜ਼ ਕਿਸਾਨਾਂ ਨੇ ਉਸ ਨੂੰ ਹਸਪਤਾਲ ਘੇਰਨ ਦਾ ਪ੍ਰੋਗਰਾਮ ਬਣਾਇਆ।
ਮਗਰੋਂ ਡੀਐੱਸਪੀ ਨੇ ਵਿਧਾਇਕ ਨੂੰ ਕਾਰ ਵਿੱਚ ਬਿਠਾ ਕੇ ਭੇਜ ਦਿੱਤਾ। ਇਸ ਮਗਰੋਂ ਜਦੋਂ ਵਿਧਾਇਕ ਦੀਆਂ ਕਾਰਾਂ ਦਾ ਕਾਫ਼ਲਾ ਹਸਪਤਾਲ ਪੁੱਜਾ ਤਾਂ ਸੈਂਕੜੇ ਕਿਸਾਨ ਕਾਲੇ ਝੰਡੇ ਲੈ ਕੇ ਹਸਪਤਾਲ ਦੇ ਗੇਟ ਵਿੱਚ ਖੜ੍ਹੇ ਹੋ ਗਏ ਤੇ ਨਾਅਰੇਬਾਜ਼ੀ ਕੀਤੀ। ਪੁਲਿਸ ਨੇ ਕਿਸਾਨਾਂ ‘ਤੇ ਹਲਕਾ ਲਾਠੀਚਾਰਜ ਕੀਤਾ, ਜਿਸ ਵਿੱਚ ਤਿੰਨ ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।
ਇਸ ਮਗਰੋਂ ਕਿਸਾਨਾਂ ਨੇ ਹਿਸਾਰ-ਚੰਡੀਗੜ੍ਹ ਹਾਈਵੇਅ ਸਣੇ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਆਗੂ ਮਨਜੀਤ, ਲਾਭ ਸਿੰਘ, ਹਰੀ ਸਿੰਘ, ਰਣਜੀਤ ਸਿੰਘ ਢਿੱਲੋਂ, ਰਮੇਸ਼ ਡਾਂਗਰਾ, ਧੀਰਜ ਗਾਬਾ, ਰਮੇਸ਼ ਖੋਬੜਾ ਨੇ ਆਖਿਆ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਐਲਾਨ ਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਲੋਕ ਸਾਜਿਸ਼ ਤਹਿਤ ਪ੍ਰੋਗਰਾਮ ਕਰ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਵਿਧਾਇਕ ਮੰਦੀ ਭਾਸ਼ਾ ਵਰਤਣ ਲਈ ਕਿਸਾਨਾਂ ਤੋਂ ਮੁਆਫ਼ੀ ਮੰਗੇ। ਇਸ ਦੌਰਾਨ ਡੀਐੱਸਪੀ ਬਿਰਮ ਸਿੰਘ ਤੇ ਐੱਸਡੀਐੱਮ ਧਰਨੇ ਵਾਲੀ ਥਾਂ ‘ਤੇ ਪੁੱਜੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਕਿਸਾਨਾਂ ਖਿਲਾਫ ਕੇਸ ਦਰਜ ਨਾ ਕਰਨ ਦੇ ਦਿੱਤੇ ਭਰੋਸੇ ਮਗਰੋਂ ਕਿਸਾਨਾਂ ਨੇ ਦੇਰ ਸ਼ਾਮ ਨੂੰ ਧਰਨਾ ਚੁੱਕ ਲਿਆ।

RELATED ARTICLES
POPULAR POSTS