ਫਰੀਲੈਂਡ ਵਲੋਂ ਕੈਨੇਡਾ ਦੀ ਸੰਸਦ ਮੈਂਬਰੀ ਤੋਂ ਅਸਤੀਫੇ ਦਾ ਐਲਾਨ
ਵੈਨਕੂਵਰ/ਬਿਊਰੋ ਨਿਊਜ਼
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੰਸਕੀ ਨੇ ਕੈਨੇਡਾ ਦੀ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਆਪਣੀ ਆਰਥਿਕ ਵਿਕਾਸ ਸਲਾਹਕਾਰ ਥਾਪਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਥੋੜੀ ਦੇਰ ਬਾਅਦ ਕ੍ਰਿਸਟੀਆ ਫਰੀਲੈਂਡ ਨੇ ਕੈਨੇਡਾ ਦੀ ਸੰਸਦ ਮੈਬਰੀ ਤੋਂ ਅਸਤੀਫੇ ਦਾ ਐਲਾਨ ਕਰਕੇ ਜੈਲੰਸਕੀ ਦੇ ਫੈਸਲੇ ‘ਤੇ ਮੋਹਰ ਲਾ ਦਿੱਤੀ। ਕ੍ਰਿਸਟੀਆ ਜਸਟਿਨ ਟਰੂਡੋ ਸਰਕਾਰ ਸਮੇਂ ਉਪ ਪ੍ਰਧਾਨ ਮੰਤਰੀ ਵਜੋਂ ਮੰਤਰਾਲਾ ਸੰਭਾਲਦੀ ਸੀ।
ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਉਸ ਨੂੰ ਕੁੱਝ ਮਹੀਨੇ ਮੰਤਰੀ ਰੱਖਣ ਤੋਂ ਬਾਅਦ ਸਤੰਬਰ ਮਹੀਨੇ ਯੂਕਰੇਨ ਦੀ ਮੁੜ ਉਸਾਰੀ ਵਿਚ ਯੋਗਦਾਨ ਲਈ ਕੈਨੇਡਾ ਦੀ ਪ੍ਰਤੀਨਿੱਧੀ ਵਜੋਂ ਭੇਜਿਆ ਸੀ। ਟਰੂਡੋ ਸਰਕਾਰ ਵਿੱਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਦਿਆਂ ਯੂਕਰੇਨ ਨੂੰ ਮਦਦ ਦੇ ‘ਖੁੱਲੇ ਗੱਫਿਆਂ’ ਮੌਕੇ ਉਸ ਦੀ ਦਰਿਆ ਦਿਲੀ ਤੇ ਨੁਕਤਾਚੀਨੀ ਹੁੰਦੀ ਰਹੀ ਸੀ। ਜ਼ੈਲੰਸਕੀ ਵੱਲੋਂ ਉਸ ਦੀ ਨਿਯੁਕਤੀ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਕ੍ਰਿਸਟੀਆ ਫਰੀਲੈਂਡ ਵਲੋਂ ਐਕਸ ਪੋਸਟ ਰਾਹੀਂ ਉਕਤ ਨਿਯੁਕਤੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਅਗਲੇ ਦਿਨਾਂ ‘ਚ ਆਪਣੀ ਪਾਰਲੀਮੈਂਟ ਮੈਬਰੀ ਤੋਂ ਅਸਤੀਫਾ ਦੇਵੇਗੀ। ਬੀਤੇ ਸਾਲ 29 ਅਪਰੈਲ ਨੂੰ ਹੋਈਆਂ ਸੰਸਦੀ ਚੋਣਾਂ ਮੌਕੇ ਉਸ ਨੇ ਟੋਰਾਂਟੋ ਵਿਚਲੇ ਰੋਜ਼ਡੇਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਉਸਦੇ ਅਸਤੀਫੇ ਨਾਲ ਬਹੁਮਤ ਦੇ ਨੇੜੇ ਪਹੁੰਚੀ ਮਾਰਕ ਕਾਰਨੀ ਸਰਕਾਰ ਦੇ ਮੈਂਬਰਾਂ ਦਾ ਅੰਕੜਾ ਇੱਕ ਹੋਰ ਘਟ ਹੋ ਜਾਵੇਗਾ। 342 ਮੈਂਬਰੀ ਸੰਸਦ ਵਿੱਚ ਇਸ ਵੇਲੇ ਲਿਬਰਲ ਪਾਰਟੀ ਦੇ 171 ਮੈਂਬਰ ਹਨ ਤੇ ਬਹੁਮਤ ਲਈ ਉਸਨੂੰ ਇੱਕ ਮੈਂਬਰ ਦੀ ਲੋੜ ਹੈ।

