ਲੁਧਿਆਣਾ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਲੁਧਿਆਣਾ ਪਹੁੰਚ ਕੇ ਬਾਦਲਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪੰਜਾਬ ‘ਚ ਖੂੰਟਾ ਗੱਡ ਕੇ ਬੈਠ ਗਏ ਹਨ ਅਤੇ ਉਨ੍ਹਾਂ ਨੂੰ ਜੇਲ੍ਹ ‘ਚ ਡੱਕਣ ਤੋਂ ਬਾਅਦ ਹੀ ਦਿੱਲੀ ਪਰਤਣਗੇ। ਲੁਧਿਆਣਾ ਪੁੱਜੇ ਕੇਜਰੀਵਾਲ ਨੇ ਦੋਸ਼ ਲਗਾਏ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਕੰਪਨੀ ਤੋਂ ਉਨ੍ਹਾਂ ਦੀਆਂ 63 ਫਰਜ਼ੀ ਸੀਡੀਆਂ ਤਿਆਰ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਚਾਰ-ਪੰਜ ਮਹੀਨਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸੁਖਬੀਰ ਸਿੰਘ ਬਾਦਲ ਉਨ੍ਹਾਂઠਖ਼ਿਲਾਫ਼ ਸਾਜ਼ਿਸ਼ਾਂ ਘੜ ਰਹੇ ਹਨ ਤਾ ਜੋ ‘ਆਪ’ ਆਗੂਆਂ ਨੂੰ ਬਦਨਾਮ ਕੀਤਾ ਜਾ ਸਕੇ। ‘ਆਪ’ ਆਗੂ ਨੇ ਕਿਹਾ, ”ਸੂਬੇ ਦੀ ਜਨਤਾ ਸਿਆਣੀ ਹੈ। ਉਨ੍ਹਾਂ ਨੂੰ ਪਤਾ ਹੈ ਕਿ ਬਾਦਲ ਪਹਿਲਾਂ ਸੀਡੀ ਬਣਵਾਉਣਗੇ, ਫਿਰ ਆਪਣੇ ਚੈਨਲ ‘ਤੇ ਉਸ ਨੂੰ ਸਾਰਾ ਦਿਨ ਚਲਾਉਣਗੇ ਪਰ ਇਸ ਦਾ ਅਸਰ ਪੰਜਾਬ ਦੀ ਜਨਤਾ ‘ਤੇ ਪੈਣ ਵਾਲਾ ਨਹੀਂ।”
ਉਪ ਮੁੱਖ ਮੰਤਰੀ ਨੂੰ ਲਲਕਾਰਦਿਆਂ ਕੇਜਰੀਵਾਲ ਨੇ ਕਿਹਾ ਕਿ ਹੁਣ ਉਹ ਸੂਬੇ ‘ਚ ਖੂੰਟਾ ਗੱਡ ਕੇ ਬੈਠ ਗਏ ਹਨ ਅਤੇ ਜਦੋਂ ਤੱਕ ਬਾਦਲਾਂ ਨੂੰ ਜੇਲ੍ਹ ਵਿੱਚ ਨਹੀਂ ਬੰਦ ਕਰ ਦਿੰਦੇ, ਉਦੋਂ ਤੱਕ ਉਹ ਪੰਜਾਬ ਛੱਡ ਕੇ ਨਹੀਂ ਜਾਣਗੇ। ਹਮਲਿਆਂ ਦਾ ਖ਼ਦਸ਼ਾ ਜਤਾਉਂਦਿਆਂ ਕੇਜਰੀਵਾਲ ਨੇ ਕਿਹਾ, ”ਹੁਣ ਸਾਡੇ ਉੱਤੇ ਹਮਲੇ ਹੋਣਗੇ। ਪਿਛਲੀ ਵਾਰ ਮੇਰੀ ਗੱਡੀ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਸੀ ਪਰ ਡਰਾਈਵਰ ਗੱਡੀ ਭਜਾ ਕੇ ਲੈ ਗਿਆ ਸੀ ਜਿਸ ਕਾਰਨ ਮੈਂ ਬਚ ਗਿਆ।” ਉਨ੍ਹਾਂ ਹੋਰ ਹਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਪਾਰਟੀ ਦੇ ਦੋ ਸੰਸਦ ਮੈਂਬਰਾਂ ਅਤੇ ਵਰਕਰਾ ‘ਤੇ ਮਲੋਟ ‘ਚ ਹਮਲਾ ਹੋਇਆ ਸੀ। ઠਉਨ੍ਹਾਂ ਕਿਹਾ ਕਿ ਦਿੱਲੀ ਰੇਲਵੇ ਸਟੇਸ਼ਨ ‘ਤੇ ਭਾਜਪਾ ਦੀ ਮਹਿਲਾ ਮੋਰਚਾ ਨੇ ਹਮਲਾ ਕਰ ਦਿੱਤਾ। ਉਨ੍ਹਾਂ ਮੁਤਾਬਕ ਜਦੋਂ ਕੋਈ ਬੰਦਾ ਸੱਚਾਈ ਦੇ ਰਸਤੇ ‘ਤੇ ਚਲਦਾ ਹੈ ਤਾਂ ਉਥੇ ਕੰਡੇ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਦੀਆਂ ਚੋਣਾਂ ਆਮ ਨਹੀਂ ਸਗੋਂ ਕ੍ਰਾਂਤੀ ਆਏਗੀ।
ਦਸੰਬਰ 2018 ਤੱਕ ਪੰਜਾਬ ਦਾ ਕਿਸਾਨ ਹੋਵੇਗਾ ਕਰਜ਼ਾ ਮੁਕਤ: ਅਰਵਿੰਦ ਕੇਜਰੀਵਾਲ ਨੇ ઠਦੱਸਿਆ ਕਿ 11 ਸਤੰਬਰ ਨੂੰ ਬਾਘਾ ਪੁਰਾਣਾ ਦੀ ਦਾਣਾ ਮੰਡੀ ਵਿੱਚ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੁਸ਼ਹਾਲੀ ਨੂੰ ਵਾਪਸ ਲਿਆਉਣ ਲਈ ‘ਆਪ’ ਨੇ ਬਲੂ ਪ੍ਰਿੰਟ ਤਿਆਰ ਕਰ ਲਿਆ ਹੈ, ਜੋ ਕਿਸਾਨਾਂ ਨੇ ਹੀ ਤਿਆਰ ਕੀਤਾ ਹੈ। ਇਸ ਵਿੱਚ ਐਲਾਨ ਕੀਤਾ ਜਾ ਰਿਹਾ ਹੈ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਬਿਲਕੁਲ ਕਰਜ਼ਾ ਮੁਕਤ ਕਰ ਦਿੱਤਾ ਜਾਏਗਾ ਜਦਕਿ ਬਾਕੀ ਕਿਸਾਨਾਂ ਦਾ ਸਾਰਾ ਵਿਆਜ ਮੁਆਫ਼ ਕਰ ਦਿੱਤਾ ਜਾਏਗਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਬਣਨ ਦੀ ਸੂਰਤ ‘ਚ ਦਸੰਬਰ 2018 ਤੱਕ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾ ਦਿੱਤੀ ਜਾਏਗੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …