-5.2 C
Toronto
Friday, December 26, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਅਗਲੀ ਪੀੜ੍ਹੀ ਨੂੰ ਪੰਜਾਬੀ ਬੋਲੀ, ਭੰਗੜਾ ਤੇ ਕਬੱਡੀ ਨਾਲ਼ ਜੋੜਨ...

ਕੈਨੇਡਾ ‘ਚ ਅਗਲੀ ਪੀੜ੍ਹੀ ਨੂੰ ਪੰਜਾਬੀ ਬੋਲੀ, ਭੰਗੜਾ ਤੇ ਕਬੱਡੀ ਨਾਲ਼ ਜੋੜਨ ਲਈ ਪ੍ਰਬੰਧ ਕੀਤੇ : ਸਤਪਾਲ ਸਿੰਘ ਜੌਹਲ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ ਵਾਰਡ 9-10 ਦੇ ਲੋਕਾਂ ਵਲੋਂ ਵੱਡੇ ਬਹੁਮੱਤ ਨਾਲ਼ ਚੁਣੇ ਹੋਏ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਹੈ ਕਿ ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਚੰਗਾ ਬਣਾਈ ਰੱਖਣ ਵਿੱਚ ਸਹਾਈ ਹੋਣ ਵਾਲੇ ਉੱਚਕੋਟੀ ਦੇ ਵਿਦਿਆਰਥੀਆਂ ਵਾਸਤੇ ਮਈ 2023 ਵਿੱਚ ‘ਟਰੱਸਟੀ ਸਟੂਡੈਂਟ ਐਕਸੀਲੈਂਸ ਐਵਾਰਡ’ ਸਥਾਪਿਤ ਕੀਤਾ ਗਿਆ ਸੀ। ਉਦੋਂ ਤੋਂ ਹਰੇਕ ਸਾਲ ਜੂਨ ਵਿੱਚ ਸੈਕੰਡਰੀ ਸਕੂਲਾਂ ਦੀਆਂ ਗਰੈਜੂਏਸ਼ਨ ਰਸਮਾਂ ਦੌਰਾਨ ਚੰਗੇ ਕਾਰਜਾਂ ਵਿੱਚ ਸੇਵਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਬਰੈਂਪਟਨ ਵਾਰਡ 9 ਅਤੇ 10 ਵਿੱਚ ਚਾਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚੋਂ ਹਰੇਕ ਸਕੂਲ ਦੇ ਪ੍ਰਿੰਸੀਪਲ ਵਲੋਂ ਉੱਚਕੋਟੀ ਦੇ ਦੋ ਵਿਦਿਆਰਥੀਆਂ ਦੇ ਨਾਮ ‘ਟਰੱਸਟੀ ਐਵਾਰਡ’ ਵਾਸਤੇ ਚੁਣੇ ਜਾਂਦੇ ਹਨ। ਗਰੈਜੂਏਸ਼ਨ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੌਹਲ ਵਲੋਂ ਹੌਸਲਾ ਵਧਾਊ ਪ੍ਰਸੰਸਾ-ਪੱਤਰ ਅਤੇ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਜਾਂਦਾ ਹੈ। ਜੌਹਲ ਨੇ ਕਿਹਾ ਕਿ ਸੰਦਲਵੁੱਡ ਹਾਈਟਸ, ਲੁਈਸ ਆਰਬਰ, ਹੈਰਲਡ ਐੱਮ. ਬਰੇਥਵਿੱਟ ਅਤੇ ਕੈਸਲਬਰੁੱਕ ਸੈਕੰਡਰੀ ਸਕੂਲਾਂ ਦੇ ਨਾਲ਼ ਹੀ ਬੌਲਟਨ ਵਿਖੇ ਹੰਬਰਵਿਊ ਸੈਕੰਡਰੀ ਸਕੂਲ ਨੂੰ ਵੀ ਟਰੱਸਟੀ ਐਵਾਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਉਂਕਿ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਹੰਬਰਿਵਊ ਸਕੂਲ ਵਿੱਚ ਵੀ ਬੱਚੇ ਪੜ੍ਹਨ ਜਾਂਦੇ ਹਨ।
ਇਸ ਤਰ੍ਹਾਂ ਸਤਪਾਲ ਸਿੰਘ ਜੌਹਲ ਦੀ ਜ਼ਿੰਮੇਵਾਰੀ ਦੇ ਕੁੱਲ 5 ਸੈਕੰਡਰੀ ਵਿੱਚੋਂ 10 ਵਿਦਿਆਰਥੀਆਂ ਨੂੰ ਅਗਲੇ ਮਹੀਨੇ ਸਨਮਾਨਿਤ ਕੀਤਾ ਜਾਵੇਗਾ। ਇਕ ਸਵਾਲ ਦਾ ਜਵਾਬ ਦਿੰਦਿਆਂ ਜੌਹਲ ਨੇ ਦੱਸਿਆ ਕਿ ਸਕੂਲਾਂ ਵਿੱਚ ਉਨਟਾਰੀਓ ਦੇ ਸਿੱਖਿਆ ਮੰਤਰਾਲੇ ਦੇ ਪ੍ਰਵਾਨਿਤ ਸਲੇਬਸ ਦੇ ਨਾਲ਼ ਹੀ ਕੈਨੇਡਾ ਦੀ ਜੰਮਪਲ ਅਗਲੀ ਪੀੜ੍ਹੀ ਨੂੰ ਪੰਜਾਬੀ ਬੋਲੀ, ਭੰਗੜਾ, ਕਬੱਡੀ, ਗਿੱਧਾ ਅਤੇ ਕ੍ਰਿਕਟ ਨਾਲ਼ ਜੋੜਨ ਲਈ ਸਕੂਲਾਂ ਵਿੱਚ ਪ੍ਰਬੰਧ ਕੀਤੇ ਜਾ ਚੁੱਕੇ ਹਨ। ਇਹ ਵੀ ਕਿ ਬੱਚਿਆਂ ਨੂੰ ਆਪਣੀ ਬੋਲੀ, ਅਤੇ ਸੱਭਿਆਚਾਰਕ ਕਲਾਵਾਂ (ਭੰਗੜਾ/ਗਿੱਧਾ/ਕਬੱਡੀ/ਕ੍ਰਿਕਟ) ਨਾਲ਼ ਜੋੜਨ ਲਈ ਮਾਪਿਆਂ ਨੂੰ ਵਾਧੂ ਖਰਚੇ ਨਹੀਂ ਕਰਨੇ ਪੈਂਦੇ ਕਿਉਂਕਿ ਪੀਲ ਡਿਸਟ੍ਰਿਕਟ ਬੋਰਡ ਵਲੋਂ ਇਹ ਸਿੱਖਿਆ ਮੁਫਤ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

RELATED ARTICLES
POPULAR POSTS