ਪਾਕਿ ਤੋਂ ਖੁੰਝਿਆ ਬਣ ਗਿਆ ਪਵਿੱਤਰ : 70 ਸਾਲਾਂ ਤੋਂ ਕਰ ਰਿਹਾ ਗੁਰੂਘਰ ਦੀ ਸੇਵਾ
ਕਾਰ ਸੇਵਾ ਵਾਲੇ ਬਾਬਾ ਉਤਮ ਸਿੰਘ ਨੇ ਲਾਇਆ ਗਲ਼, ਗੁਰਮੋਹਿੰਦਰ ਸਿੰਘ ਬਣ ਗੁਰਦੁਆਰਾ ਪ੍ਰਾਚੀਨ ਖਡੂਰ ਸਾਹਿਬ ‘ਚ ਨਿਭਾਅ ਰਿਹਾ ਹੈ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ ਦੇ ਬਟਵਾਰੇ ਦੇ ਵਕਤ ਕਿਸਮਤ ਦੀ ਖੇਡ ਨੇ ਅੱਲ੍ਹੜ ਮਾਨਾ ਨੂੰ ਪਾਕਿਸਤਾਨ ਜਾਣ ਤੋਂ ਕੀ ਰੋਕਿਆ ਕਿ ਉਹ ਗੁਰੂ ਦਾ ਲਾਡਲਾ ਸਿੱਖ ਬਣ ਗਿਆ। ਮੁਸਲਿਮ ਨੌਜਵਾਨ ਅੱਲ੍ਹੜ ਮਾਨਾ ਨੂੰ ਮਾਂ ਦੇ ਆਂਚਲ ਤੋਂ ਵਕਤ ਨੇ ਦੂਰ ਕਰ ਦਿੱਤਾ ਅਤੇ ਉਸ ਦੀ ਜ਼ਿੰਦਗੀ ਦੇ ਬਟਵਾਰੇ ਦੀ ਤਰਾਸਦੀ, ਵਿਛੜੇ ਲੱਖਾਂ ਪਰਿਵਾਰਾਂ ਦੀ ਕਹਾਣੀ ਵਿਚ ਸ਼ਾਮਲ ਹੋ ਗਈ। ਹੋਇਆ ਇੰਝ ਕਿ 15 ਅਗਸਤ 1947 ਤੋਂ ਕੁਝ ਦਿਨ ਪਹਿਲਾਂ ਮੁਸਲਿਮ ਪਰਿਵਾਰਾਂ ਨੂੰ ਫੌਜੀ ਗੱਡੀਆਂ ਰਾਹੀਂ ਨਵੇਂ ਬਣੇ ਮੁਲਕ ਪਾਕਿਸਤਾਨ ਭੇਜਿਆ ਜਾ ਰਿਹਾ ਸੀ। 14 ਸਾਲ ਦਾ ਮਾਨਾ ਉਸ ਵਕਤ ਪਿੰਡ ਦੀ ਜੂਹ ਤੋਂ ਦੂਰ ਚਰਵਾਹੇ ਵਿਚ ਜ਼ਿਮੀਂਦਾਰ ਮੰਨਾ ਸਿੰਘ ਦੀਆਂ ਮੱਝਾਂ ਚਰਾਉਣ ਗਿਆ ਹੋਇਆ ਸੀ। ਪਿੰਡ ਦੇ ਨੌਜਵਾਨ ਜਦ ਤੱਕ ਅੱਲ੍ਹੜ ਮਾਨਾ ਨੂੰ ਲੱਭ ਕੇ ਲਿਆਉਂਦੇ ਤਦ ਤੱਕ ਫੌਜੀ ਗੱਡੀ ਜਾ ਚੁੱਕੀ ਸੀ, ਜਿਸ ਵਿਚ ਬੈਠੀ ਉਸ ਦੀ ਮਾਂ ਪੁੱਤ ਦੀ ਰਾਹ ਦੇਖਦੇ-ਦੇਖਦੇ ਪੱਥਰ ਹੋਈਆਂ ਅੱਖਾਂ ਨਾਲ ਪਾਕਿਸਤਾਨ ਤੁਰ ਗਈ। ਅੰਮ੍ਰਿਤਸਰ ਤੋਂ 45 ਕਿਲੋਮੀਟਰ ਦੂਰ ਇਤਿਹਾਸਕ ਕਸਬਾ ਖਡੂਰ ਸਾਹਿਬ ਦੇ ਲੋਕ ਹੁਣ ਅੱਲ੍ਹੜ ਮਾਨਾ ਨੂੰ ਭਾਈ ਗੁਰਮੋਹਿੰਦਰ ਸਿੰਘ ਦੇ ਨਾਮ ਨਾਲ ਜਾਣਦੇ ਹਨ। ਕਾਰ ਸੇਵਾ ਵਾਲੇ ਸਵਰਗੀ ਬਾਬਾ ਉਤਮ ਸਿੰਘ ਨੇ ਬੇਸਹਾਰਾ ਅੱਲ੍ਹੜ ਮਾਨਾ ਨੂੰ ਗਲ਼ ਲਾਇਆ ਤੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਤੇ ਉਸ ਨੂੰ ਨਵਾਂ ਨਾਮ ਗੁਰਮੋਹਿੰਦਰ ਸਿੰਘ ਦਿੱਤਾ। ਹੁਣ 83 ਵਰ੍ਹਿਆਂ ਦੀ ਉਮਰ ਨੂੰ ਪਾਰ ਕਰ ਚੁੱਕੇ ਇਸ ਸਖਸ਼ ਨੇ ਪ੍ਰਾਚੀਨ ਗੁਰਦੁਆਰਾ ਖਡੂਰ ਸਾਹਿਬ ਦੀ ਸੇਵਾ ਨੂੰ ਹੀ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਖਡੂਰ ਸਾਹਿਬ ਕਾਰ ਸੇਵਾ ਵਾਲੇ ਵਰਤਮਾਨ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਮਾਨਾ ਦਾ ਪਰਿਵਾਰ ਕਰੀਬੀ ਪਿੰਡ ਭੈਲ ਵਿਚ ਰਹਿੰਦਾ ਸੀ। ਉਥੇ ਮੁਸਲਮਾਨਾਂ ਦੇ ਡੇਢ-ਦੌ ਸੌ ਘਰ ਸਨ। ਮਾਨਾ ਦੇ ਪਿਤਾ ਦੀ ਮੌਤ ਕਈ ਵਰ੍ਹੇ ਪਹਿਲਾਂ ਹੋ ਗਈ ਸੀ। ਕੁਝ ਸਿਰ ਫਿਰੇ ਲੋਕਾਂ ਨੇ ਮਾਨਾ ਦੇ ਵੱਡੇ ਭਰਾ ਜਾਨਾ ਦਾ ਕਤਲ ਕਰ ਦਿੱਤਾ ਸੀ। ਬਟਵਾਰੇ ਦੇ ਸਮੇਂ ਮਾਨਾ ਮਾਂ ਦੇ ਨਾਲ ਪਾਕਿਸਤਾਨ ਨਹੀਂ ਜਾ ਸਕਿਆ। ਭਾਈ ਗੁਰਮੋਹਿੰਦਰ ਸਿੰਘ ਬਣੇ ਅੱਲ੍ਹੜ ਮਾਨਾ ਦੱਸਦੇ ਹਨ ਕਿ ਸਾਲ 1959 ‘ਚ ਕੁਝ ਲੋਕ ਉਨ੍ਹਾਂ ਦੀ ਭਾਲ ਵਿਚ ਪਾਕਿਸਤਾਨ ਤੋਂ ਇਥੇ ਆਏ ਸਨ ਪਰ ਮੈਂ ਉਨ੍ਹਾਂ ਨੂੰ ਜਾਣਦਾ ਨਹੀਂ ਸੀ ਇਸ ਲਈ ਉਨ੍ਹਾਂ ਨਾਲ ਪਾਕਿਸਤਾਨ ਜਾਣੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਕੁਝ ਵਕਤ ਬਾਅਦ ਉਨ੍ਹਾਂ ਦੀ ਛੋਟੀ ਭੈਣ ਦੀ ਚਿੱਠੀ ਆਈ ਜਿਸ ਤੋਂ ਪਤਾ ਲੱਗਾ ਕਿ ਮਾਂ ਦੀ ਮੌਤ ਹੋ ਚੁੱਕੀ ਹੈ। ਉਹ ਖੁਦ ਆਪਣੇ ਬੱਚਿਆਂ ਅਤੇ ਪਤੀ ਦੇ ਮੁਲਤਾਨ ਦੇ ਪਿੰਡ ਜਾਹਨਿਆਂ ਵਿਚ ਰਹਿੰਦੀ ਹੈ। ਸਾਲ 1999 ਵਿਚ ਭਾਈ ਗੁਰਮੋਹਿੰਦਰ ਸਿੰਘ ਨੂੰ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦਾ ਮੌਕਾ ਮਿਲਿਆ। ਉਨ੍ਹਾਂ ਕੋਲ ਮੁਲਤਾਨ ਦਾ ਵੀਜ਼ਾ ਨਹੀਂ ਸੀ ਫਿਰ ਉਹ ਆਪਣੀ ਭੈਣ ਨੂੰ ਮਿਲਣ ਪਿੰਡ ਜਾਹਨਿਆਂ ਜਾ ਪਹੁੰਚੇ। ਭੈਣ ਨੇ ਉਥੇ ਰੁਕਣ ਲਈ ਕਿਹਾ ਪਰ ਗੁਰਮੋਹਿੰਦਰ ਸਿੰਘ ਨੇ ਆਖਿਆ ਕਿ ਮੇਰਾ ਟਿਕਾਣਾ ਤਾਂ ਹੁਣ ਗੁਰੂਘਰ ਹੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …