ਪੰਜਾਬ ਭਰ ਤੋਂ ਉਠੇ ਵਿਰੋਧ ਨੂੰ ਵੇਖ ਸੂਬੇ ਦੇ ਗਵਰਨਰ ਨੂੰ ਹੀ ਮੁੜ ਸੌਂਪਿਆ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ
ਚੰਡੀਗੜ੍ਹ/ਬਿਊਰੋ ਨਿਊਜ਼
ਆਖਰ ਪੰਜਾਬ ਭਰ ‘ਚੋਂ ਉਠੇ ਵਿਰੋਧ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਆਪਣਾ ਫੈਸਲਾ ਰਾਤੋ-ਰਾਤ ਪਲਟਣਾ ਪਿਆ। ਬੀਤੀ ਸ਼ਾਮ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਇੰਡੀਪੈਂਡੈਟ ਤੌਰ ‘ਤੇ ਪ੍ਰਸ਼ਾਸਕ ਦੇਣ ਦਾ ਫੈਸਲਾ ਲੈਂਦਿਆਂ ਉਸਦੀ ਨਿਯੁਕਤੀ ਲਈ ਕੇ.ਜੇ.ਅਲਫੋਰਸ ਦਾ ਨਾਂ ਤਹਿ ਕਰ ਲਿਆ ਸੀ, ਬੱਸ ਰਸਮੀ ਐਲਾਨ ਬਾਕੀ ਸੀ ਕਿ ਪੰਜਾਬ ਭਰ ਤੋਂ ਵਿਰੋਧਤਾ ਸ਼ੁਰੂ ਹੋ ਗਈ। ਜਿਵੇਂ ਹੀ ਪੰਜਾਬ ਦੇ ਨਵੇਂ ਗਵਰਨਰ ਵੀ.ਪੀ. ਬਦਨੌਰ ਦਾ ਨਾਮ ਸਾਹਮਣੇ ਆਇਆ ਤੇ ਖਬਰ ਆਈ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕਾਰਜਭਾਰ ਨਹੀਂ ਸੌਂਪਿਆ ਜਾ ਰਿਹਾ ਤਾਂ ਕੈਪਟਨ ਦੀ ਅਗਵਾਈ ਵਿਚ ਕਾਂਗਰਸ ਅਤੇ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੇ ਵਿਰੋਧਤਾ ਜਤਾਈ। ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਸ ਨਿਯੁਕਤੀ ਦਾ ਡਟ ਕੇ ਵਿਰੋਧ ਕੀਤਾ। ਮਿਲੀ ਜਾਣਕਾਰੀ ਅਨੁਸਾਰ ਬਾਦਲਾਂ ਨੇ ਤੁਰੰਤ ਦਿੱਲੀ ਫੋਨ ਖੜਕਾ ਦਿੱਤੇ, ਗ੍ਰਹਿ ਮੰਤਰੀ ਰਾਜਨਾਥ ਸਿੰਘ ਸਮੇਤ ਹੋਰ ਕੁਝ ਪ੍ਰਮੁਖ ਲੀਡਰਾਂ ਨੂੰ ਵੀ ਆਪਣੇ ਰੋਸ ਦਾ ਪ੍ਰਗਟਾਵਾ ਕਰ ਦਿੱਤਾ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਨਿਯੁਕਤੀ ਨੂੰ ਫਿਲਹਾਲ ਰੋਕ ਲਿਆ ਅਤੇ ਅੱਜ ਪੰਜਾਬ ਦੇ ਨਵੇਂ ਲਾਏ ਗਵਰਨਰ ਨੂੰ ਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਨਿਯੁਕਤ ਕਰ ਦਿੱਤਾ।
ਧਿਆਨ ਰਹੇ ਕਿ 1984 ਤੋਂ ਬਾਅਦ ਪੰਜਾਬ ਦਾ ਗਵਰਨਰ ਹੀ ਚੰਡੀਗੜ੍ਹ ਦਾ ਪ੍ਰਸ਼ਾਸ਼ਕ ਬਣਦਾ ਆਇਆ ਹੈ। ਅਜਿਹਾ ਹੱਕ ਪੰਜਾਬ ਤੋਂ ਖੋਹਣ ਦਾ ਭਾਵ ਇਹ ਹੈ ਕਿ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹਣਾ।
ਵੀ.ਪੀ. ਸਿੰਘ ਬਦਨੌਰ ਬਣੇ ਪੰਜਾਬ ਦੇ ਨਵੇਂ ਰਾਜਪਾਲ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਆਉਂਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਅਤੇ ਮਣੀਪੁਰ ਸਮੇਤ ਤਿੰਨ ਸੂਬਿਆਂ ਵਿਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਇੰਝ ਹੀ ਇਕ ਕੇਂਦਰ ਸ਼ਾਸ਼ਿਤ ਸੂਬੇ ਵਿਚ ਉਪ ਰਾਜਪਾਲ ਨਿਯੁਕਤ ਕੀਤਾ ਹੈ। ਪੰਜਾਬ ਨੂੰ ਨਵੇਂ ਰਾਜਪਾਲ ਦੇ ਰੂਪ ਵਿਚ ਵੀ.ਪੀ. ਸਿੰਘ ਬਦਨੌਰ ਮਿਲੇ ਹਨ। ਨਜ਼ਮਾ ਹੈਪਤੁੱਲਾ ਨੂੰ ਮਣੀਪੁਰ ਭੇਜਿਆ ਗਿਆ ਹੈ। ਬਨਵਾਰੀ ਲਾਲ ਪ੍ਰੋਹਿਤ ਨੂੰ ਆਸਾਮ ਦਾ ਰਾਜਪਾਲ ਬਣਾਇਆ ਗਿਆ ਹੈ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …