Home / ਪੰਜਾਬ / ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼

ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼

ਸਿੰਘੂ ਬਾਰਡਰ ‘ਤੇ ਬਣਿਆ ਸਾਂਝਾ ਪੰਜਾਬ
ਦਾਲ-ਫੁਲਕੇ ਤੋਂ ਇਲਾਵਾ ਸੁੱਕੇ ਮੇਵਿਆਂ ਦੇ ਵੀ ਚੱਲ ਰਹੇ ਹਨ ਲੰਗਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ‘ਤੇ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਇੱਥੇ ਵੱਡੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਕਾਰਨ ਸਿੰਘੂ ਬਾਰਡਰ ‘ਮਿਨੀ ਪੰਜਾਬ’ ਬਣਿਆ ਦਿਖਾਈ ਦੇ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੋਰਚੇ ਵਿਚ ਕਿਸਾਨਾਂ ਦੇ ਹਮਾਇਤੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਇੱਥੇ ਇੰਨੇ ਕੁ ਲੰਗਰ ਚਲਾਏ ਜਾ ਰਹੇ ਹਨ ਕਿ ਕੋਈ ਵੀ ਭੁੱਖਾ ਨਹੀਂ ਰਹਿ ਰਿਹਾ। ਦਾਲ-ਫੁਲਕੇ ਦੇ ਲੰਗਰ ਤੋਂ ਇਲਾਵਾ ਲੋਕਾਂ ਨੂੰ ਖਾਣ ਲਈ ਸੁੱਕੇ ਮੇਵੇ ਵੀ ਵੰਡੇ ਜਾ ਰਹੇ ਹਨ। ਡੀਐੱਸਜੀਐੱਮਸੀ, ਯੁਨਾਈਟਿਡ ਸਿੱਖ, ਖਾਲਸਾ ਏਡ ਵਰਗੀਆਂ ਜਥੇਬੰਦੀਆਂ ਵੱਲੋਂ ਲੰਗਰ ਚਲਾਏ ਜਾ ਰਹੇ ਹਨ। ਕਈ ਮੈਡੀਕਲ ਜਾਂਚ ਕੈਂਪ ਲਗਾ ਕੇ ਕਿਸਾਨਾਂ ਤੇ ਰੋਸ ਮੁਜ਼ਾਹਰੇ ਵਿਚ ਆਉਣ ਵਾਲੇ ਹੋਰਨਾਂ ਵਿਅਕਤੀਆਂ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ। ਹਾਲਾਂਕਿ ਮੁਜ਼ਾਹਰਾਕਾਰੀਆਂ ਨੇ ਟਰੈਕਟਰ-ਟਰਾਲੀਆਂ ਨੂੰ ਆਰਜ਼ੀ ਬਸੇਰੇ ਬਣਾ ਰੱਖਿਆ ਹੈ ਪਰ ਵੱਖ-ਵੱਖ ਗਰੁੱਪਾਂ ਵੱਲੋਂ ਉਨ੍ਹਾਂ ਨੂੰ ਜ਼ਰੂਰਤ ਦੀ ਹਰ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ। ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਕਿਸਾਨ ਕਮਲਜੀਤ ਸਿੰਘ ਆਪਣੇ ਸਾਥੀਆਂ ਨਾਲ ਮੁਜ਼ਾਹਰਾਕਾਰੀਆਂ ਨੂੰ ਚਾਹ ਤੇ ਹੋਰ ਖਾਣ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਿਹਾ ਹੈ। ਉਸ ਨੇ ਕਿਹਾ, ‘ਵਿਦੇਸ਼ਾਂ ਵਿਚ ਰਹਿੰਦੇ ਸਾਡੇ ਸਿੱਖ ਭਰਾ ਸਾਨੂੰ ਲੰਗਰ ਲਈ ਰਸਦ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਅਸੀਂ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਡਟੇ ਰਹੀਏ। ਅਸੀਂ ਵਾਹਿਗੁਰੂ ਦੇ ਬੱਚੇ ਹਾਂ ਤੇ ਖਾਲਸਾ ਜਿੱਥੇ ਜਾਂਦਾ ਹੈ ਉੱਥੇ ਹੀ ਨਗਰ ਵਸ ਜਾਂਦੇ ਨੇ ਅਤੇ ਲੰਗਰ ਤਾਂ ਸਾਡਾ ਸਿੱਧਾਂਤ ਹੈ ਜਿਸ ਨੂੰ ਅਸੀਂ ਹਰ ਜਗ੍ਹਾ ਜਾਰੀ ਰੱਖਦੇ ਹਾਂ।’ ਲੰਗਰ ਤੋਂ ਇਲਾਵਾ ਮੁਜ਼ਾਹਰਾਕਾਰੀਆਂ ਤੇ ਧਰਨੇ ਵਿਚ ਸ਼ਮੂਲੀਅਤ ਕਰਨ ਵਾਲੇ ਵਿਅਕਤੀਆਂ ਨੂੰ ਸੁੱਕੇ ਮੇਵੇ, ਗਰਮ ਦੁੱਧ, ਫਰੂਟ ਚਾਟ ਤੇ ਹੋਰ ਬਹੁਤ ਸਾਰੀਆਂ ਵੰਨ-ਸੁਵੰਨੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਵਰਤਾਈਆਂ ਜਾ ਰਹੀਆਂ ਹਨ।

ਕਿਸਾਨਾਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬਾਨਾਂ ‘ਚ ਹੋਣ ਲੱਗੀਆਂ ਅਰਦਾਸਾਂ
ਸ਼੍ਰੋਮਣੀ ਕਮੇਟੀ ਨੇ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਸਮੂਹ ਗੁਰੂ ਘਰਾਂ ਵਿਚ ਕੀਤੀ ਅਰਦਾਸ
ਅੰਮ੍ਰਿਤਸਰ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਿਆਂ ਅੰਦਰ ਅਰਦਾਸ ਸਮਾਗਮ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਵਾਲੇ ਗੁਰਦੁਆਰਿਆਂ ਤੋਂ ਇਲਾਵਾ ਲੋਕਲ ਕਮੇਟੀਆਂ ਨਾਲ ਸਬੰਧਤ ਗੁਰੂ ਘਰਾਂ ਵਿੱਚ ਵੀ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਸੋਮਵਾਰ ਨੂੰ ਅਰਦਾਸ ਹੋਈ। ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਅਰਦਾਸ ਸਮਾਗਮ ਹੋਇਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਉਂਕਾਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਪੂਰਾ ਦੇਸ਼ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਖੜ੍ਹਾ ਹੈ, ਪਰੰਤੂ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਆਪਣੇ ਹੀ ਲੋਕਾਂ ਦੀ ਅਵਾਜ਼ ਨਹੀਂ ਸੁਣ ਰਹੀ। ਇਥੋਂ ਤੱਕ ਕਿ ਸੰਯੁਕਤ ਰਾਸ਼ਟਰ ਸਮੇਤ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਵੱਲੋਂ ਹੌਂਸਲੇ, ਹਿੰਮਤ ਤੇ ਦਲੇਰੀ ਨਾਲ ਉਠਾਈ ਜਾ ਰਹੀ ਹੱਕ ਸੱਚ ਦੀ ਅਵਾਜ਼ ਨੂੰ ਸਿੱਖ ਇਤਿਹਾਸ ਤੋਂ ਸੇਧਿਤ ਦੱਸਿਆ। ਬੀਬੀ ਜਗੀਰ ਕੌਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਅਵਾਜ਼ ਨੂੰ ਸੁਣੇ ਅਤੇ ਕਾਲੇ ਕਾਨੂੰਨ ਰੱਦ ਕਰੇ।

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …