Breaking News
Home / ਪੰਜਾਬ / ਸਕੂਲ ‘ਚ ਵਿਦਿਆਰਥੀਆਂ ਨੂੰ ਸ੍ਰੀ ਸਾਹਿਬ ਪਹਿਨਣ ਦਾ ਹੱਕ ਦਿਵਾਉਣ ਵਾਲੀ

ਸਕੂਲ ‘ਚ ਵਿਦਿਆਰਥੀਆਂ ਨੂੰ ਸ੍ਰੀ ਸਾਹਿਬ ਪਹਿਨਣ ਦਾ ਹੱਕ ਦਿਵਾਉਣ ਵਾਲੀ

ਪਲਵਿੰਦਰ ਕੌਰ ਬਣੀ ਕੈਨੇਡਾ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ ਜੱਜ
ਜਲੰਧਰ ਦੇ ਪਿੰਡ ਰੁੜਕਾ ਕਲਾਂ ਨਾਲ ਹੈ ਸਬੰਧ, ਸਿੱਖਾਂ ਨਾਲ ਜੁੜੇ ਕਈ ਕੇਸ ਵੀ ਜਿੱਤੇ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਪਲਵਿੰਦਰ ਕੌਰ ਸ਼ੇਰਗਿੱਲ ਕੈਨੇਡਾ ‘ਚ ਸੁਪਰੀਮ ਕੋਰਟ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਜੱਜ ਨਿਯੁਕਤ ਕੀਤੀ ਗਈ ਹੈ। ਉਹ ਸੁਪਰੀਮ ਕੋਰਟ ਦੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਦਸਤਾਰਧਾਰੀ ਸਿੱਖ ਹੈ।
ਪਲਵਿੰਦਰ ਕੌਰ 4 ਸਾਲ ਦੀ ਸੀ, ਜਦੋਂ ਉਨ੍ਹਾਂ ਦਾ ਪਰਿਵਾਰ ਜਲੰਧਰ ਦੇ ਪਿੰਡ ਰੁੜਕਾ ਕਲਾਂ ਤੋਂ ਕੈਨੇਡਾ ਚਲਾ ਗਿਆ ਸੀ। ਉਹ ਤਾਇਕਵਾਂਡੋ ‘ਚ ਬਲੈਕ ਬੈਲਟ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਅਜੇ ਵੀ ਸ਼ੌਕੀਆ ਵਾਲੀਬਾਲ ਖੇਡਦੀ ਹੈ। ਕੈਨੇਡਾ ‘ਚ ਪਲੀ ਪਲਵਿੰਦਰ ਕੌਰ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ‘ਤੇ ਕੰਮ ਕਰਨ ਵਾਲੀ ਵਕੀਲ ਰਹੀ ਹੈ। ਉਹ ਕੈਨੇਡਾ ‘ਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਅਧਿਕਾਰਾਂ ਦੇ ਕਈ ਮਾਮਲਿਆਂ ਨੂੰ ਅਦਾਲਤ ‘ਚ ਲਿਜਾ ਚੁੱਕੀ ਹੈ, ਇਸ ‘ਚ ਇਕ ਸਿੱਖ ਵਿਦਿਆਰਥੀਆਂ ਦੇ ਸਕੂਲ ‘ਚ ਸ੍ਰੀ ਸਾਹਿਬ ਪਹਿਨਣ ਦਾ ਕੇਸ ਵੀ ਰਿਹਾ ਹੈ, ਜਿਸ ਦੇ ਚਲਦੇ ਸੁਪਰੀਮ ਕੋਰਟ ਨੇ ਸਿੱਖ ਵਿਦਿਆਰਥੀਆਂ ਨੂੰ ਸ੍ਰੀ ਸਾਹਿਬ ਪਹਿਨਣ ਦੀ ਆਗਿਆ ਦੇ ਦਿੱਤੀ ਸੀ। ਪਲਵਿੰਦਰ ਕੌਰ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੀ ਜਨਰਲ ਲੀਗਲ ਕੌਂਸਲ ਦੇ ਰੂਪ ‘ਚ ਮਨੁੱਖੀ ਅਧਿਕਾਰ ਅਤੇ ਧਾਰਮਿਕ ਸਮਾਯੋਜਨ ਕਾਨੂੰਨ ਨੂੰ ਬਣਾਉਣ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦਰਅਸਲ ਦੇਸ਼ ‘ਚ ਲਾਗੂ ਨਵੇਂ ਨਿਆਂਇਕ ਆਵੇਦਨ ਪ੍ਰਕ੍ਰਿਆ ਦੇ ਤਹਿਤ ਜਸਟਿਸ ਮਨਿਸਟਰ ਅਤੇ ਕੈਨੇਡਾ ਦੇ ਅਟਾਰਨੀ ਜਨਰਲ ਨੇ ਪਲਵਿੰਦਰ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ‘ਸੁਪਰੀਮ ਕੋਰਟ ਦੀ ਬੈਂਚ ‘ਚ ਨਿਯੁਕਤੀ ਤੋਂ ਪਹਿਲਾਂ ਜਸਟਿਸ ਪਲਵਿੰਦਰ ਕੌਰ ਆਪਣੀ ਲਾਅ ਫਰਮ ਸ਼ੇਰਗਿੱਲ ਐਂਡ ਕੰਪਨੀ, ਟ੍ਰਾਇਲ ਲਾਇਅਰਜ਼ ‘ਚ ਬਤੌਰ ਵਕੀਲ ਕੰਮ ਕਰਦੀ ਸੀ। ਉਨ੍ਹਾਂ ਦਾ ਤਜ਼ਰਬਾ ਅਤੇ ਕੰਮ ਵਧੀਆ ਰਿਹਾ ਹੈ। ਉਹ ਕੈਨੇਡਾ ਦੇ ਵੱਖ-ਵੱਖ ਕੋਰਟਾਂ ਅਤੇ ਟ੍ਰਿਬਿਊਨਲ ‘ਚ ਪੇਸ਼ ਹੋ ਚੁੱਕੀ ਹੈ।
ਪਲਵਿੰਦਰ ਕੌਰ ਨੂੰ 2012 ‘ਚ ਕਵੀਨਜ਼ ਕੌਂਸਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਕਵੀਨਜ਼ ਗੋਲਡ ਜੁਬਲੀ ਮੈਡਲ ਫਾਰ ਕਮਿਊਨਿਟੀ ਸਰਵਿਸਿਜ਼ ਨਾਲ ਵੀ ਨਿਵਾਜ਼ਿਆ ਜਾ ਚੁੱਕਿਆ ਹੈ। ਪਲਵਿੰਦਰ ਕੌਰ ਨੂੰ ਵਰਲਡ ਸਿੱਖ ਸੰਗਠਨ ਨੇ ਜਸਟਿਸ ਬਣਨ ‘ਤੇ ਵਧਾਈ ਦਿੱਤੀ।
ਪਲਵਿੰਦਰ ਕੌਰ ਦੇ ਪਿਤਾ ਗਿਆਨ ਸਿੰਘ ਨੇ ਫੋਨ ‘ਤੇ ਦੱਸਿਆ ਕਿ ਜਲਦੀ ਹੀ ਆਪਣੀ ਪਤਨੀ ਸੁਰਿੰਦਰ ਕੌਰ ਦੇ ਨਾਲ ਪਿੰਡ ਆ ਕੇ ਪਾਠ ਰਖਵਾਉਣਗੇ। ਪੂਰੇ ਪਰਿਵਾਰ ਦੇ ਨਾਲ ਰੁੜਕਾ ਕਲਾਂ ਆ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ। ਯੂਥ ਕਲੱਬ ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ, ਬਾਬਾ ਭਾਈ ਸਾਧੂ ਜੀ, ਕਬੱਡੀ ਅਕਾਦਮੀ ਦੇ ਇੰਚਾਰਜ ਰਾਜੀਵ ਰਤਨ ਟੋਨੀ ਨੇ ਕਿਹਾ ਕਿ ਪਿੰਡ ਦੀ ਬੇਟੀ ਨੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
4 ਸਾਲ ਦੀ ਉਮਰ ‘ਚ ਕੈਨੇਡਾ ਆ ਕੇ ਵਸਣ ਵਾਲੀ ਪਲਵਿੰਦਰ ਤਾਇਕਵਾਂਡੋ ‘ਚ ਰਹਿ ਚੁੱਕੀ ਹੈ ਬਲੈਕ ਬੈਲਟ
ਪਲਵਿੰਦਰ ਕੌਰ ਤਬਲਾ ਤੇ ਹਰਮੋਨੀਅਮ ਦੀ ਵਿਦਿਆਰਥੀ ਵੀ ਰਹੀ
ਜਸਟਿਸ ਪਲਵਿੰਦਰ ਕੌਰ ਸ਼ੇਰਗਿੱਲ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ‘ਚ 1961 ‘ਚ ਹੋਇਆ। ਉਨ੍ਹਾਂ ਦਾ ਵਿਆਹ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਜਗਤਪੁਰ ‘ਚ ਹੋਇਆ। ਹਾਲਾਂਕਿ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮ ਲੇਕ ‘ਚ ਪਲ਼ੀ ਹੈ। ਉਨ੍ਹਾਂ ਨੇ ਸਸਕੇਚੁਵਾਨ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀ ਮਾਹਿਰ ਹੈ। ਇਸ ਤੋਂ ਇਲਾਵਾ ਹਿੰਦੀ ਵੀ ਬੋਲ ਲੈਂਦੀ ਹੈ। ਸਕੂਲ ਦੇ ਦਿਨਾਂ ‘ਚ ਪਲਵਿੰਦਰ ਕੌਰ ਦੀ ਤਬਲਾ ਅਤੇ ਹਰਮੋਨੀਅਮ ‘ਚ ਕਾਫ਼ੀ ਰੁਚੀ ਸੀ। ਉਹ ਸਰੀ ‘ਚ ਆਪਣੇ ਪਤੀ, ਬੇਟੀ ਅਤੇ ਦੋ ਜੁੜਵੇਂ ਬੇਟਿਆਂ ਦੇ ਨਾਲ ਰਹਿੰਦੀ ਹੈ।
ਪੂਰੀ ਸਿੱਖ ਕੌਮ ਦੇ ਲਈ ਮਾਣ ਵਾਲੀ ਗੱਲ : ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ (ਡਬਲਿਊਐਸਓ) ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਇਹ ਕੈਨੇਡਾ ‘ਚ ਸਿੱਖ ਭਾਈਚਾਰੇ ਦੇ ਲਈ ਇਕ ਹੋਰ ਪ੍ਰਾਪਤੀ ਹੈ। ਪੂਰੀ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ।

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …