-0.1 C
Toronto
Thursday, December 25, 2025
spot_img
Homeਪੰਜਾਬਬੰਬ ਧਮਾਕੇ ਤੋਂ ਬਾਅਦ ਮਚਿਆ ਸਿਆਸੀ ਘਮਾਸਾਨ

ਬੰਬ ਧਮਾਕੇ ਤੋਂ ਬਾਅਦ ਮਚਿਆ ਸਿਆਸੀ ਘਮਾਸਾਨ

Bhaskar 3 copy copyਕਾਂਗਰਸ ਤੇ ਅਕਾਲੀ ਦਲ ਨੂੰ ਸਾਰਾ ਪੰਜਾਬ ਅੱਤਵਾਦੀ ਦਿਸਣ ਲੱਗਾ : ਕੇਜਰੀਵਾਲ
ਜਲੰਧਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪਾਰਟੀ ਦੀ ਮਜ਼ਬੂਤੀ ਲਈ ਦੋਆਬੇ ਵਿੱਚ ਆਖਰੀ ਹੱਲਾ ਮਾਰਿਆ। ਕੇਜਰੀਵਾਲ ਨੇ ਨਕੋਦਰ, ਸ਼ਾਹਕੋਟ, ਕਰਤਾਰਪੁਰ ਤੇ ਸੁਲਤਾਨਪੁਰ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ।ਉਨ੍ਹਾਂ ਹਾਕਮਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਆਪਣੀ ਹਾਰ ਹੁੰਦੀ ਦੇਖ ਕੇ ਬੌਖਲਾ ਗਏ ਹਨ ਤੇ ਹੁਣ ਅਕਾਲੀ ਦਲ ਤੇ ਕਾਂਗਰਸ ਨੂੰ ਸਾਰਾ ਪੰਜਾਬ ਅੱਤਵਾਦੀ ਦਿਖਾਈ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਪੰਜਾਬੀਆਂ ਨੂੰ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਰੋਜ਼ੀ ਲਈ ਜਾਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਜੇਕਰ ਐਨਆਰਆਈ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਨ ਤਾਂ ਕਾਂਗਰਸ ਅਤੇ ਅਕਾਲੀ ਦਲ ਨੂੰ ਤਕਲੀਫ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ, ਬਾਦਲ ਨੂੰ ਜਿਤਾਉਣ ਲਈ ਲੰਬੀ ਤੋਂ ਲੜ ਰਹੇ ਹਨ ਪਰ ਕੈਪਟਨ ਖ਼ੁਦ ਆਪਣੀ ਪਟਿਆਲੇ ਦੀ ਪੱਕੀ ਸੀਟ ਤੋਂ ਹਾਰ ਰਹੇ ਹਨ।
ਮੌੜ ਬੰਬ ਕਾਂਡ ਲਈ ਕੇਜਰੀਵਾਲ ‘ਜ਼ਿੰਮੇਵਾਰ’: ਕੈਪਟਨ
ਪਟਿਆਲਾ : ਮੌੜ ਬੰਬ ਕਾਂਡ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ‘ਜ਼ਿੰਮੇਵਾਰ’ ਗਰਦਾਨਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਕਥਿਤ ਤੌਰ ‘ਤੇ ਕੇਜਰੀਵਾਲ ਦੀਆਂ ਅੱਤਵਾਦ ਨੂੰ ਸੁਰਜੀਤ ਕਰਨ ਦੀਆਂ ਸਰਗਰਮੀਆਂ ਦਾ ਸਿੱਟਾ ਹੈ। ਉਹ ਪੁਰਾਣੇ ਅੱਤਵਾਦੀਆਂ ਅਤੇ ਨਕਸਲੀਆਂ ਨੂੰ ਜੋੜਨ ਦਾ ਕੰਮ ਕਰ ਰਹੇ ਹਨ। ਪਰ ਉਹ ਪੰਜਾਬ ਵਿੱਚ ਭਾਂਬੜ ਬਾਲਣ ਦੇ ਮਨਸੂਬਿਆਂ ਵਿਚ ਸਫ਼ਲ ਨਹੀਂ ਹੋ ਸਕਣਗੇ। ਉਨ੍ਹਾਂ ਨੇ ਘਟਨਾ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੀ ਕਥਿਤ ਸ਼ਮੂਲੀਅਤ ਅਤੇ ਕੇਜਰੀਵਾਲ ਵੱਲੋਂ ਇਸੇ ਹੀ ਜਥੇਬੰਦੀ ਦੇ ਇੱਕ ਪੁਰਾਣੇ ਆਗੂ ਦੇ ਘਰ ਠਹਿਰਨਾ, ਦੋਹੇਂ ਗੱਲਾਂ ਗੰਭੀਰ ਹਨ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਜਿਹੇ ਵਿਅਕਤੀ ਦੇ ਘਰ ਜਾ ਕੇ ਠਹਿਰਨ ਨਾਲ ਚੁੱਪ ਬੈਠੇ ‘ਅੱਤਵਾਦੀ ਸੈੱਲਾਂ’ ਨੂੰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਵੀ ਇਸੇ ਕੜੀ ਦਾ ਹਿੱਸਾ ਦੱਸਿਆ। ਰਾਜਨੀਤੀ ਚਮਕਾਉਣ ਲਈ ਅਜਿਹੇ ਹੱਥਕੰਡੇ ਅਪਣਾਉਣਾ ਅਫ਼ਸੋਸ ਵਾਲੀ ਗੱਲ ਹੈ, ਕਿਉਂਕਿ ਆਈ.ਐਸ.ਆਈ. ਤਾਂ ਅਜਿਹੇ ਹਮਲਿਆਂ ਦੀ ਭਾਲ ਵਿੱਚ ਰਹਿੰਦੀ ਹੈ।
ਸੁਖਬੀਰ ਬਾਦਲ ਨੇ ਮੌੜ ਬੰਬ ਕਾਂਡ ਲਈ ‘ਆਪ’ ਨੂੰ ਜ਼ਿੰਮੇਵਾਰ ਠਹਿਰਾਇਆ
ਲੰਬੀ : ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੌੜ ਮੰਡੀ ਬੰਬ ਕਾਂਡ ਲਈ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗਰਮ ਖ਼ਿਆਲੀਆਂ ਨਾਲ ਨੇੜਤਾ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਖਬੀਰ ਦਾ ਕਹਿਣਾ ਹੈ ਕਿ ਕੇਜਰੀਵਾਲ ਵੋਟਾਂ ਖ਼ਾਤਰ ਗਰਮ ਖ਼ਿਆਲੀਆਂ ਨੂੰ ਖੁੱਲ੍ਹਾਂ ਦੇ ਕੇ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਪੰਜਾਬ ਵਿਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦੀਆਂ ਕੜੀਆਂ ਅਰਵਿੰਦ ਕੇਜਰੀਵਾਲ ਨਾਲ ਜੁੜ ਰਹੀਆਂ ਹਨ। ਬਰਗਾੜੀ ਕਾਂਡ ਵਿਚ ‘ਨਾਮਜ਼ਦ’ ਨੌਜਵਾਨ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ ‘ਆਪ’ ਵਿੱਚ ਸ਼ਾਮਲ ਹੋਣਾ ਅਤੇ ਕੇਜਰੀਵਾਲ ਦਾ ‘ਖ਼ਾਲਿਸਤਾਨੀ ਅੱਤਵਾਦੀ’ ਦੇ ਘਰ ਰੁਕਣਾ, ਉਨ੍ਹਾਂ ਦੀ ਮਨਸ਼ਾ ਨੂੰ ਉਜਾਗਰ ਕਰਦਾ ਹੈ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਹਿੱਤਾਂ ਅਤੇ ਅਮਨ-ਸ਼ਾਂਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਾਦਲ ਨੇ ‘ਆਪ’ ਨੂੰ ਖ਼ਾਲਿਸਤਾਨ ਪੱਖੀ ਕਰਾਰ ਦਿੰਦਿਆਂ ਕਿਹਾ ਕਿ ਲੰਬੀ ਹਲਕੇ ਤੋਂ ‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਲੰਡਨ ਵਿੱਚ ਖ਼ਾਲਿਸਤਾਨੀ ਸਮਰਥਕਾਂ ਨਾਲ ਸਟੇਜ ਸਾਂਝੀ ਕੀਤੀ ਸੀ ਤੇ ਅਜਿਹਾ ਹੀ ਕੁਝ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਇੱਕ ਗੁਰਦੁਆਰੇ ਵਿੱਚ ਕੀਤਾ ਸੀ।
ਸੁਖਬੀਰ ਬਾਦਲ ਮੇਰੀ ਤਕਰੀਰ ਪੀਟੀਸੀ ‘ਤੇ ਵਿਖਾਵੇ: ਜਰਨੈਲ ਸਿੰਘઠ
‘ਆਪ’ ਉਮੀਦਵਾਰ ਜਰਨੈਲ ਸਿੰਘ ਨੇ ਸੁਖਬੀਰ ਵੱਲੋਂ ਉਨ੍ਹਾਂ ਦੀ ਖ਼ਾਲਿਸਤਾਨੀਆਂ ਨਾਲ ਸਾਂਝ ਦੇ ਲਾਏ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਲੰਡਨ ਵਿੱਚ 1984 ਦੇ ਸਿੱਖ ਕਤਲੇਆਮ ਦੀ ਯਾਦ ਵਿੱਚ ਰੱਖੇ ਸਮਾਗਮ ਵਿਚ ਹਿੱਸਾ ਲੈਣ ਗਏ ਸਨ। ਜੇ ਸੁਖਬੀਰ ਨੂੰ ਉਨ੍ਹਾਂ ਦੀ ਤਕਰੀਰ ‘ਤੇ ਇਤਰਾਜ਼ ਹੈ ਤਾਂ ਉਨ੍ਹਾਂ ਦੀ ਵੀਡੀਓ ਯੂ ਟਿਊਬ ਤੋਂ ਲੈ ਕੇ ਆਪਣੇ ਟੀ.ਵੀ ਚੈਨਲ ਪੀਟੀਸੀ ‘ਤੇ ਚਲਾਉਣ।
ਅਕਾਲੀ ਆਗੂ ਬਾਊਂਸਰਾਂ ਦਾ ਲੈਣ ਲੱਗੇ ਸਹਾਰਾ
ਲੰਬੀ : ਵਿਧਾਨ ਸਭਾ ਚੋਣਾਂ ਕਾਰਨ ਸਰਕਾਰੀ ਗੰਨਮੈੱਨ ਖੁੱਸਣ ਜਾਂ ਗਿਣਤੀ ਘਟਣ ਕਰਕੇ ਅਕਾਲੀ ਜਥੇਦਾਰ ਨਿੱਜੀ ਸੁਰੱਖਿਆ ਗਾਰਡਾਂ ਦਾ ਸਹਾਰਾ ਲੈਣ ਲੱਗੇ ਹਨ। 10 ਸਾਲ ਉੱਚ ਸੁਰੱਖਿਆ ਦੇ ਘੇਰੇ ਵਿੱਚ ਰਹਿਣ ਵਾਲੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੇ ਸੁਰੱਖਿਆ ਲਈ ਬਾਊਂਸਰ ਰੱਖ ਲਏ ਹਨ, ਜਿਹੜੇ ਚੋਣ ਪ੍ਰਚਾਰ ਸਮੇਂ ਪਰਛਾਵੇਂ ਵਾਂਗ ਉਨ੍ਹਾਂ ਨਾਲ ਰਹਿੰਦੇ ਹਨ। ਇਹ ਬਾਊਂਸਰ ਹਰਿਆਣੇ ਤੋਂ ਮੰਗਵਾਏ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਤਨਖ਼ਾਹ ਕਾਫ਼ੀ ਜ਼ਿਆਦਾ ਹੈ। ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਕੋਲਿਆਂਵਾਲੀ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਵਜੋਂ 19 ਗੰਨਮੈੱਨ ਦਿੱਤੇ ਹੋਏ ਸਨ, ਜੋ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਸਭ ਤੋਂ ਵੱਧ ਸਨ। ਇਨ੍ਹਾਂ ਦੀ ਗਿਣਤੀ ਹੁਣ ਅੱਧੀ ਰਹਿ ਗਈ ਹੈ। ਜ਼ਿਲ੍ਹਾ ਮੁਕਤਸਰ ਸਾਹਿਬ ਵਿਚ ਕੁੱਲ 24 ਅਕਾਲੀ ਆਗੂਆਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਛਤਰੀ ਮਿਲੀ ਹੋਈ ਸੀ। ਇਨ੍ਹਾਂ ਵਿੱਚੋਂ 17 ਆਗੂ ਲੰਬੀ ਨਾਲ ਸਬੰਧਤ ਹਨ। ਸਰਕਾਰੀ ਗੰਨਮੈੱਨ ਖੁੱਸਣ/ਘਟਣ ‘ਤੇ ਹੋਰਨਾਂ ਅਕਾਲੀ ਲੀਡਰਾਂ ਨੇ ਵੀ ਆਪਣੇ ਨਿੱਜੀ ਸੁਰੱਖਿਆ ਗਾਰਡ ਰੱਖ ਲਏ ਹਨ। ਦਿਆਲ ਸਿੰਘ ਕੋਲਿਆਂਵਾਲੀ ਨੇ ਆਪਣੀ ਸੁਰੱਖਿਆ ਲਈ ਬਾਊਂਸਰ ਤਾਇਨਾਤ ਕਰਨ ਬਾਰੇ ਪੁਸ਼ਟੀ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਕਈ ਵਾਰ ਧਮਕੀਆਂ ਮਿਲੀਆਂ ਹਨ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।

RELATED ARTICLES
POPULAR POSTS