Breaking News
Home / ਹਫ਼ਤਾਵਾਰੀ ਫੇਰੀ / ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਪਾਰਟੀਆਂ ਦੇ ਗੱਠਜੋੜ ਦੇ ਆਸਾਰ ਮੱਧਮ!

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਸਿਆਸੀ ਪਾਰਟੀਆਂ ਦੇ ਗੱਠਜੋੜ ਦੇ ਆਸਾਰ ਮੱਧਮ!

ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਵੀ ਨਹੀਂ ਹੋਏਗਾ ਗੱਠਜੋੜ
ਚੰਡੀਗੜ੍ਹ/ਬਿਊਰੋ ਨਿਊਜ਼ : ਆਗਾਮੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸੀ ਅਖਾੜਾ ਭਖ ਗਿਆ ਹੈ। ਆਮ ਆਦਮੀ ਪਾਰਟੀ ਨੇ ਖਡੂਰ ਸਾਹਿਬ ਹਲਕੇ ਵਿੱਚ ਅਤੇ ਪੰਜਾਬ ਕਾਂਗਰਸ ਨੇ ਸਮਰਾਲਾ ਵਿੱਚ ਰੈਲੀਆਂ ਕੀਤੀਆਂ। ਸਮਰਾਲਾ ਰੈਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਪੱਸ਼ਟ ਤੌਰ ‘ਤੇ ਇਸ਼ਾਰਾ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਆਪਣੇ ਦਮ ‘ਤੇ ਚੋਣਾਂ ਲੜੇਗੀ ਜਦੋਂ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੰਨਾ ਰੈਲੀ ਵਿੱਚ ਇਕੱਲੇ ਤੌਰ ‘ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਨੇ ਕਾਂਗਰਸ ਲੀਡਰਸ਼ਿਪ ਨੂੰ ਕਿਹਾ, ”ਸਮਝ ਕੇ ਚਲੋ ਕਿ ਪੰਜਾਬ ਵਿੱਚ ਚੋਣਾਂ ਇਕੱਲੇ ਹੀ ਲੜਨੀਆਂ ਹਨ ਅਤੇ ਆਖਰ ਤੱਕ ਲੜਾਂਗੇ ਤੇ ਚੋਣਾਂ ਜਿੱਤਾਂਗੇ। ਕੋਈ ਮਿਲਣੀ ਤਾਂ ਹੋ ਨਹੀਂ ਰਹੀ ਹੈ, ਕੋਈ ਨਾਲ ਆਇਆ ਤਾਂ ਠੀਕ ਹੈ, ਜੇਕਰ ਨਾ ਆਇਆ ਤਾਂ ਵੀ ਠੀਕ ਹੈ।” ਖੜਗੇ ਦੇ ਬਿਆਨ ਮਗਰੋਂ ਪੰਜਾਬ ਕਾਂਗਰਸ ਵਿੱਚ ਉਤਸ਼ਾਹ ਭਰ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੰਜਾਬ ਵਿੱਚ ਸਾਰੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰਨਗੇ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ”ਐਤਕੀਂ 13 ਸੀਟਾਂ ਜਿੱਤਾਂਗੇ ਅਤੇ ਇੱਕ ਸਰਵੇਖਣ ਨੇ ਇਹ ਤਸਵੀਰ ਸਾਫ ਵੀ ਕਰ ਦਿੱਤੀ ਹੈ। ਸਰਵੇਖਣ ਵਿੱਚ ਕਾਂਗਰਸ ਦੀ ਵੋਟ ਫ਼ੀਸਦੀ ਵਧੀ ਹੈ।” ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਆਪ’ ਉੱਤੇ ਨਿਸ਼ਾਨੇ ਸੇਧੇ। ਕਾਂਗਰਸ ਤੇ ‘ਆਪ’ ਵਿਚਾਲੇ ਗੱਠਜੋੜ ਦੀ ਸੰਭਾਵਨਾ ਹੁਣ ਖ਼ਤਮ ਹੋ ਗਈ ਹੈ। ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਫਰਵਰੀ ਵਿੱਚ ਹੀ ਪੰਜਾਬ ਦੀਆਂ 13 ਸੀਟਾਂ ਤੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਬਾਰੇ ਪਹਿਲੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਭਾਜਪਾ ਦੀ ਸੂਬਾਈ ਲੀਡਰਸ਼ਿਪ ਇਸ ਗੱਲ ਦੀ ਹਮਾਇਤ ਕਰ ਰਹੀ ਹੈ ਕਿ ਪੰਜਾਬ ਵਿੱਚ ਇਕੱਲੇ ਤੌਰ ‘ਤੇ ਚੋਣਾਂ ਲੜੀਆਂ ਜਾਣ ਅਤੇ 2027 ਦੀਆਂ ਤਿਆਰੀਆਂ ਕੀਤੀਆਂ ਜਾਣ। ਭਾਜਪਾ ਆਗੂਆਂ ਨੇ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਹੈ ਕਿ 2022 ਵਿੱਚ ਇਕੱਲੇ ਚੋਣਾਂ ਲੜਨ ਨਾਲ ਹਰੇਕ ਹਲਕੇ ਵਿੱਚ ਵੋਟ ਬੈਂਕ ਸਥਾਪਤ ਹੋਇਆ ਹੈ ਅਤੇ ਹੁਣ ਉਸ ਨੂੰ ਵਧਾਉਣ ਦਾ ਚੰਗਾ ਮੌਕਾ ਹੈ। ਹਾਲਾਂਕਿ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਰੱਖਣਾ ਚਾਹੁੰਦੀ ਹੈ ਅਤੇ ਅਕਾਲੀ ਦਲ ਇਸ ਗੱਠਜੋੜ ਨੂੰ ਲੈ ਕੇ ਕਾਫੀ ਕਾਹਲ ਵਿੱਚ ਹੈ। ਜਦਕਿ ਕਿਸਾਨ ਅੰਦੋਲਨ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੋਣਾਵੀ ਗੱਠਜੋੜ ਚੋਣਾ ਅਸੰਭਵ ਜਾਪ ਰਿਹਾ ਹੈ।
ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜਿਆ
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਨੇ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ। ਇਹ ਫ਼ੈਸਲਾ ਬਸਪਾ ਦੀ ਚੰਡੀਗੜ੍ਹ ਸਥਿਤ ਅੰਬੇਡਕਰ ਭਵਨ ਵਿੱਚ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਪਾਰਟੀ ਵਰਕਰਾਂ ਨਾਲ ਚਾਰ ਘੰਟੇ ਲੰਬੀ ਗੱਲਬਾਤ ਮਗਰੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਇਕੱਲਿਆਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ। ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਨਜ਼ਰਅੰਦਾਜ਼ ਕਰਨ ਨਾਲ ਪਾਰਟੀ ਵਰਕਰ ਨਿਰਾਸ਼ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਗੱਠਜੋੜ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਇਹ ਫੈਸਲਾ ਲਿਆ ਹੈ।

 

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …