10 ਜੂਨ ਨੂੰ ਹੋਵੇਗੀ ਮਿਸੀਸਾਗਾ ਦੇ ਮੇਅਰ ਦੀ ਚੋਣ
ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦਾ ਅਗਲਾ ਮੇਅਰ ਬਣਨ ਦੀ ਦੌੜ ਵਿੱਚ ਹੇਜ਼ਲ ਮੈਕੇਲੀਅਨ ਦੇ ਲੜਕੇ ਤੋਂ ਇਲਾਵਾ ਤਿੰਨ ਕੌਂਸਲਰ ਵੀ ਸ਼ਾਮਲ ਹੋ ਗਏ ਹਨ।
ਬੁੱਧਵਾਰ ਤੋਂ ਮਿਸੀਸਾਗਾ ਦਾ ਮੇਅਰ ਬਣਨ ਦੀ ਦੌੜ ਦੀ ਰਸਮੀ ਸ਼ੁਰੂਆਤ ਹੋਈ। ਇਸ ਦਿਨ ਤੋਂ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨੇ ਸ਼ੁਰੂ ਕਰ ਦਿੱਤੇ। 36 ਸਾਲਾਂ ਤੱਕ ਮਿਸੀਸਾਗਾ ਦੀ ਮੇਅਰ ਰਹੀ ਹੇਜ਼ਲ ਮੈਕੇਲੀਅਨ ਦੇ ਲੜਕੇ ਪੀਟਰ ਮੈਕੇਲੀਅਨ ਨੇ ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਹੀ ਆਪਣੇ ਕਾਗਜ਼ ਦਾਖਲ ਕਰਵਾ ਦਿੱਤੇ। ਨਾਮਜ਼ਦਗੀਆਂ ਭਰਨ ਦਾ ਇਹ ਸਿਲਸਿਲਾ 26 ਅਪ੍ਰੈਲ ਤੱਕ ਚੱਲੇਗਾ। ਪੀਟਰ ਮੈਕੇਲੀਅਨ ਨੇ ਆਖਿਆ ਕਿ ਉਹ ਆਪਣੀ ਮਾਂ ਦੇ ਨਕਸੇ ਕਦਮਾਂ ਉੱਤੇ ਚੱਲੇਗਾ। ਉਸ ਨੇ ਆਪਣੀ ਜਿੱਤ ਦੀ ਵੀ ਪੂਰੀ ਆਸ ਪ੍ਰਗਟਾਈ।
ਮਿਸੀਸਾਗਾ ਦੇ ਤਿੰਨ ਕੌਂਸਲਰਾਂ, ਜਿਨ੍ਹਾਂ ਵਿੱਚ ਵਾਰਡ 1 ਦੇ ਕੌਂਸਲਰ ਸਟੀਫਨ ਡਾਸਕੋ, ਵਾਰਡ 2 ਤੋਂ ਕੌਂਸਲਰ ਐਲਵਿਨ ਤੇਦਜੋ ਤੇ ਵਾਰਡ 5 ਤੋਂ ਕੌਂਸਲਰ ਕੈਰੋਲਿਨ ਪੈਰਿਸ ਸ਼ਾਮਲ ਹਨ, ਨੇ ਵੀ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਮਿਸੀਸਾਗਾ ਵਾਸੀ 10 ਜੂਨ ਨੂੰ ਆਪਣਾ ਅਗਲਾ ਮੇਅਰ ਚੁਣਨਗੇ।