ਮੈਂ ਪੰਜਾਬ ਬੋਲਦਾ ਹਾਂ
ਐੱਸ ਵਾਈ ਐੱਲ ਲਈ ਅਕਾਲੀ ਦਲ ਤੇ ਕਾਂਗਰਸ ਜ਼ਿੰਮੇਵਾਰ : ਭਗਵੰਤ ਮਾਨ
ਲੁਧਿਆਣਾ ‘ਚ ਖੁੱਲ੍ਹੀ ਬਹਿਸ ਮੌਕੇ ਵਿਰੋਧੀ ਧਿਰ ਦੇ ਆਗੂ ਰਹੇ ਗੈਰਹਾਜ਼ਰ
ਲੁਧਿਆਣਾ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਿਵਸ ਮੌਕੇ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰੱਖੀ ਖੁੱਲ੍ਹੀ ਬਹਿਸ ਮੌਕੇ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਸਣੇ 19 ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਿਆਸੀ ਵਿਰੋਧੀ ਧਿਰਾਂ ਨੂੰ ਘੇਰਿਆ। ਉਨ੍ਹਾਂ ਐੱਸਵਾਈਐੱਲ ਬਣਵਾਉਣ ਤੋਂ ਲੈ ਕੇ ਅਦਾਲਤੀ ਕੇਸਾਂ ਲਈ ਸਿੱਧੇ ਤੌਰ ‘ਤੇ ਕਾਂਗਰਸ ਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ।
ਉਨ੍ਹਾਂ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਕਈ ਅਹਿਮ ਦਸਤਾਵੇਜ਼ ਪੇਸ਼ ਕੀਤੇ, ਜੋ ਪਿਛਲੀਆਂ ਸਰਕਾਰਾਂ ਨੇ ਪਹਿਲਾਂ ਕਦੇ ਜਨਤਕ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸੂਬਿਆਂ ਦਰਮਿਆਨ ਪਾਣੀਆਂ ਦੇ ਮਸਲੇ ਹੱਲ ਕਰਨ ਲਈ ਦੇਸ਼ ਭਰ ਵਿੱਚ ‘ਅੰਤਰਰਾਜੀ ਦਰਿਆਈ ਪਾਣੀਆਂ ਵਿਵਾਦ ਐਕਟ-1956’ ਲਾਗੂ ਹੈ, ਪਰ ਸਿਰਫ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਪੰਜਾਬ ਪੁਨਰਗਠਨ ਐਕਟ-1966’ ਵਿੱਚ ਪੰਜਾਬ ਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਵੱਖਰੀ ਵਿਵਸਥਾ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ। ਪੰਜਾਬ ਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਨੇ ਅਜਿਹੇ ਫੈਸਲੇ ਲਏ, ਜੋ ਪੰਜਾਬ ਦੇ ਹਿੱਤਾਂ ਖਿਲਾਫ਼ ਸਨ। ਡੇਢ ਘੰਟੇ ਦੀ ਆਪਣੀ ਤਕਰੀਰ ਦੌਰਾਨ ਮੁੱਖ ਮੰਤਰੀ ਐੱਸਵਾਈਐੱਲ ਦੇ ਮੁੱਦੇ ‘ਤੇ ਅੱਧਾ ਘੰਟਾ ਬੋਲੇ। ਬਾਕੀ ਸਮਾਂ ਉਨ੍ਹਾਂ ਆਪਣੀ ਸਰਕਾਰ ਦੇ 18 ਮਹੀਨਿਆਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਰੱਖਿਆ। ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਰੱਖੀ ਖੁੱਲ੍ਹੀ ਬਹਿਸ ‘ਮੈਂ ਪੰਜਾਬ ਬੋਲਦਾ ਹਾਂ’ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਕੋਈ ਵੀ ਆਗੂ ਨਹੀਂ ਪੁੱਜਾ।
ਮੁੱਖ ਮੰਤਰੀ ‘ਖੁੱਲ੍ਹੀ ਬਹਿਸ’ ਵਿੱਚ ਨਿਰਧਾਰਤਿ ਸਮੇਂ ਮੁਤਾਬਕ 12 ਵਜੇ ਪੁੱਜ ਗਏ ਸਨ। ਸਟੇਜ ‘ਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਭਾਜਪਾ ਪ੍ਰਧਾਨ ਸੁਨੀਲ ਜਾਖੜ, ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਈ ਕੁਰਸੀ ਲਗਾਈ ਗਈ ਸੀ। ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਸਿਆਸੀ ਬਹਿਸ ਦਾ ਬਾਈਕਾਟ ਕੀਤੇ ਜਾਣ ਕਰਕੇ ਸਟੇਜ ‘ਤੇ ਸਿਰਫ਼ ਇਕੱਲੇ ਮੁੱਖ ਮੰਤਰੀ ਭਗਵੰਤ ਮਾਨ ਹੀ ਬੈਠੇ। ਮੁੱਖ ਮੰਤਰੀ ਨੇ ਬਹਿਸ ਦੀ ਸ਼ੁਰੂਆਤ ਵਿੱਚ ਕਿਹਾ ਕਿ ਇਨ੍ਹਾਂ ਆਗੂਆਂ ਕੋਲ ਉਨ੍ਹਾਂ ਖ਼ਿਲਾਫ਼ ਕਹਿਣ ਲਈ ਕੁਝ ਨਹੀਂ ਸੀ, ਜਿਸ ਕਰਕੇ ਉਹ ਖੁੱਲ੍ਹੀ ਬਹਿਸ ਤੋਂ ਭੱਜ ਗਏ। ਮੁੱਖ ਮੰਤਰੀ ਨੇ ਪੰਜਾਬ ਦਿਵਸ ਦੇ ਹਵਾਲੇ ਨਾਲ ਕਿਹਾ ਕਿ ਪਹਿਲੀ ਨਵੰਬਰ 1966 ਨੂੰ ਪੰਜਾਬ ਹੋਰ ਛੋਟਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਕਈ ਅਜਿਹੇ ਫੈਸਲੇ ਲਈ ਜੋ ਰੌਂਗਟੇ ਖੜ੍ਹੇ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਬਹਿਸ ਦਾ ਇਕੋ ਇਕ ਮੰਤਵ ਚਰਚਾ ਹੈ, ਜਿਸ ਨਾਲ ਪੰਜਾਬ ਦਾ ਭਵਿੱਖ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਵਿਰੋਧੀ ਧਿਰ ਦੇ ਆਗੂ ਇੱਥੇ ਆਉਂਦੇ, ਪਰ 20 ਤੋਂ 25 ਦਿਨ ਤੱਕ ਬਹਾਨੇ ਲਗਾਉਣ ਮਗਰੋਂ ਉਹ ਖੁੱਲ੍ਹੀ ਬਹਿਸ ਤੋਂ ਭੱਜ ਗਏ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 1997 ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੜ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਭਾਖੜਾ ਮੇਨ ਲਾਈਨ ਦੇ ਕਿਨਾਰਿਆਂ ਨੂੰ ਲਗਪਗ ਇਕ ਫੁੱਟ ਉੱਚਾ ਕਰ ਦਿੱਤਾ ਤਾਂ ਕਿ ਹਰਿਆਣਾ ਨੂੰ ਹੋਰ ਪਾਣੀ ਦਿੱਤਾ ਜਾ ਸਕੇ ਅਤੇ ਇਸ ਮੰਤਵ ਲਈ ਹਰਿਆਣਾ ਪਾਸੋਂ 45 ਕਰੋੜ ਰੁਪਏ ਵੀ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਆਪਣੇ ਖੇਤਾਂ ਲਈ ਹਰਿਆਣਾ ਤੋਂ 6 ਕਿਲੋਮੀਟਰ ਲੰਮੀ ‘ਬਾਲਾਸਰ ਨਹਿਰ ਦੀ ਉਸਾਰੀ’ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ 31 ਦਸੰਬਰ, 1981 ਨੂੰ ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਵਿਚਾਲੇ ਇੰਦਰਾ ਗਾਂਧੀ ਦੀ ਹਾਜ਼ਰੀ ਵਿੱਚ ਸਮਝੌਤਾ ਹੋਇਆ ਸੀ ਕਿਉਂਕਿ ਉਸ ਸਮੇਂ ਕੇਂਦਰ ਤੇ ਤਿੰਨਾਂ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਸਨ। ਮੁੱਖ ਮੰਤਰੀ ਨੇ ਟਰਾਂਸਪੋਰਟ ਘਪਲਿਆਂ ਦਾ ਮੁੱਦਾ ਵੀ ਰੱਖਿਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ‘ਚ ਬਾਦਲਾਂ ਨੇ ਆਪਣੀਆਂ ਬੱਸਾਂ ਚਲਾਈਆਂ। ਸਰਕਾਰੀ ਟਰਾਂਸਪੋਰਟ ਨੂੰ ਘਾਟੇ ‘ਚ ਰੱਖਿਆ। ਬਾਦਲਾਂ ਦੀ ਦਿੱਲੀ ਹਵਾਈ ਅੱਡੇ ਲਈ ਪ੍ਰਾਈਵੇਟ ਬੱਸਾਂ ਚੱਲਦੀਆਂ ਸਨ, ਜਿਸ ਦਾ ਕਿਰਾਇਆ 3500 ਰੁਪਏ ਸੀ। ‘ਆਪ’ ਸਰਕਾਰ ਨੇ ਬੱਸਾਂ ਚਲਾਈਆਂ, ਜੋ 1100 ਰੁਪਏ ‘ਚ ਦਿੱਲੀ ਹਵਾਈ ਅੱਡੇ ਤੱਕ ਜਾਂਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਜ਼ਿਆਦਾ ਟੌਲ ਪਲਾਜ਼ਾ ਕਾਂਗਰਸ ਸਰਕਾਰ ਸਮੇਂ ਬਣੇ ਤੇ ਕੁਝ ਅਕਾਲੀਆਂ ਦੇ ਸਮੇਂ ਵੀ ਬਣੇ। ਇਹ ਟੌਲ ਪਲਾਜ਼ੇ ਪਹਿਲਾਂ ਬੰਦ ਹੋ ਸਕਦੇ ਸਨ, ਪਰ ਅਕਾਲੀ ਦਲ ਤੇ ਕਾਂਗਰਸ ਫਾਇਦੇ ਲੈਣ ‘ਚ ਲੱਗੇ ਰਹੇ। ‘ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ‘ਚ ਮਿਲਿਆ ਕਰਜ਼ਾ’ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਿਰ 3.14 ਲੱਖ ਕਰੋੜ ਦਾ ਕਰਜ਼ਾ ਹੈ, ਜੋ ਉਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ‘ਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲਾ ਕਰਜ਼ਾ ਚੁਕਾਉਣ ਤੇ ਵਿਕਾਸ ਕਰਵਾਉਣ ਲਈ ਨਵਾਂ ਕਰਜ਼ਾ ਚੁੱਕਿਆ ਹੈ। ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ, ਬਿਜਲੀ ਬੋਰਡ ਦਾ ਸਰਕਾਰ ਵੱਲ ਬਕਾਇਆ ਨਹੀਂ ਹੈ। ‘ਆਪ’ ਸਰਕਾਰ ਨੇ ਰੁਜ਼ਗਾਰ ਵਧਾਉਣ ਲਈ 37 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ। ਸਨਅਤਾਂ ਦੇ ਵਿਕਾਸ ਲਈ ਇੰਡਸਟਰੀ ‘ਚ ਨਿਵੇਸ਼ ਲਿਆਂਦਾ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ‘ਚ ਨਸ਼ਾ ਵੱਡੀ ਸਮੱਸਿਆ ਹੈ, ਜਿਸ ਖਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਪੰਜਾਬ ‘ਚ ਸੜਕ ਹਾਦਸੇ ਰੋਕਣ ਲਈ ਪਹਿਲੀ ਵਾਰ ਸੜਕ ਸੁਰੱਖਿਆ ਟੀਮ ਦਾ ਗਠਨ ਕੀਤਾ ਗਿਆ ਹੈ। ਸੂਬੇ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵੀ ਸਰਕਾਰ ਵੱਲੋਂ ਯਤਨ ਕੀਤੇ ਗਏ ਹਨ।
ਬਹਿਸ ‘ਤੇ ਕਰੋੜਾਂ ਰੁਪਏ ਬਰਬਾਦ ਕਰਨ ਦੇ ਅਕਾਲੀ ਦਲ ਨੇ ਲਗਾਏ ਆਰੋਪ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਰਾਜਸਥਾਨ ਤੇ ਹਰਿਆਣਾ ਦੇ ਹੱਕ ਕਬੂਲ ਕੇ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ‘ਤੇ ਪੰਜਾਬ ਦੇ ਸਟੈਂਡ ‘ਤੇ ਸਮਝੌਤਾ ਕੀਤਾ ਹੈ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਤੇ ਵਿਰਸਾ ਸਿੰਘ ਵਲਟੋਹਾ ਨੇ ਮੁੱਖ ਮੰਤਰੀ ‘ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੂੜ ਪ੍ਰਚਾਰ ਕਰਨ ਦੇ ਅਰੋਪ ਲਗਾਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇੱਕ ਦਿਨ ਦੇ ਪ੍ਰਚਾਰ ‘ਤੇ 30 ਕਰੋੜ ਰੁਪਏ ਖ਼ਰਚ ਦਿੱਤੇ। ਅਕਾਲੀ ਆਗੂਆਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਉੱਤੇ ਲਾਏ ਆਰੋਪਾਂ ਸਬੰਧੀ ਮੁੱਖ ਮੰਤਰੀ ਮਾਨ ਆਪਣਾ ਦਾਅਵਾ ਸੱਚ ਸਾਬਤ ਕਰਨ ਜਾਂ ਫਿਰ ਮੁਆਫੀ ਮੰਗਣ। ਅਕਾਲੀ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਇਹ ਦੱਸਣ ਵਿਚ ਵੀ ਨਾਕਾਮ ਰਹੇ ਹਨ ਕਿ ਉਹ ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਕਿਵੇਂ ਕਰਨਗੇ।
ਬਾਜਵਾ ਨੇ ਬਹਿਸ ਨੂੰ ‘ਡਰਾਮਾ’ ਕਰਾਰ ਦਿੱਤਾ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ‘ਖੁੱਲ੍ਹੀ ਬਹਿਸ’ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ‘ਤੇ ਆਪਣੀ ਬੇਈਮਾਨੀ ਦਾ ਪ੍ਰਗਟਾਵਾ ਕੀਤਾ ਹੈ। ਬਾਜਵਾ ਨੇ ਕਿਹਾ ਕਿ ਬਹਿਸ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਐਕਸ ਪੋਸਟ ਰਾਹੀਂ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਤੋਂ ਬਹਿਸ ਦਾ ਵਿਸ਼ਾ ਬਦਲ ਕੇ ਨਸ਼ਾਖੋਰੀ ਅਤੇ ਬੇਰੁਜ਼ਗਾਰੀ ਸਣੇ ਚਾਰ ਮੁੱਦਿਆਂ ਕੇਂਦਰਤ ‘ਤੇ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਐਕਸ ਪੋਸਟ ਹਿੰਦੀ ਭਾਸ਼ਾ ਵਿੱਚ ਲਿਖੀ। ਬਾਜਵਾ ਨੇ ਕਿਹਾ ਕਿ ਹਿੰਦੀ ਵਿੱਚ ਪਾਈ ਪੋਸਟ ਨਾਲ ਮੁੱਖ ਮੰਤਰੀ ਹਰਿਆਣਾ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ‘ਆਪ’ ਪੰਜਾਬ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਚਰਚਾ ਕਰਨ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੀ। ਬਾਜਵਾ ਨੇ ਇਸ ਸਮਾਗਮ ‘ਤੇ ਪੰਜਾਬ ਦੇ ਖ਼ਜ਼ਾਨੇ ਦੇ 30 ਕਰੋੜ ਰੁਪਏ ਬਰਬਾਦ ਕਰਨ ਲਈ ਮੁੱਖ ਮੰਤਰੀ ਦੀ ਨਿਖੇਧੀ ਕੀਤੀ।
ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਲਈ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੀ ਲੋੜ: ਵੜਿੰਗ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੀ ‘ਖੁੱਲ੍ਹੀ ਬਹਿਸ’ ਉੱਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਮੁੱਦਿਆਂ ‘ਤੇ ਬਹਿਸ ਕਰਨ ਲਈ ਪੰਜਾਬ ਵਿਧਾਨ ਸਭਾ ਦਾ 25 ਦਿਨਾਂ ਦਾ ਸਮਾਂ ਰੱਖਣ ਜਿਸ ਵਿੱਚ ਹਰ ਮੁੱਦੇ ‘ਤੇ ਗੱਲ ਹੋਵੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਬਾਹਰ ਤੇ ਚੋਣਾਂ ਤੋਂ ਬਾਅਦ ਸਦਨ ਵਿੱਚ ਬਹਿਸ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਖੁੱਲ੍ਹੀ ਬਹਿਸ ਵਿੱਚੋਂ ਕੱਖ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਖੁੱਲ੍ਹੀ ਬਹਿਸ ਲਈ ਕਾਂਗਰਸ ਨੂੰ ਕੋਈ ਸੱਦਾ ਪੱਤਰ ਨਹੀਂ ਮਿਲਿਆ ਤੇ ਜੋ ਲੁਧਿਆਣਾ ਵਿੱਚ ਪ੍ਰੋਗਰਾਮ ਹੋਇਆ, ਉਹ ਤਾਂ ਪੁੱਟਿਆ ਪਹਾੜ ਨਿਕਲਿਆ ਚੂਹਾ ਕਹਾਵਤ ਵਾਂਗ ਹੈ। ਵੜਿੰਗ ਨੇ ਮੁੱਖ ਮੰਤਰੀ ਵੱਲੋਂ ਸਰਕਾਰ ਦੀਆਂ ਡੇਢ ਸਾਲ ਦੀਆਂ ਦੱਸੀਆਂ ਪ੍ਰਾਪਤੀਆਂ ‘ਤੇ ਵੀ ਸੁਆਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਦਾ ਸਟੈਂਡ ਪੰਜਾਬ ਪੱਖੀ ਨਹੀਂ ਹੈ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਵੀ ਹਰਿਆਣਾ ਦਾ ਪੱਖ ਪੂਰਿਆ ਹੈ।
ਕਿਸਾਨਾਂ ਨਾਲ ਬਹਿਸ ਤੋਂ ਭੱਜੀ ਸਰਕਾਰ: ਦਰਸ਼ਨ ਪਾਲ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਲੁਧਿਆਣਾ ‘ਚ ਹੋਈ ਬਹਿਸ ਦੌਰਾਨ ਕਿਸਾਨ ਆਗੂਆਂ, ਮੁਲਾਜ਼ਮ ਤੇ ਵਿਦਿਆਰਥੀ ਦੀ ਸ਼ਮੂਲੀਅਤ ਰੋਕਣ ਲਈ ਪੁਲਿਸ ਦੀ ਦੁਰਵਰਤੋਂ ਦੇ ਆਰੋਪ ਲਗਾਏ ਹਨ। ਕਿਸਾਨ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਲੁਧਿਆਣਾ ਆ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਸਣੇ ਹੋਰਨਾਂ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਥਾਣਿਆਂ ‘ਚ ਡੱਕ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਤੋਂ ਸਪੱਸ਼ਟ ਹੁੰਦਾ ਹੈ ਕਿ ਬਹਿਸ ਮਹਿਜ਼ ਦਿਖਾਵਾ ਸੀ, ਜੇ ਸਰਕਾਰ ਅਸਲ ਵਿੱਚ ਖੁੱਲ੍ਹੀ ਬਹਿਸ ਕਰਾਉਣੀ ਚਾਹੁੰਦੀ ਹੁੰਦੀ ਤਾਂ ਪੰਜਾਬ ਦੇ ਮੁੱਦਿਆਂ ‘ਤੇ ਲੰਬੇ ਸਮੇਂ ਤੋਂ ਲੜਦੇ ਆ ਰਹੇ ਕਿਸਾਨ ਆਗੂਆਂ ਨੂੰ ਜ਼ਰੂਰ ਸ਼ਾਮਲ ਕਰਦੀ।
ਆਮ ਲੋਕਾਂ ਨੂੰ ਖੁੱਲ੍ਹੀ ਬਹਿਸ ਦੇ ਨੇੜੇ ਨਹੀਂ ਜਾਣ ਦਿੱਤਾ : ਪੰਜਾਬ ਦਿਵਸ ਮੌਕੇ ਰੱਖੀ ਗਈ ‘ਖੁੱਲ੍ਹੀ ਬਹਿਸ’ ਵਿੱਚ ਸ਼ਾਮਲ ਹੋਣ ਲਈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਆਗੂਆਂ ਨੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ ਪਰ ਸਮਾਗਮ ਵਿੱਚ ਕੁੱਝ ਖਾਸ ਲੋਕਾਂ ਨੂੰ ਹੀ ਜਾਣ ਦਿੱਤਾ ਗਿਆ। ਬਹਿਸ ਵਿੱਚ ਸ਼ਾਮਲ ਹੋਣ ਲਈ ਆਏ ਆਮ ਲੋਕਾਂ ਨੂੰ ਪੁਲਿਸ ਨੇ ਗੇਟ ‘ਤੇ ਹੀ ਰੋਕ ਲਿਆ। ਇੱਥੇ ਸਿਰਫ਼ ਪਹਿਲਾਂ ਤੋਂ ਤਿਆਰ ਕੀਤੀ ਗਈ ਲਿਸਟ ਵਿੱਚ ਨਾਂ ਦੇਖ ਕੇ ਹੀ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਬਾਕੀ ਲੋਕਾਂ ਨੂੰ ਬੇਰੰਗ ਮੁੜਨਾ ਪਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੁੱਝ ਪੁਰਾਣੇ ਵਾਲੰਟੀਅਰ ਵੀ ਬਾਹਰ ਖੜ੍ਹੇ ਹੀ ਨਜ਼ਰ ਆਏ। ਉਹ ਖੁੱਲ੍ਹ ਕੇ ਭਾਵੇਂ ਕੁਝ ਨਹੀਂ ਬੋਲੇ, ਪਰ ਇੰਨਾ ਜ਼ਰੂਰ ਕਹਿੰਦੇ ਰਹੇ ਕਿ ਹੁਣ ਪਾਰਟੀ ਵਿੱਚ ਤਬਦੀਲੀ ਆ ਗਈ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਮੁੱਦਿਆਂ ਦਾ ਮਜ਼ਾਕ ਉਡਾਇਆ : ਸੁਨੀਲ ਜਾਖੜ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੇਠਲੇ ਪੱਧਰ ਦੀ ਸਿਆਸਤ ਕਰਦਿਆਂ ਪੰਜਾਬ ਦੇ ਗੰਭੀਰ ਮੁੱਦਿਆਂ ਦਾ ਮਜ਼ਾਕ ਉਡਾਇਆ ਹੈ, ਜਿਸ ਲਈ ਪੰਜਾਬੀ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ। ਜਾਖੜ ਨੇ ਕਿਹਾ ਕਿ ਐੱਸਵਾਈਐੱਲ ਦੇ ਮੁੱਦੇ ਨੂੰ ਭੁਲਾ ਕੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਨਾਲ ਧੋਖਾ ਕੀਤਾ ਹੈ, ਸਗੋਂ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ, ਉਨ੍ਹਾਂ ਦੇ ਵਿਸ਼ਵਾਸ ਨਾਲ ਵੀ ਧ੍ਰੋਹ ਕੀਤਾ ਹੈ। ਸਰਕਾਰ ਨੇ ਵਿਰੋਧੀ ਆਗੂਆਂ ਨੂੰ ਇਸ ਬਹਿਸ ਤੋਂ ਦੂਰ ਰੱਖਣ ਲਈ ਹਰ ਜਾਇਜ਼-ਨਾਜਾਇਜ਼ ਹੀਲਾ ਵਰਤਿਆ ਹੈ। ਜਾਖੜ ਨੇ ਕਿਹਾ ਕਿ ਇੱਥੇ ਕੋਈ ਪੰਜਾਬੀ ਨਹੀਂ ਬੋਲ ਰਿਹਾ ਸੀ, ਸਗੋਂ ਮੁੱਖ ਮੰਤਰੀ ਬੋਲ ਰਹੇ ਸਨ, ਜਿਨ੍ਹਾਂ ਨੇ ਪਹਿਲਾਂ ਚਰਚਾ ਲਈ ਸਭ ਨੂੰ ਸੱਦਾ ਦਿੱਤਾ ਪਰ ਬਾਅਦ ਵਿਚ ਬੂਹੇ ਬੰਦ ਕਰ ਲਏ। ਜਾਖੜ ਨੇ ਕਿਹਾ ਕਿ ਜਿੱਥੇ ਆਮ ਪੰਜਾਬੀਆਂ ਨੂੰ ਜਾਣ ਹੀ ਨਹੀਂ ਦਿੱਤਾ ਗਿਆ, ਉਸ ਸਮਾਗਮ ਦਾ ਕੀ ਮਹੱਤਵ ਰਹਿ ਗਿਆ।