Breaking News
Home / ਪੰਜਾਬ / ਐਸ ਵਾਈ ਐਲ ਦੇ ਸਹਾਰੇ ਇਨੈਲੋ ਆਪਣੀ ਸਾਖ ਬਚਾਉਣ ਉਤਰੀ

ਐਸ ਵਾਈ ਐਲ ਦੇ ਸਹਾਰੇ ਇਨੈਲੋ ਆਪਣੀ ਸਾਖ ਬਚਾਉਣ ਉਤਰੀ

ਪੰਜਾਬ ਦੇ ਆਮ ਲੋਕਾਂ ਦਾ ਰਾਹ ਰੋਕ ਕੇ ਇਨੈਲੋ ਵਰਕਰਾਂ ਨੇ ਦਿਖਾਈ ਦਾਦਾਗਿਰੀ
ਚੰਡੀਗੜ੍ਹ : ਇਨੈਲੋ ਨੇ ਐਸਵਾਈਐਲ ਦੇ ਸਹਾਰੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ 10 ਜੁਲਾਈ ਪੰਜਾਬ ਦੀਆਂ ਬੱਸਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਿਆ। ਪੰਜਾਬ ਅਤੇ ਹਰਿਆਣਾ ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਤਕੜੇ ਸੁਰੱਖਿਆ ਪ੍ਰਬੰਧ ਕੀਤੇ ਸਨ। ਹਰਿਆਣਾ ਵਿੱਚ ਨੀਮ ਫੌਜੀ ਬਲਾਂ ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਸਨ। ਇਨੈਲੋ ਨੇ ਪੰਜਾਬ ਦੇ ਆਮ ਲੋਕਾਂ ਦਾ ਰਾਹ ਰੋਕ ਕੇ ਦਾਦਾਗਿਰੀ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ।
ਹਰਿਆਣਾ ਪੁਲਿਸ ਅੰਦੋਲਨਕਾਰੀਆਂ ਦੇ ਨੇੜੇ ਨਹੀਂ ਗਈ ਅਤੇ ਅੰਦੋਲਨਕਾਰੀ ਸੜਕਾਂ ‘ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਪੰਜਾਬ ਸਰਕਾਰ ਨੇ ਹਰਿਆਣਾ ਵੱਲ ਸਵੇਰੇ ਸਾਢੇ ਛੇ-ਸੱਤ ਵਜੇ ਤੋਂ ਬਾਅਦ ਸਰਕਾਰੀ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਸਨ। ਇਸ ਕਰਕੇ ਅੰਦੋਲਨਕਾਰੀਆਂ ਨੇ ਨਿੱਜੀ ਵਾਹਨਾਂ ਨੂੰ ਹੀ ਰੋਕਿਆ। ਅੰਦੋਲਨ ਖ਼ਤਮ ਹੋਣ ਵੇਲੇ ਤੱਕ ਸੀਨੀਅਰ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ। ਅੰਦੋਲਨਕਾਰੀਆਂ ਨੇ ਤਿੰਨ ਵਜੇ ਧਰਨੇ ਖ਼ਤਮ ਕਰ ਦਿੱਤੇ, ਜਿਸ ਤੋਂ ਅੱਧੇ ਘੰਟੇ ਬਾਅਦ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ। ਇਨੈਲੋ ਆਗੂਆਂ ਅਭੈ ਚੌਟਾਲਾ, ਅਸ਼ੋਕ ਅਰੋੜਾ, ਦੁਸ਼ਿਅੰਤ ਚੌਟਾਲਾ ਨੇ ਸ਼ੰਭੂ ઠਅਤੇ ਲਾਲੜੂ ਨੇੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅੰਦੋਲਨ ਨੂੰ ਸਫ਼ਲ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਨੈਲੋ ਦਰਿਆਈ ਪਾਣੀ ਵਿੱਚੋਂ ਸੂਬੇ ਦਾ ਹਿੱਸਾ ਲੈ ਕੇ ਰਹੇਗੀ। ਉਨ੍ਹਾਂ ਕਿਹਾ ਕਿ ਇਨੈਲੋ ਕਾਰਜਕਾਰਨੀ ਦੀ ਜਲਦੀ ਮੀਟਿੰਗ ਕਰ ਕੇ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਲਿੰਕ ਨਹਿਰ ਦੀ ਉਸਾਰੀ ਕਰਵਾ ਕੇ ਹਰਿਆਣਾ ਨੂੰ ਪਾਣੀ ਦੇਣ ਦਾ ਪ੍ਰਬੰਧ ਕਰੇ। ਅੰਬਾਲਾ ਵਿੱਚ ਦੋ ਥਾਵਾਂ, ਕੈਥਲ ਅਤੇ ਨਰਵਾਣਾ ਹਲਕੇ ਵਿੱਚ ਅਤੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ ਸੜਕਾਂ ‘ਤੇ ਸਾਢੇ ਨੌਂ ਤੋਂ ਦਸ ਵਜੇ ਤੱਕ ਸਵੇਰੇ ਧਰਨੇ ਲਾਏ ਗਏ ਸਨ। ਹਰੇਕ ਧਰਨੇ ਵਿੱਚ ਲਗਪਗ ਸੱਤ, ਅੱਠ ਸੌ ਵਰਕਰ ਸ਼ਾਮਲ ਸਨ। ਅੰਦੋਲਨ ਬਾਰੇ ਕਾਂਗਰਸ ਦਾ ਕਹਿਣਾ ਹੈ ਕਿ ਇਹ ਭਾਜਪਾ ਸਰਕਾਰ ਤੇ ਇਨੈਲੋ ਦਾ ਫਿਕਸਡ ਮੈਚ ਸੀ। ਇਸ ਕਰ ਕੇ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਆਉਣ ਤੋਂ ਰੋਕਣ ਵਾਲੇ ਇਨੈਲੋ ਵਰਕਰਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਉਤੇ ਨਹਿਰ ਨੂੰ ਚਾਲੂ ਕਰਨ ਲਈ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਬ ਪਾਰਟੀ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਸਾਰੀਆਂ ਪਾਰਟੀਆਂ ਉਤੇ ਆਧਾਰਤ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ ਤੇ ਨਹਿਰ ਦੀ ਉਸਾਰੀ ‘ਤੇ ਜ਼ੋਰ ਦੇਵੇਗਾ ਪਰ ਕਈ ਮਹੀਨੇ ਲੰਘਣ ‘ਤੇ ਵੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ। ਕਾਂਗਰਸ ਵਿਧਾਇਕ ਦਲ ਦੀ ਨੇਤਾ ਕਿਰਨ ਚੌਧਰੀ ਨੇ ਕਿਹਾ ਹੈ ਕਿ ਇਨੈਲੋ ਤੇ ਭਾਜਪਾ ਆਪਸ ਵਿੱਚ ਮਿਲੇ ਹੋਏ ਹਨ। ਇਸ ਦਾ ਸਪੱਸ਼ਟ ਸਬੂਤ ਇਨੈਲੋ ਵੱਲੋਂ ਰਾਸ਼ਟਰਪਤੀ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਦੀ ਹਮਾਇਤ ਕਰਨਾ ਹੈ। ਚੰਡੀਗੜ੍ਹ ਤੋਂ ਅੰਬਾਲਾ ਮਾਰਗ ‘ਤੇ ਚਾਰ-ਪੰਜ ਥਾਵਾਂ ‘ਤੇ ਟਰੈਫਿਕ ਨੂੰ ਹੋਰ ਰਸਤਿਆਂ ਤੋਂ ਭੇਜਿਆ ਗਿਆ। ਚੰਡੀਗੜ੍ਹ ਬੱਸ ਅੱਡੇ ઠਤੋਂ ਬੱਸਾਂ ਵਾਇਆ ਪੰਚਕੂਲਾ ਅੰਬਾਲਾ ਗਈਆਂ।  ਇਸ ਤਰ੍ਹਾਂ ਡੇਰਾਬਸੀ ਤੋਂ ਦੋ ਥਾਵਾਂ ਤੋਂ, ਦੱਪਰ ਪਿੰਡ ਤੋਂ ਅਤੇ ਲਾਲੜੂ ਤੋਂ ਵੀ ਟਰੈਫਿਕ ਨੂੰ ਹੋਰ ਰਸਤਿਓਂ ਭੇਜਿਆ ਗਿਆ। ਇਸ ਕਰ ਕੇ ਨਿੱਜੀ ਵਾਹਨਾਂ ਵਾਲਿਆਂ ਨੂੰ ਬਹੁਤੀ ਦਿੱਕਤ ਨਹੀਂ ਆਈ। ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਤਕ ਪੀਆਰਟੀਸੀ ਦੀਆਂ ਬੱਸਾਂ ਹਰਿਆਣਾ ਤੇ ਦਿੱਲੀ ਵੱਲ ਚੱਲਦੀਆਂ ਰਹੀਆਂ ਤੇ ਉਸ ਤੋਂ ਬਾਅਦ ਬੱਸ ਸੇਵਾ ਬੰਦ ਕਰ ਦਿੱਤੀ ਗਈ। ਬਾਅਦ ਦੁਪਹਿਰ ਸਾਢੇ ਤਿੰਨ ਵਜੇ ਮੁੜ ਸੇਵਾ ਸ਼ੁਰੂ ਕਰ ਦਿੱਤੀ ਅਤੇ ਕੁਝ ਵਾਧੂ ਬੱਸਾਂ ਚਲਾਈਆਂ ਗਈਆਂ।

ਇਨੈਲੋ ਵਰਕਰਾਂ ਵੱਲੋਂ ਸ਼ੰਭੂ ਨੇੜੇ ਕੌਮੀ ਸ਼ਾਹਰਾਹ ਠੱਪ
ਰਾਜਪੁਰਾ : ਇੰਡੀਅਨ ਨੈਸ਼ਨਲ ਲੋਕ ઠਦਲ (ਇਨੈਲੋ) ਵੱਲੋਂ ਐਸਵਾਈਐਲ ਮੁੱਦੇ ‘ਤੇ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੇ ਦਿੱਤੇ ਸੱਦੇ ਤਹਿਤ ਇਨੈਲੋ ਵਰਕਰਾਂ ਨੇ ਕੌਮੀ ਸ਼ਾਹਰਾਹ ‘ਤੇ ਸ਼ੰਭੂ ਬੈਰੀਅਰ ਨੇੜਲੇ ਘੱਗਰ ਦਰਿਆ ਦੇ ਪੁਲ ਤੋਂ ਪਾਰ ਅੰਬਾਲਾ ਵੱਲ ਜਾਂਦੀ ਸੜਕ ‘ਤੇ ਟਰੈਕਟਰ-ਟਰਾਲੀਆਂ ਲਾ ਦਿੱਤੀਆਂ। ਪਾਰਟੀ ਵਰਕਰਾਂ ਨੇ ਲੋਕ ਸਭਾ ਮੈਂਬਰ ਦੁਸ਼ਯੰਤ ਚੌਟਾਲਾ ਤੇ ਹੋਰ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਘੱਗਰ ਦਰਿਆ ਦੇ ਪੁਲ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਇਨੈਲੋ ਆਗੂ ਅਭੈ ਚੌਟਾਲਾ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਹੁਣ ਵੀ ਐਸਵਾਈਐਲ ਦਾ ਪਾਣੀ ਦੇ ਕੇ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਰਾਹੀਂ ਦਿੱਲੀ ਨੂੰ ਜਾਂਦੀ ਬਿਜਲੀ, ਪਾਣੀ ਤੇ ਹੋਰ ਸਹੂਲਤਾਂ ਠੱਪ ਕਰ ਦੇਣਗੇ। ਇਨੈਲੋ ਦੇ ਸੱਦੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਅੰਬਾਲਾ ਪ੍ਰਭਜੋਤ ਸਿੰਘ, ਐਸਐਸਪੀ ਪਟਿਆਲਾ ਐਸ. ਭੂਪਤੀ, ਐਸਡੀਐਮ ਰਾਜਪੁਰਾ ਸੰਜੀਵ ਕੁਮਾਰ, ਤਹਿਸੀਲਦਾਰ ਹਰਸਿਮਰਨ ਸਿੰਘ, ਡੀਐਸਪੀ ਕੇ.ਕੇ ਪੈਂਥੇ ਤੇ ਹਰਵਿੰਦਰ ਸਿੰਘ ਵਿਰਕ ਸਮੇਤ ਕਈ ਅਧਿਕਾਰੀ ਘੱਗਰ ਦਰਿਆ ਨੇੜਲੇ ਸੰਜਰਪੁਰ ਵਾਲੇ ਟੀ-ਪੁਆਇੰਟ ਕੋਲ ਇਕੱਤਰ ਹੋਏ ਤੇ ਸਥਿਤੀ ਨਾਲ ਨਜਿੱਠਣ ਬਾਰੇ ਚਰਚਾ ਕੀਤੀ। ਡੀਸੀ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਸਰਕਾਰੀ ਬੱਸਾਂ ਨੂੰ ਹਰਿਆਣਾ ਰਾਹੀਂ ਦਿੱਲੀ ਵੱਲ ਜਾਣ ਤੋਂ ਮਨਾਹੀ ਕੀਤੀ ਗਈ, ਜਦਕਿ ਹੋਰ ਵਾਹਨਾਂ ਨੂੰ ਵਾਇਆ ਘਨੌਰ, ਕਪੂਰੀ, ਝਾੜਵਾਂ, ਸੰਜਰਪੁਰ ਤੋਂ ਊਂਟਸਰ, ਲੋਹਸਿੰਬਲੀ ਸਮੇਤ ਹੋਰ ਦਿਹਾਤੀ ਲਿੰਕ ਸੜਕਾਂ ਰਾਹੀਂ ਹਰਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਤਹਿਤ ਸ਼ੰਭੂ ਬੈਰੀਅਰ ਨੇੜਲੇ ਘੱਗਰ ਦਰਿਆ ਦੇ ਪੁਲ ਕੋਲ ਬੈਰੀਕੇਡ, ਜਲ ਤੋਪਾਂ ਤੇ ਫਾਇਰ ਬ੍ਰਿਗੇਡ ਅਮਲੇ ਨੂੰ ਤਾਇਨਾਤ ਕੀਤਾ ਹੋਇਆ ਸੀ। ਪੰਜਾਬ ਪੁਲਿਸ ਨੇ ਸਵੇਰ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੌਮੀ ਸ਼ਾਹਰਾਹ ઠਰਾਹੀਂ ਕਿਸੇ ਵੀ ਵਾਹਨ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ, ਜਦਕਿ ਹਰਿਆਣਾ ਵੱਲੋਂ ਪੰਜਾਬ ਵਿੱਚ ਛੋਟੇ ਵਾਹਨ ਦਾਖ਼ਲ ਹੁੰਦੇ ਰਹੇ।

Check Also

ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨਹੀਂ ਰਹੇ

95 ਸਾਲਾ ਬਲਬੀਰ ਸਿੰਘ ਲੰਘੀ 8 ਮਈ ਤੋਂ ਹਸਪਤਾਲ ‘ਚ ਸਨ ਭਰਤੀ ਚੰਡੀਗੜ੍ਹ ‘ਚ ਹੋਇਆ …