ਦੱਖਣੀ ਭਾਰਤ ਦੇ ਡਾਕਟਰਾਂ ਅਤੇ ਨਰਸਾਂ ਨੂੰ ਪੰਜਾਬੀ ਸਿੱਖਣ ਦਾ ਚਾਅ ਚੜ੍ਹਿਆ
ਚੰਡੀਗੜ੍ਹ/ਬਿਊਰੋ ਨਿਊਜ਼
ਪੀਜੀਆਈ ਨੇ ਮਾਂ ਬੋਲੀ ਪੰਜਾਬੀ ਨੂੰ ਅੱਖਾਂ ‘ਤੇ ਬਿਠਾ ਲਿਆ ਹੈ। ਪੀਜੀਆਈ ਦੇ ਡਾਕਟਰਾਂ ਨੂੰ ਪੰਜਾਬੀ ਬੋਲੀ ਸਿੱਖਣ ਦਾ ਚਾਅ ਚੜ੍ਹ ਗਿਆ ਹੈ ਅਤੇ ਉਹ ਪੰਜਾਬੀ ਸਿੱਖਣ ਲੱਗੇ ਹਨ। ਪੀਜੀਆਈ ਦੀ ਕੰਟੀਨ ਵਿੱਚ ਸ਼ਾਮ ਵੇਲੇ ਚਾਰ ਤੋਂ ਛੇ ਵਜੇ ਤੱਕ ਮੁਫ਼ਤ ਕਲਾਸ ਲਗਦੀ ਹੈ। ਦੱਖਣੀ ਭਾਰਤ ਦੇ ਡਾਕਟਰਾਂ ਅਤੇ ਨਰਸਾਂ ਵਿੱਚੋਂ 32 ਜਣੇ ਪੰਜਾਬੀ ਦਾ ਗਿਆਨ ਪ੍ਰਾਪਤ ਕਰ ਚੁੱਕੇ ਹਨ। ਕਰਨਾਟਕ ਦੇ ਡਾ. ਵਿਸ਼ਵਾਨਾਥ ਐਸ. ਭੈਰੇ ਨੂੰ ਬੇਹਤਰੀਨ ਪੰਜਾਬੀ ਬੋਲਣ ਲਈ ਇਸ ਸਾਲ ਦਾ ਅੰਗਦ ਐਵਾਰਡ ਦਿੱਤਾ ਗਿਆ ਹੈ। ਗੁਰੂ ਅੰਗਦ ਦੇਵ ਜੀ ਦੇ ਨਾਂ ‘ਤੇ ਇਹ ਐਵਾਰਡ ਸ਼ੁਰੂ ਕੀਤਾ ਗਿਆ ਹੈ।
ਗੌਰਮਿੰਟ ਪੋਸਟ ਗਰੈਜੂਏਟ ਕਾਲਜ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਉ ਨੂੰ ਪੰਜਾਬੀ ਨਾਲ ਅੰਤਾਂ ਦਾ ਮੋਹ ਹੈ।
ਉਨ੍ਹਾਂ ਨੇ ਪਹਿਲਾਂ ਆਪ ਪੰਜਾਬੀ ਸਿੱਖੀ ਅਤੇ ਫਿਰ ਹੋਰਾਂ ਨੂੰ ਵੀ ਪੰਜਾਬੀ ਸਿਖਾਉਣ ਲੱਗੇ। ਉਨ੍ਹਾਂ ਨੇ ਪੀਜੀਆਈ ਦੇ ਡਾਕਟਰਾਂ ਨੂੰ ਪੰਜਾਬੀ ਅਤੇ ਹਿੰਦੀ ਸਿੱਖਣ ਲਈ ਪ੍ਰੇਰਿਆ ਹੀ ਨਹੀਂ ਸਗੋਂ ਡਾਕਟਰਾਂ ਵਾਸਤੇ ਕਲਾਸ ਲੈਣੀ ਵੀ ਸ਼ੁਰੂ ਕਰ ਦਿੱਤੀ ਹੈ। ਪ੍ਰੋ. ਪੰਡਿਤ ਰਾਉ ਬਾਅਦ ਦੁਪਹਿਰ ਦੋ ਘੰਟਿਆਂ ਲਈ ਪੀਜੀਆਈ ਦੀ ਕੰਟੀਨ ਦੇ ਇੱਕ ਖੁੰਝੇ ਵਿੱਚ ਬੈਠ ਕੇ ਡਾਕਟਰਾਂ ਨੂੰ ‘ੳ,ਅ,੩.’ ਸਿਖਾ ਰਹੇ ਦਿਸਦੇ ਹਨ। ਉਹ ਡਾਕਟਰਾਂ ਨੂੰ ਪੈਂਤੀ ਅੱਖਰ ਲਿਖਣ ਅਤੇ ਇਸ ਦਾ ਉਚਾਰਨ ਸਿਖਾਉਣ ਤੋਂ ਬਾਅਦ ਪੰਜਾਬੀ ਵਿੱਚ ਬੋਲਚਾਲ ਸਿਖਾਉਣੀ ਸ਼ੁਰੂ ਕਰਦੇ ਹਨ। ਪ੍ਰੋ. ਪੰਡਿਤ ਰਾਉ ਤੋਂ ਪੰਜਾਬੀ ਪੜ੍ਹੇ ਡਾਕਟਰ ਮਰੀਜ਼ਾਂ ਦਾ ਦੁੱਖ-ਸੁੱਖ ਪੰਜਾਬੀ ਵਿੱਚ ਪੁੱਛਣੇ ਲੱਗ ਪਏ ਹਨ। ਇਸ ਤੋਂ ਪਹਿਲਾਂ ਮਰੀਜ਼ਾਂ ਨੂੰ ਅਜਿਹੇ ਡਾਕਟਰਾਂ ਨਾਲ ਗੱਲਬਾਤ ਕਰਨ ਵਿੱਚ ਔਖ ਆਉਂਦੀ ਸੀ, ਜਿਨ੍ਹਾਂ ਨੂੰ ਪੰਜਾਬੀ ਜਾਂ ਹਿੰਦੀ ਦਾ ਬਿਲਕੁਲ ਹੀ ਗਿਆਨ ਨਹੀਂ ਸੀ। ਪੀਜੀਆਈ ਵਿੱਚ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਤੋਂ ਆ ਰਹੇ ਅਜਿਹੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਹੈ ਅਤੇ ਉਹ ਹਿੰਦੀ ਦੇ ਉਚਾਰਨ ਤੋਂ ਕੋਰੇ ਹਨ। ਪੰਜਾਬੀ ਸਿੱਖਣ ਵਾਲੇ ਡਾਕਟਰਾਂ ਅਤੇ ਨਰਸਾਂ ਵਿੱਚ ਵਧੇਰੇ ਕਰਨਾਟਕ ਅਤੇ ਕੇਰਲ ਦੇ ਹਨ।
ਪੀਜੀਆਈ ਵਿੱਚ ਪੰਜਾਬੀ ਸਿੱਖਣ ਦਾ ਕੋਰਸ ਪੂਰਾ ਕਰਨ ਵਾਲੇ ਡਾਕਟਰਾਂ ਵਿੱਚੋਂ ਸਭ ਤੋਂ ਜਲਦੀ ਬਿਗਾਨੀ ਭਾਸ਼ਾ ਸਿੱਖਣ ਵਾਲੇ ਡਾ. ਵਿਸ਼ਵਾਨਾਥ ਐਸ. ਭੈਰੇ ਨੂੰ ਅੰਗਦ ਐਵਾਰਡ ਨਾਲ ਨਿਵਾਜਿਆ ਗਿਆ ਹੈ। ਐਵਾਰਡ ਵਿੱਚ ਪ੍ਰਸ਼ੰਸਾ ਪੱਤਰ, ਸ਼ਾਲ ਅਤੇ ਪੈਂਤੀ ਰੁਪਏ ਨਕਦ ਸ਼ਾਮਲ ਹਨ। ઠਪੀਜੀਆਈ ਦੇ ਡਾਇਰੈਕਟਰ ਪ੍ਰੋ. ਯੋਗੇਸ਼ ਚਾਵਲਾ ਨੇ ਐਵਾਰਡ ਦੇਣ ਦੀ ਰਸਮ ਨਿਭਾਈ ਹੈ। ਪੰਜਾਬੀ ਪ੍ਰੇਮੀਆਂ ਵਾਸਤੇ ਅਗਲਾ ਕੋਰਸ ਨਾਲੋਂ-ਨਾਲ ਚਾਲੂ ਹੋ ਗਿਆ ਹੈ।
ਪ੍ਰੋ. ਪੰਡਿਤ ਰਾਉ ਦੀਆਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪ੍ਰਤੀ ਸੇਵਾਵਾਂ ਦੀ ਕਦਰ ਕਰਦਿਆਂ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ ਹੈ। ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਕਮ ਸ਼ਾਮਲ ਹੈ। ਪ੍ਰੋ ਰਾਉ ਵਲੋਂ ਜਪ ਜੀ ਸਾਹਿਬ, ਸੁਖਮਨੀ ਸਾਹਿਬ ਅਤੇ ਜ਼ਫ਼ਰਨਾਮਾ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿੱਖਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਅਤੇ ਗੁਰਬਾਣੀ ਦੀ ਮਹੱਤਤਾ ਦਾ ਚਾਨਣ ਹੋ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਅੱਗੇ ਵੰਡਣ ਦੀ ਠਾਣ ਲਈ ਸੀ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …