Breaking News
Home / ਪੰਜਾਬ / ਹਰਿਮੰਦਰ ਸਾਹਿਬ ‘ਚ ਸੰਗਤ ਦੀ ਆਮਦ ਢਾਈ ਲੱਖ ਤੱਕ ਜਾ ਪੁੱਜੀ

ਹਰਿਮੰਦਰ ਸਾਹਿਬ ‘ਚ ਸੰਗਤ ਦੀ ਆਮਦ ਢਾਈ ਲੱਖ ਤੱਕ ਜਾ ਪੁੱਜੀ

ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਬੰਧਕ ਕਰਦੇ ਹਨ 24 ਘੰਟੇ ਡਿਊਟੀ, ਗੁਰੂ ਨਗਰੀ ‘ਚ ਸੰਗਤ ਪਹੁੰਚਦੀ ਹੈ ਸ਼ਰਧਾ ਦੇ ਨਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਦੀ ਆਮਦ ਕੁੰਭ ਦੇ ਮੇਲੇ ਵਾਂਗ ਹਰ ਰੋਜ਼ ਜਾਪਣ ਲੱਗੀ ਹੈ। ਗੁਰੂ ਨਗਰੀ ਦੇ ਰੇਲਵੇ ਸਟੇਸ਼ਨ, ਹਵਾਈ ਅੱਡੇ ਅਤੇ ਬੱਸ ਅੱਡੇ ਦੀ ਭੀੜ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਵਿਚ ਆਉਣ ਵਾਲੀ ਸੰਗਤ ਦੀ ਆਮਦ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਗੁਰੂ ਨਗਰੀ ਨੂੰ ਸਿਕਸ ਲਾਈਨ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਸੜਕ ਮਾਰਗੀ ਰਾਹੀਂ ਆਉਣ ਵਾਲੇ ਯਾਤਰੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਗੁਰੂ ਨਗਰੀ ਨੂੰ ਜਿੱਥੇ ਸਰਕਾਰ ਇਸ ਨਜ਼ਰੀਏ ਨਾਲ ਦੇਖ ਰਹੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤ ਦੀ ਆਮਦ ਆਮ ਦਿਨਾਂ ਵਿਚ ਇਕ ਲੱਖ ਤੋਂ ਉਪਰ ਹੈ ਅਤੇ ਛੁੱਟੀਆਂ ਵਾਲੇ ਦਿਨਾਂ ਵਿਚ ਇਹ ਆਮਦ ਵਧ ਕੇ ਦੋ ਤੋਂ ਢਾਈ ਲੱਖ ਪਹੁੰਚ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤ ਦੀ ਆਮਦ ਨੂੰ ਦੇਖਦਿਆਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸੁਚਾਰੂ ਪ੍ਰਬੰਧ ਲਈ ਸੇਵਾਦਾਰਾਂ ਦੇ ਨਾਲ ਉਚ ਅਧਿਕਾਰੀ ਦੀ ਤੈਨਾਤੀ ਵੀ ਕੀਤੀ ਹੋਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਮ ਦਿਨਾਂ ਵਿਚ ਇਕ ਲੱਖ ਦੇ ਕਰੀਬ ਸੰਗਤ ਦਰਸ਼ਨ ਕਰਨ ਲਈ ਪਹੁੰਚਦੀ ਹੈ। ਛੁੱਟੀਆਂ ਵਾਲੇ ਦਿਨ ਜੋ ਹੁਣ ਸਾਲ ਦੇ ਅੱਧ ਦਿਨਾਂ ਤੱਕ ਦੀ ਗਿਣਤੀ ਹੋ ਚੁੱਕੀ ਹੈ, ਇਨ੍ਹਾਂ ਦਿਨਾਂ ਵਿਚ ਸੰਗਤ ਦੀ ਆਮਦ ਦੋ ਤੋਂ ਢਾਈ ਲੱਖ ਹੋ ਜਾਂਦੀ ਹੈ। ਹਫਤੇ ਦੇ ਅਖੀਰਲੇ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੰਗਤ ਦੋ ਤੋਂ ਢਾਈ ਲੱਖ ਦੇ ਕਰੀਬ ਦਰਸ਼ਨਾਂ ਲਈ ਪਹੁੰਚਦੀ ਹੈ। ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਇਕ ਨਜ਼ਰ ਨਾਲ ਦੋੇਖਦਿਆਂ ਗੁਰੂ ਘਰ ਦੇ ਪ੍ਰਾਹੁਣਿਆਂ ਵਾਂਗ ਹੀ ਵਤੀਰਾ ਕੀਤਾ ਜਾਂਦਾ ਹੈ।
ਸੰਗਤ ਦੇ ਠਹਿਰਨ ਲਈ ਉਚੇਚੇ ਪ੍ਰਬੰਧ
ਯਾਤਰੂਆਂ ਦੇ ਠਹਿਰਨ ਲਈ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਗੁਰੂ ਹਰਗੋਬਿੰਦ ਨਿਵਾਸ, ਗੁਰੂ ਅਰਜਨ ਦੇਵ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਗੁਰੂ ਗੋਬਿੰਦ ਸਿੰਘ ਜੀ ਐਨਆਰਆਈ ਯਾਤਰੂ ਨਿਵਾਸ, ਬਾਬਾ ਦੀਪ ਸਿੰਘ ਜੀ ਨਿਵਾਸ, ਮਾਤਾ ਭਾਗ ਕੌਰ ਜੀ ਯਾਤਰੀ ਨਿਵਾਸ, ਸਾਰਾਗੜ੍ਹੀ ਨਿਵਾਸ ਵਿਚ ਰਿਹਾਇਸ਼ੀ ਕਮਰੇ ਮੁਹੱਈਆ ਕਰਵਾਏ ਜਾਂਦੇ ਹਨ।
ਹਰ ਮੌਸਮ ‘ਚ ਸੰਗਤ ਦੀ ਸਹੂਲਤ ਨੂੰ ਪਹਿਲ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ 24 ਘੰਟੇ ਸੰਗਤ ਮੌਜੂਦ ਰਹਿੰਦੀ ਹੈ। ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਤੇ ਸੰਗਤ ਨੂੰ ਦਰਸ਼ਨ ਕਰਵਾਉਣ ਅਤੇ ਦੇਖਭਾਲ ਲਈ ਸੇਵਾਦਾਰ, ਇੰਚਾਰਜ ਸੁਪਰਵਾਈਜ਼ਰ ਤੋਂ ਇਲਾਵਾ ਮੈਨੇਜਰ ਵੀ ਤੈਨਾਤ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੀ ਗੱਲ ਕਰੀਏ ਤਾਂ ਪ੍ਰਕਰਮਾ ਪ੍ਰਬੰਧ ਵਿਚ ਇਕ ਸਮੇਂ 60 ਦੇ ਕਰੀਬ ਉਪਰੋਕਤ ਅਹੁਦੇਦਾਰ ਤੈਨਾਤ ਹੁੰਦੇ ਹਨ। ਤਿੰਨ ਸਿਫ਼ਟਾਂ ਵਿਚ ਪ੍ਰਬੰਧ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਸਥਾਨ ਵਾਲੇ ਸਥਾਨ ‘ਤੇ ਸਿੰਘ ਸਾਹਿਬਾਨ ਦੇ ਨਾਲ ਅਰਦਾਸੀਏ ਸਿੰਘ, ਚਵਰ ਬਰਦਾਰ ਅਤੇ ਸੇਵਾਦਾਰ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ 24 ਘੰਟੇ ਗੁਰਬਾਣੀ ਦਾ ਪ੍ਰਵਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦਾ ਹੈ। ਸੰਗਤ ਨੂੰ ਨਿਰਵਿਘਨਤਾ ਸਹਿਤ ਦਰਸ਼ਨ ਦੀਦਾਰੇ ਕਰਵਾਏ ਜਾਂਦੇ ਹਨ। ਹਰ ਮੌਸਮ ਵਿਚ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਿਆ ਜਾਂਦਾ ਹੈ।
ਹਰ ਕੋਨੇ ‘ਤੇ ਬਾਜ਼ ਨਜ਼ਰ
ਸੰਗਤ ਦੀ ਆਮਦ ਨੂੰ ਨਿਗਰਾਨੀ ਨੂੰ ਵਾਚਣ ਲਈ ਜਿੱਥੇ ਸੇਵਾਦਾਰਾਂ ਦੀ ਤੈਨਾਤੀ ਕੀਤੀ ਗਈ ਹੈ, ਉਥੇ ਹੀ ਅੱਜ ਦੇ ਯੁੱਗ ਨੂੰ ਅਪਣਾਉਂਦਿਆਂ ਸੀਸੀਟੀਵੀ ਕੈਮਰੇ ਵੀ ਹਰੇਕ ਕੋਨੇ ‘ਤੇ ਬਾਜ਼ ਅੱਖ ਰੱਖ ਰਹੇ ਹਨ।
ਚਾਰੇ ਕੋਨਿਆਂ ‘ਚ ਚੱਲਦੀਆਂ ਹਨ ਛਬੀਲਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 24 ਘੰਟੇ ਜਿੱਥੇ ਸੰਗਤ ਦਰਸ਼ਨ ਲਈ ਆਉਂਦੀ ਹੈ, ਉਥੇ ਹੀ ਸਾਫ-ਸਫਾਈ ਦੀ ਸੇਵਾ ਪ੍ਰਬੰਧਕਾਂ ਵਲੋਂ ਸੰਗਤ ਦੀ ਸਹਾਇਤਾ ਨਾਲ ਰੋਜ਼ਾਨਾ ਸਮੇਂ-ਸਮੇਂ ਸਿਰ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਸੰਗਤ ਲਈ ਪ੍ਰਕਰਮਾ ਵਿਚ ਪੀਣ ਵਾਲੇ ਪਾਣੀ ਦੀਆਂ ਛਬੀਲਾਂ ਵੀ 24 ਘੰਟੇ ਚਾਰੇ ਕੋਨਿਆਂ ਵਿਚ ਚੱਲਦੀਆਂ ਹਨ।
ਦੁਨੀਆ ਦੀ ਸਭ ਤੋਂ ਵੱਡੀ ਰਸੋਈ
ਸੰਗਤ ਦੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵਲੋਂ ਪਰੰਪਰਾ ਅਨੁਸਾਰ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ 24 ਘੰਟੇ ਲੰਗਰ ਚਲਾਇਆ ਜਾ ਰਿਹਾ ਹੈ। ਲੰਗਰ ਘਰ ਵਿਚ ਰੋਜ਼ਾਨਾ ਆਮ ਦਿਨਾਂ ਵਿਚ ਇਕ ਲੱਖ ਦੇ ਕਰੀਬ ਸੰਗਤ ਪ੍ਰਸ਼ਾਦਾ ਛਕਦੀ ਹੈ। ਉਥੇ ਹੀ ਛੁੱਟੀਆਂ ਵਾਲੇ ਦਿਨਾਂ ਵਿਚ ਸੰਗਤ ਦੀ ਆਮਦ ਜਿੱਥੇ ਦੋ ਤੋਂ ਢਾਈ ਲੱਖ ਹੁੰਦੀ ਹੈ, ਉਥੇ ਹੀ ਪ੍ਰਸ਼ਾਦਾ ਛਕਣ ਵਾਲਿਆਂ ਦੀ ਗਿਣਤੀ ਵੀ ਏਨੀ ਹੀ ਹੋ ਜਾਂਦੀ ਹੈ। ਲੰਗਰ ਘਰ ਵਿਚ ਇਕੋ ਰਸੋਈ ਵਿਚ ਲੱਖਾਂ ਦੀ ਆਮਦ ਵਿਚ ਆਈ ਸੰਗਤ ਲਈ ਲੰਗਰ ਤਿਆਰ ਕਰਨ ਦਾ ਸੁਚੱਜਾ ਪ੍ਰਬੰਧ ਮਰਿਆਦਾ ਅਨੁਸਾਰ ਚਲਾਇਆ ਜਾ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਰਸੋਈ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਮੰਨੀ ਜਾਂਦੀ ਹੈ।
ਇਸ ਰਸੋਈ ਵਿਚ 60 ਕੁਇੰਟਲ ਤੋਂ ਲੈ ਕੇ 125 ਕੁਇੰਟਲ ਤੱਕ ਆਟੇ ਦੇ ਪ੍ਰਸ਼ਾਦੇ ਬਣਾਏ ਜਾਂਦੇ ਹਨ। ਇਸੇ ਤਰ੍ਹਾਂ ਦਾਲ ਦੀ ਲਾਗਤ ਵੀ 18 ਕੁਇੰਟਲ ਤੋਂ ਲੈ ਕੇ 30 ਕੁਇੰਟਲ ਤੱਕ ਦੀ ਹੁੰਦੀ ਹੈ। ਸਬਜ਼ੀਆਂ 40 ਤੋਂ 50 ਕੁਇੰਟਲ, ਚੌਲ 15 ਤੋਂ 30 ਕੁਇੰਟਲ, ਖੀਰ ਲਈ 10 ਤੋਂ 20 ਕੁਇੰਟਲ ਦੁੱਧ ਆਦਿ ਰਸਦਾਂ ਰੋਜ਼ਾਨਾ ਵਰਤ ਕੇ ਸੰਗਤ ਲਈ ਲੰਬਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ। 24 ਘੰਟੇ ਚਾਹ ਦਾ ਲੰਗਰ ਵੀ ਵਰਤਾਇਆ ਜਾਂਦਾ ਹੈ।

 

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …