ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਟੇਕਿਆ ਮੱਥਾ
ਸੁਲਤਾਨਪੁਰ ਲੋਧੀ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮੰਗਲਵਾਰ ਨੂੰ ਪੂਰੇ ਵਿਸ਼ਵ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਸੁਲਤਾਨਪੁਰ ਲੋਧੀ ਵਿਚ ਵੀ ਬਹੁਤ ਹੀ ਉਤਸ਼ਾਹ ਨਾਲ ਮਨਾਏ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਧਿਆਨ ਰਹੇ ਪਿਛਲੇ ਕਈ ਦਿਨਾਂ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀਆਂ ਸਨ। ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਪੰਡਾਲਾਂ ਵਿਚ ਲੋਕਾਂ ਨੂੰ ਲਿਆਉਣ ਲਈ ਰਾਜਨੀਤਕ ਰੈਲੀਆਂ ਵਾਂਗ ਪ੍ਰਬੰਧ ਕੀਤੇ ਗਏ ਸਨ। ਸੂਬਾ ਸਰਕਾਰ ਨੇ ਪੰਡਾਲ ਵਿਚ ਜਿਥੇ ਸਰਕਾਰੀ ਮੁਲਾਜ਼ਮਾਂ ਤੇ ਮਨਰੇਗਾ ਵਰਕਰਾਂ ਨੂੰ ਹਾਜ਼ਰ ਹੋਣ ਦੀਆਂ ਹਦਾਇਤਾਂ ਕੀਤੀਆਂ ਸਨ, ਉਥੇ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਮੁਲਾਜ਼ਮਾਂ, ਸਕੂਲਾਂ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਸਮਾਗਮ ਵਿਚ ਹੋਣ ਰਹਿਣ ਲਈ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਸਨ।
ਦਿਲਚਸਪ ਗੱਲ ਇਹ ਸੀ ਕਿ ਇਨ੍ਹਾਂ ਪੰਡਾਲਾਂ ਦੇ ਨੇੜਿਓਂ ਦੀਆਂ ਲੰਘਦੀਆਂ ਸੜਕਾਂ ‘ਤੇ ਤਾਂ ਭੀੜ ਏਨੀ ਜ਼ਿਆਦਾ ਸੀ ਕਿ ਉਥੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ ਪਰ ਲੋਕ ਪੰਡਾਲਾਂ ਅੰਦਰ ਜਾ ਕੇ ਰਾਜਸੀ ਆਗੂਆਂ ਦੇ ਭਾਸ਼ਣ ਸੁਣਨ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਲੈ ਰਹੇ। ਸੰਗਤ ਦੇ ਇਸ ਬਦਲੇ ਹੋਏ ਮੂਡ ਦੇ ਮੱਦੇਨਜ਼ਰ ਹੀ ਦੋਹਾਂ ਧਿਰਾਂ ਨੇ ਬੱਝਵੀਂ ਸੰਗਤ ਦਾ ਇੰਤਜ਼ਾਮ ਕੀਤਾ ਹੋਇਆ ਸੀ। ਪੰਜਾਬ ਸਰਕਾਰ ਦੇ ਪੰਡਾਲ ਵਿਚ ਬੈਠਣ ਦੀ ਸਮਰੱਥਾ 45 ਹਜ਼ਾਰ ਦੇ ਕਰੀਬ ਸੀ ਪਰ ਇਸ ਪੰਡਾਲ ਦੇ ਦੋ ਹਿੱਸੇ ਬੰਦ ਕੀਤੇ ਹੋਏ ਸਨ ਤਾਂ ਜੋ ਛੋਟਾ ਪੰਡਾਲ ਭਰਿਆ-ਭਰਿਆ ਲੱਗੇ। ਸਟੇਜ ਉੱਤੇ ਜਿਥੇ ਪੰਜਾਬ ਦੇ ਸਾਰੇ ਆਗੂ ਹੁੰਮ ਹੁਮਾ ਕੇ ਪੁੱਜੇ ਹੋਏ ਸਨ, ਉਥੇ ਵੱਡੀ ਗਿਣਤੀ ਵਿਚ ਧਾਰਮਿਕ ਆਗੂ ਵੀ ਪੰਜਾਬ ਸਰਕਾਰ ਦੀ ਸਟੇਜ ‘ਤੇ ਪਹੁੰਚੇ ਹੋਏ ਸਨ। ਇਨ੍ਹਾਂ ਮੰਚਾਂ ਤੋਂ ਗਿਣੇ-ਚੁਣਵੇਂ ਬੁਲਾਰਿਆਂ ਨੇ ਹੀ ਸੰਬੋਧਨ ਕੀਤਾ। ਪੰਜਾਬ ਸਰਕਾਰ ਦੀ ਸਟੇਜ ‘ਤੇ ਜਦੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪਹੁੰਚ ਗਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਸੰਗਤ ਨੂੰ ਵਧਾਈ ਦਿੱਤੀ ਉਥੇ ਆਪਣੀ ਗੱਲ ਮੁਕਾਉਣ ਤੋਂ ਬਾਅਦ ਸਿੱਧਾ ਹੀ ਰਾਸ਼ਟਰਪਤੀ ਨੂੰ ਸੰਬੋਧਨ ਕਰਨ ਲਈ ਸੱਦਾ ਦੇ ਦਿੱਤਾ ਸੀ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਵਿਚਾਰ ਰੱਖੇ ਤੇ ਉਨ੍ਹਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ‘ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਰਤਾਰਪੁਰ ਲਾਂਘੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ।ਸ਼੍ਰੋਮਣੀ ਕਮੇਟੀ ਦੇ ਮੰਚ ਤੋਂ ਜਿਵੇਂ ਹੀ ਰਾਸ਼ਟਰਪਤੀ ਦਾ ਭਾਸ਼ਨ ਸਮਾਪਤ ਹੋਇਆ ਤਾਂ ਲੋਕ ਉਠਣੇ ਸ਼ੁਰੂ ਹੋ ਗਏ ਤੇ ਜਦੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾ ਰਿਹਾ ਸੀ ਤਾਂ ਅੱਧਿਓਂ ਵੱਧ ਪੰਡਾਲ ਖਾਲੀ ਹੋ ਚੁੱਕਾ ਸੀ। ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਪੰਡਾਲ ਵਿਚੋਂ ਵੀ ਲੋਕ ਉਦੋਂ ਖਿਸਕਣੇ ਸ਼ੁਰੂ ਹੋ ਗਏ ਸਨ ਜਦੋਂ ਮੰਚ ਤੋਂ ਰਾਸ਼ਟਰਪਤੀ ਨੂੰ ਸਨਮਾਨਤ ਕੀਤਾ ਜਾ ਰਿਹਾ ਸੀ। ਦੋਹਾਂ ਹੀ ਮੰਚਾਂ ਤੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਧਰਮਪਤਨੀ ਸੁਮਿੱਤਰਾ ਕੋਵਿੰਦ ਅਤੇ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਨੂੰ ਵੀ ਸਨਮਾਨਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੀ ਸਟੇਜ ਚਲਾਉਣ ਦੀ ਜ਼ਿੰਮੇਵਾਰੀ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਨਿਭਾਈ।
ਨਰਿੰਦਰ ਮੋਦੀ ਨੇ ਵੀ ਗੁਰਦੁਆਰਾ ਬੇਰ ਸਾਹਿਬ ਵਿਖੇ ਟੇਕਿਆ ਮੱਥਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਿਆ। ਪ੍ਰਧਾਨ ਮੰਤਰੀ ਨੇ ਗੁਰੂ ਸਾਹਿਬ ਦੇ ਪਾਵਨ ਅਸਥਾਨ ਵਿਖੇ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਪਾਲ ਵੀਪੀ ਸਿੰਘ ਬਦਨੌਰ, ਹਰਸਿਮਰਤ ਕੌਰ ਬਾਦਲ ਵੀ ਸਨ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਸਵੇਰੇ ਸਵਾ 9 ਵਜੇ ਗੁਰਦੁਆਰਾ ਸ੍ਰੀ ਬੇਰ ਸਹਿਬ ਪਹੁੰਚੇ।
ਨਨਕਾਣਾ ਸਾਹਿਬ ‘ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਇਸਲਾਮਾਬਾਦ : ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਮੁੱਖ ਸਮਾਗਮ ਪਾਕਿਸਤਾਨੀ ਪੰਜਾਬ ਦੇ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਜਨਮ ਅਸਥਾਨ ਵਿਖੇ ਕੀਤਾ ਗਿਆ। ਗ੍ਰਹਿ ਮੰਤਰੀ ਐਜਾਜ਼ ਸ਼ਾਹ ਸਮੇਂ ਵੱਡੀ ਗਿਣਤੀ ‘ਚ ਸਿੱਖ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ। ਇਸ ਮੌਕੇ ਸੰਬੋਧਨ ਕਰਦਿਆਂ ਐਜਾਜ਼ ਸ਼ਾਹ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਖੋਲ੍ਹਿਆ ਗਿਆ 4.5 ਕਿਲੋਮੀਟਰ ਲੰਮਾ ਕਰਤਾਰਪੁਰ ਲਾਂਘਾ ਦੋਵਾਂ ਮੁਲਕਾਂ ‘ਚ ਸਥਿਤ ਡੇਰਾ ਬਾਬਾ ਨਾਨਕ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਆਪਸ ਵਿੱਚ ਜੋੜੇਗਾ। ਉਨ੍ਹਾਂ ਕਿਹਾ ਕਿ ਇਹ ਲਾਂਘਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਖੇਤਰ ਵਿੱਚ ਅਮਨ ਤੇ ਦੋਸਤੀ ਦੇ ਰਾਹ ਲਈ ਤੋਹਫ਼ਾ ਹੈ। ਗੁਰਦੁਆਰਾ ਦਰਬਾਰ ਸਾਹਿਬ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਵਰ੍ਹੇ ਬਿਤਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖ ਭਾਈਚਾਰੇ ਸਮੇਤ ਹੋਰਨਾਂ ਘੱਟ ਗਿਣਤੀਆਂ ਨਾਲ ਸਬੰਧਤ ਧਾਰਮਿਕ ਥਾਵਾਂ ਵੱਲ ਧਿਆਨ ਦੇਵੇਗੀ। ਇਸੇ ਦੌਰਾਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਧਾਰਮਿਕ ਸਹਿਣਸ਼ੀਲਤਾ ਤੇ ਅੰਤਰ-ਧਰਮ ਏਕੇ ਦੀ ਸਭ ਤੋਂ ਵੱਡੀ ਮਿਸਾਲ ਹਨ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਪੁਰਬ ਮੌਕੇ ਹੋਈ ਦੀਪਮਾਲਾ ਤੇ ਆਤਿਸ਼ਬਾਜ਼ੀ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ ਗੁਰੂ ਘਰ ਨਤਮਸਤਕ ਹੋ ਕੇ ਗੁਰਪੁਰਬ ਮਨਾਇਆ। ਦਰਬਾਰ ਸਾਹਿਬ ਸਮੂਹ ਵਿਚਲੀਆਂ ਸਾਰੀਆਂ ਇਮਾਰਤਾਂ ‘ਤੇ ਦੀਪਮਾਲਾ ਕੀਤੀ ਗਈ ਸੀ ਅਤੇ ਰਾਤ ਨੂੰ ਆਤਿਸ਼ਬਾਜ਼ੀ ਵੀ ਚਲਾਈ ਗਈ।