16 C
Toronto
Saturday, September 13, 2025
spot_img
Homeਪੰਜਾਬਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਨਾ ਪੁੱਜਾ ਕੋਈ ਸਰਕਾਰੀ ਵਜ਼ੀਰ

ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਨਾ ਪੁੱਜਾ ਕੋਈ ਸਰਕਾਰੀ ਵਜ਼ੀਰ

ਜਨਮ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਵਾਇਆ; ਸ਼ਹੀਦ ਦੇ ਘਰ ਦੇ ਬਾਹਰ ਦੋ ਬੈਨਰ ਲਗਾ ਕੇ ਬੁੱਤਾ ਸਾਰਿਆ
ਲੁਧਿਆਣਾ/ਬਿਊਰੋ ਨਿਊਜ਼ : ਸਨਅਤੀ ਸ਼ਹਿਰ ਲੁਧਿਆਣਾ ਦੇ ਨੌਘਰਾਂ ਮੁਹੱਲੇ ‘ਚ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਵਿੱਚ ਸੋਮਵਾਰ ਨੂੰ ਸ਼ਹੀਦ ਥਾਪਰ ਦੇ ਜਨਮ ਦਿਹਾੜੇ ਸਬੰਧੀ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਸੂਬਾ ਸਰਕਾਰ ਦਾ ਕੋਈ ਵੀ ਮੰਤਰੀ ਸ਼ਾਮਲ ਨਹੀਂ ਹੋਇਆ। ਸ਼ਹੀਦ ਥਾਪਰ ਨੂੰ ਉਨ੍ਹਾਂ ਦੇ 116ਵੇਂ ਜਨਮ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ਼ਹਿਰ ਦੇ ਚਾਰ ਵਿਧਾਇਕ, ਡੀਸੀ ਤੇ ਪੁਲਿਸ ਕਮਿਸ਼ਨਰ ਹੀ ਪੁੱਜੇ। ਸ਼ਹੀਦ ਦੇ ਜੱਦੀ ਘਰ ਦੇ ਬਾਹਰ ਦੋ ਸੂਬਾ ਪੱਧਰੀ ਸਮਾਗਮ ਹੋਣ ਦੇ ਬੈਨਰ ਲਗਾ ਕੇ ਖਾਨਾਪੂਰਤੀ ਕਰ ਦਿੱਤੀ ਗਈ।
ਦਰਅਸਲ, ਹਮੇਸ਼ਾ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਮਈ ਵਾਲੇ ਦਿਨ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ।
ਕਈ ਵਾਰ ਸਮਾਗਮ ਵਿੱਚ ਮੌਜੂਦਾ ਸਰਕਾਰ ਦਾ ਕੋਈ ਨਾ ਕੋਈ ਕੈਬਨਿਟ ਮੰਤਰੀ ਜ਼ਰੂਰ ਸ਼ਿਰਕਤ ਕਰਦਾ ਹੈ। ਪਰ ਇਸ ਵਾਰ ਸ਼ਹੀਦ ਥਾਪਰ ਦੇ ਜੱਦੀ ਘਰ ਦੇ ਬਾਹਰ ਰੱਖੇ ਗਏ ਸਮਾਗਮ ਵਿੱਚ ਕਿਸੇ ਵੀ ਮੰਤਰੀ ਦੀ ਆਮਦ ਨਾ ਹੋਣ ‘ਤੇ ਇਹ ਚਰਚਾ ਰਹੀ ਕਿ ਆਖ਼ਰ ਸ਼ਹੀਦ ਦੇ ਸੂਬਾ ਪੱਧਰੀ ਸਮਾਗਮ ਵਿੱਚ ਵੀ ਹਿੱਸਾ ਲੈਣ ਲਈ ਸਰਕਾਰ ਦੇ ਕਿਸੇ ਵੀ ਵਜ਼ੀਰ ਕੋਲ ਸਮਾਂ ਨਹੀਂ ਹੈ। ਪ੍ਰਸ਼ਾਸਨ ਨੇ ਵੀ ਇੱਕ ਦਿਨ ਪਹਿਲਾਂ ਹੀ ਇਸੇ ਥਾਂ ‘ਤੇ ਸੂਬਾ ਪੱਧਰੀ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਹਮੇਸ਼ਾ ਹੀ ਪ੍ਰਸ਼ਾਸਨ ਵੱਲੋਂ ਹੋਰ ਥਾਂ ‘ਤੇ ਸਮਗਾਮ ਕਰਵਾਇਆ ਜਾਂਦਾ ਹੈ। ਇਸ ਵਾਰ ਪਹਿਲੀ ਵਾਰ ਸੀ ਕਿ ਪ੍ਰਸ਼ਾਸਨ ਵੱਲੋਂ ਸੂਬਾ ਪੱਧਰੀ ਸਮਾਗਮ ਸ਼ਹੀਦ ਥਾਪਰ ਦੇ ਘਰ ਦੇ ਬਾਹਰ ਕਰਵਾਇਆ ਗਿਆ ਸੀ।
ਸ਼ਹੀਦ ਸੁਖਦੇਵ ਥਾਪਰ ਟਰੱਸਟ ਦੇ ਪ੍ਰਧਾਨ ਤੇ ਵੰਸ਼ਜ ਅਸ਼ੋਕ ਥਾਪਰ ਤੇ ਤ੍ਰਿਭੂਵਨ ਥਾਪਰ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਪੱਧਰ ‘ਤੇ ਇੱਥੇ ਸਮਾਗਮ ਕਰਦੇ ਹਨ। ਇਸ ਵਾਰ ਪ੍ਰਸ਼ਾਸਨ ਵੱਲੋਂ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਹੈ। ਇਸ ਵਿੱਚ ਵਿਧਾਇਕ ਜ਼ਰੂਰ ਪੁੱਜੇ ਪਰ ਸਰਕਾਰ ਦਾ ਕੋਈ ਵੀ ਵਜ਼ੀਰ ਨਹੀਂ ਆਇਆ। ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਪੁੱਜੇ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

RELATED ARTICLES
POPULAR POSTS