Breaking News
Home / ਪੰਜਾਬ / ਮਨਪ੍ਰੀਤ ਬਾਦਲ ਦੀ ਦਲ ਬਦਲੀ ਮਗਰੋਂ ਬਠਿੰਡਾ ‘ਚ ਸਿਆਸਤ ਭਖੀ

ਮਨਪ੍ਰੀਤ ਬਾਦਲ ਦੀ ਦਲ ਬਦਲੀ ਮਗਰੋਂ ਬਠਿੰਡਾ ‘ਚ ਸਿਆਸਤ ਭਖੀ

ਮਨਪ੍ਰੀਤ ਤੇ ਰਾਜਾ ਵੜਿੰਗ ਕੌਂਸਲਰਾਂ ਨੂੰ ਆਪਣੇ ਨਾਲ ਜੋੜਨ ਲਈ ਕਰ ਰਹੇ ਨੇ ਮੀਟਿੰਗਾਂ
ਬਠਿੰਡਾ : ਮਨਪ੍ਰੀਤ ਸਿੰਘ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਖਤਰੇ ਵਿੱਚ ਪੈ ਗਈ ਹੈ। ਮਨਪ੍ਰੀਤ ਬਾਦਲ ਦੀ ਦਲਬਦਲੀ ਤੋਂ ਬਾਅਦ ਨਿਗਮ ਦੇ ਮੇਅਰ ਸਮੇਤ 18 ਕੌਂਸਲਰਾਂ ਨੇ ਪਿੰਡ ਬਾਦਲ ਜਾ ਕੇ ਮਨਪ੍ਰੀਤ ਨੂੰ ਗੁਲਦਸਤੇ ਭੇਟ ਕੀਤੇ ਸਨ। ਇਸ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਦੇ ਭਗਵੇਂ ਰੰਗ ਵਿੱਚ ਰੰਗੇ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਬਠਿੰਡਾ ਦੀ ਸਿਆਸਤ ਗਰਮਾ ਗਈ ਹੈ। ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਂਸਲਰਾਂ ਨੂੰ ਆਪਣੇ ਪਾਲੇ ਵਿੱਚ ਰੱਖਣ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ ਤੇ ਇਨ੍ਹਾਂ ਕੌਂਸਲਰਾਂ ਦੇ ਸਿਰ ‘ਤੇ ਮਨਪ੍ਰੀਤ ਬਾਦਲ ਨਗਰ ਨਿਗਮ ਬਠਿੰਡਾ ਵਿੱਚ ਕਮਲ ਦਾ ਫੁੱਲ ਖਿੜਾਉਣ ਦੀ ਕੋਸ਼ਿਸ਼ ਵਿੱਚ ਹਨ।
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਦੀ ਨਗਰ ਨਿਗਮ ਬਠਿੰਡਾ ਵਿੱਚ ਪਕੜ ਮਜਬੂਤ ਕਰਨ ਲਈ ਖੁਦ ਮੋਰਚਾ ਸਾਂਭ ਲਿਆ ਹੈ। ਰਾਜਾ ਵੜਿੰਗ ਨੇ 25 ਕੌਂਸਲਰਾਂ ਨਾਲ ਮੀਟਿੰਗ ਕਰਕੇ ਕਾਂਗਰਸ ਵਿੱਚ ਡਟੇ ਰਹਿਣ ਦੀ ਅਪੀਲ ਕੀਤੀ ਹੈ। ਇਸ ਮੀਟਿੰਗ ਵਿੱਚ 3 ਉਹ ਕੌਂਸਲਰ ਵੀ ਹਾਜਰੀ ਭਰ ਗਏ ਜੋ ਦਿੱਲੀ ਤੋਂ ਪਰਤਣ ਮੌਕੇ ਮਨਪ੍ਰੀਤ ਨੂੰ ਵਧਾਈ ਦੇਣ ਲਈ ਪਿੰਡ ਬਾਦਲ ਗਏ ਸਨ।
ਦੂਜੇ ਪਾਸੇ ਮਨਪ੍ਰੀਤ ਬਾਦਲ ਕੌਂਸਲਰਾਂ ਨੂੰ ਆਪਣੇ ਪਾਲੇ ਵਿੱਚ ਰੱਖਣ ਦੀ ਕੋਸ਼ਿਸ਼ ਵਿੱਚ ਹਨ। ਸੂਤਰਾਂ ਅਨੁਸਾਰ ਕੌਂਸਲਰ ਮਨਪ੍ਰੀਤ ਸਿੰਘ ਬਾਦਲ ਨਾਲ ਹੋਣ ਦੀ ਹਾਮੀ ਤਾਂ ਭਰ ਰਹੇ ਹਨ ਪਰ ਉਹ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ ਰਾਜਾ ਵੜਿੰਗ ਦੀ ਬਠਿੰਡਾ ਫੇਰੀ ਤੋਂ ਬਾਅਦ ਮਨਪ੍ਰੀਤ ਬਾਦਲ ਸ਼ਹਿਰ ਵਿੱਚ ਮੌਜੂਦ ਰਹੇ ਅਤੇ ਕੌਂਸਲਰਾਂ ਦੇ ਘਰ ਹਾਜ਼ਰੀ ਲਗਾਉਂਦੇ ਨਜਰ ਆਏ। ਕਾਬਿਲੇਗੌਰ ਹੈ ਕਿ ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ 50 ਵਾਰਡਾਂ ਵਿੱਚ ਕਾਂਗਰਸ ਦੇ 43 ਉਮੀਦਵਾਰ ਜਿੱਤੇ ਸਨ। ਇਸ ਜਿੱਤ ਦਾ ਸਿਹਰਾ ਮਨਪ੍ਰੀਤ ਬਾਦਲ ਨੇ ਆਪਣੇ ਸਿਰ ਲਿਆ ਸੀ। ਮਨਪ੍ਰੀਤ ਬਾਦਲ ਨੇ ਉਸ ਸਮੇਂ ਟਕਸਾਲੀ ਕਾਂਗਰਸੀ ਨੂੰ ਅਹੁਦੇ ‘ਤੇ ਬਿਠਾਉਣ ਦੀ ਵਜਾਏ ਗੈਰ-ਸਿਆਸੀ ਚਿਹਰੇ ਨੂੰ ਮੇਅਰ ਬਣਾ ਦਿੱਤਾ ਸੀ। ਮੇਅਰ ਦੀ ਕੁਰਸੀ ਲਈ ਦਾਅਵੇਦਾਰ ਜਗਰੂਪ ਸਿੰਘ ਗਿੱਲ ਨੂੰ ਉਸ ਸਮੇਂ ਨਮੋਸੀ ਝੱਲਣੀ ਪਈ ਸੀ ਤੇ ਉਹ ਆਪਣੇ ਭਾਣਜੇ ਸਮੇਤ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ। ਤਿੰਨ ਕੌਂਸਲਰਾਂ ਦੇ ਹੋਰਨਾਂ ਪਾਰਟੀਆਂ ਵਿੱਚ ਜਾਣ ਕਾਰਨ ਹੁਣ ਬਠਿੰਡਾ ਨਗਰ ਨਿਗਮ ਵਿੱਚ ਕਾਂਗਰਸ ਦੇ 40 ਕੌਂਸਲਰ ਹਨ, ਜਿਨ੍ਹਾਂ ਦੀ ਹਮਾਇਤ ਲਈ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਵਿਚਕਾਰ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …