ਅਜੇ ਬੰਗਾ ਵਰਲਡ ਬੈਂਕ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ : ਜੋਅ ਬਾਈਡਨ
ਚੰਡੀਗੜ੍ਹ/ਬਿਊਰੋ ਨਿਊਜ਼
ਮਾਸਟਰ ਕਾਰਡ ਦੇ ਸਾਬਕਾ ਸੀਈਓ ਅਜੇ ਬੰਗਾ ਵਰਲਡ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਲੰਘੇ ਕੱਲ੍ਹ ਵੀਰਵਾਰ ਨੂੰ ਉਨ੍ਹਾਂ ਨੂੰ ਨੌਮੀਨੇਟ ਕੀਤਾ ਹੈ। ਜਲੰਧਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਅਜੇ ਬੰਗਾ ਇਸਦੇ ਲਈ ਨੌਮੀਨੇਟ ਹੋਣ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਹਨ। ਵਰਲਡ ਬੈਂਕ ਦੇ ਮੌਜੂਦਾ ਪ੍ਰਧਾਨ ਡੇਵਿਡ ਮਾਲਪਾਸ ਦੇ ਅਪ੍ਰੈਲ 2024 ਤੋਂ ਪਹਿਲਾਂ ਹੀ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਅਜੇ ਬੰਗਾ ਨੂੰ ਨੌਮੀਨੇਟ ਕੀਤਾ ਗਿਆ ਹੈ। ਇਸ ਸਮੇਂ 63 ਸਾਲਾਂ ਦੇ ਭਾਰਤੀ-ਅਮਰੀਕੀ ਬੰਗਾ ਪ੍ਰਾਈਵੇਟ ਇਕੁਇਟੀ ਫੰਡ ਜਨਰਲ ਐਟਲਾਂਟਿਕ ਦੇ ਉਪ ਪ੍ਰਧਾਨ ਹਨ। ਧਿਆਨ ਰਹੇ ਕਿ ਅਜੇ ਬੰਗਾ ਉਸ ਭਾਰਤੀ-ਅਮਰੀਕੀ ਪੀੜ੍ਹੀ ਨਾਲ ਸਬੰਧਤ ਹਨ, ਜਿਨ੍ਹਾਂ ਨੇ ਪੜ੍ਹਾਈ ਭਾਰਤ ਵਿਚ ਕੀਤੀ ਅਤੇ ਅਮਰੀਕਾ ਵਿਚ ਆਪਣੀ ਕਾਬਲੀਅਤ ਦੀ ਧਾਂਕ ਜਮਾ ਦਿੱਤੀ। ਉਨ੍ਹਾਂ ਦੀ ਜ਼ਿੰਦਗੀ ਮਿਹਨਤ, ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਹੈ। ਉਨ੍ਹਾਂ ਨੇ ਜਲੰਧਰ ਅਤੇ ਸ਼ਿਮਲਾ ਵਿਚ ਸਕੂਲਿੰਗ ਕੀਤੀ। ਅਜੇ ਬੰਗਾ ਨੇ ਭਾਰਤ ਵਿਚ ਪੀਜ਼ਾ ਹਟ ਅਤੇ ਕੇ.ਐਫ.ਸੀ. ਦੇ ਲਾਂਚ ਵਿਚ ਵੱਡੀ ਭੂਮਿਕਾ ਨਿਭਾਈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਅਜੇ ਬੰਗਾ ਨੇ ਗਲੋਬਲ ਕੰਪਨੀਆਂ ਦੇ ਨਿਰਮਾਣ ਅਤੇ ਮੈਨੇਜਮੈਂਟ ਵਿਚ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਬਿਤਾਇਆ ਹੈ। ਇਹ ਉਹ ਕੰਪਨੀਆਂ ਹਨ, ਜਿਨ੍ਹਾਂ ਨੇ ਅਰਥ ਵਿਵਸਥਾ ਦੇ ਨਾਲ ਰੁਜ਼ਗਾਰ ਨੂੰ ਵੀ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸਮੇਂ ਅਜੇ ਬੰਗਾ ਵਰਲਡ ਬੈਂਕ ਦੀ ਕਮਾਨ ਸੰਭਾਲਣ ਲਈ ਸਭ ਤੋਂ ਯੋਗ ਵਿਅਕਤੀ ਹਨ।
Check Also
ਗਣਤੰਤਰ ਦਿਵਸ ਮੌਕੇ ਦੋ ਸਾਲ ਬਾਅਦ ਦਿਖੇਗੀ ਪੰਜਾਬ ਦੀ ਝਾਕੀ
ਪੰਜਾਬ ਸਰਕਾਰ ਨੇ ਝਾਕੀ ਤਿਆਰ ਕਰਨ ਲਈ ਤਿਆਰੀਆਂ ਵਿੱਢੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਦੀ ਰਾਜਧਾਨੀ ਦਿੱਲੀ …